ਸਲੂਨ ਦੇ ਸੁਹੱਪਣ ਨੂੰ ‘ਗੁਰਬਤ ਦੀ ਮਾਰ’

03/29/2019 10:15:56 AM

ਜਲੰਧਰ/ਜੰਮੂ-ਕਸ਼ਮੀਰ (ਜੁਗਿੰਦਰ ਸੰਧੂ)—ਸਲੂਨ ਵੀ ਜੰਮੂ-ਕਸ਼ਮੀਰ ਦੇ ਹੋਰਨਾਂ ਪਿੰਡਾਂ ਵਰਗਾ ਹੀ ਹੈ, ਜਿੱਥੋਂ ਦੇ ਲੋਕਾਂ ਦੀ ਰਹਿਣੀ-ਬਹਿਣੀ ਸਾਦੀ ਅਤੇ ਸਾਫ-ਸੁਥਰੀ ਹੈ। ਭਾਈਚਾਰਕ ਸਾਂਝ ਅਤੇ ਆਪਸੀ ਰਿਸ਼ਤੇ ਬੇਮਿਸਾਲ ਹਨ। ਕਿਸੇ ਦੇ ਪੈਰ ’ਚ ਕੰਡਾ ਵੀ ਚੁੱਭੇ ਤਾਂ ਸਾਰਾ ਪਿੰਡ ਉਸਦਾ ਹਾਲ-ਚਾਲ ਪੁੱਛਣ ਬਹੁੜਦਾ ਹੈ। ਲੋਕ ਪੈਸੇ ਪਿੱਛੇ ਉਸ ਤਰ੍ਹਾਂ ਨਹੀਂ ਦੌੜਦੇ, ਜਿਵੇਂ ਦੇਸ਼ ਜਾਂ ਸੂਬੇ ਦੇ ਵੱਡੇ ਸ਼ਹਿਰਾਂ ਤੇ ਹੋਰ ਖੇਤਰਾਂ ’ਚ ਮਾਰਧਾੜ ਲੱਗੀ ਜਾਪਦੀ ਹੈ। ਮਿਹਨਤ-ਮਜ਼ਦੂਰੀ ਲੋਕਾਂ ਦੇ ਅੰਗ-ਸੰਗ ਹੈ ਅਤੇ ਇਸ ’ਚੋਂ ਜੋ ਰੁੱਖੀ-ਮਿੱਸੀ ਜੁੜਦੀ ਹੈ, ਉਸੇ ਨੂੰ ‘ਚੂਰੀ’ ਸਮਝ ਕੇ ਖਾ ਲੈਂਦੇ ਹਨ।

ਜੰਮੂ ਖੇਤਰ ਦੇ ਜ਼ਿਲਾ ਰਿਆਸੀ ਦੇ ਬਲਾਕ ਪੋਨੀ ਨਾਲ ਸਬੰਧਤ ਹੈ ਪਿੰਡ ਸਲੂਨ, ਜਿਸ ਵਿਚ 60-70 ਘਰ ਅਤੇ ਢਾਈ-ਤਿੰਨ ਸੌ ਦੇ ਕਰੀਬ ਆਬਾਦੀ ਹੋਵੇਗੀ। ਸਾਰੇ ਘਰਾਂ-ਪਰਿਵਾਰਾਂ ਦੇ ਆਪਸ ਵਿਚ ਗੂੜੇ੍ਹ ਰਿਸ਼ਤੇ ਹਨ। ਇਹ ਕੁਦਰਤ ਦਾ ਵਰਦਾਨ ਹੀ ਕਿਹਾ ਜਾ ਸਕਦਾ ਹੈ ਕਿ ਜਿੱਥੇ ਅਜੋਕੇ ਸਮਾਜ ਵਿਚ ਪੈਸੇ ਦੀ ਖਾਤਰ ਲੋਕ ਰਿਸ਼ਤਿਆਂ ਦਾ ਘਾਣ ਕਰ ਰਹੇ ਹਨ, ਇਕ-ਦੂਜੇ ਦਾ ਖੂਨ ਵਹਾ ਰਹੇ ਹਨ, ਉਥੇ ਹੀ ਇਸ ਪਿੰਡ ਦੇ ਲੋਕ ਮਾਲਾ ’ਚ ਪਰੋਏ ਮਣਕਿਆਂ ਵਾਂਗ ‘ਅਪਣੱਤ’ ਦੇ ਸੂਤਰ ’ਚ ਬੱਝੇ ਹੋਏ ਹਨ।
ਇਸ ਪਿੰਡ ਦੀ ਇਕ ਹੋਰ ਵਿਲੱਖਣਤਾ ਅਤੇ ਵਿਸ਼ੇਸ਼ਤਾ ਹੈ ਅਤੇ ਉਹ ਹੈ ਕੁਦਰਤ ਵਲੋਂ ਬਖਸ਼ਿਆ ਸੁਹੱਪਣ। ਖੂਬਸੂਰਤ ਪਹਾੜੀ ਨਜ਼ਾਰੇ, ਹਰਿਆਵਲ ਭਰੇ ਰੁੱਖ-ਬੂਟੇ, ਮਹਿਕਾਂ ਵੰਡਦੀਆਂ ਪੌਣਾਂ, ਪਿਆਰ-ਮੁਹੱਬਤ ਦਾ ਸੁਨੇਹਾ ਦਿੰਦਾ ਝਨਾਂ ਦਰਿਆ ਤੇ ਵਾਤਾਵਰਣ ਵਿਚ ਸੰਗੀਤ ਘੋਲਦੇ ਪੰਛੀ। ਬੜਾ ਅਜਬ ਨਜ਼ਾਰਾ ਹੈ ਇਸ ਪਿੰਡ ਅਤੇ ਆਸਪਾਸ ਵੱਸਦੇ ਰਿਆਸੀ ਜ਼ਿਲੇ ਦੇ ਹੋਰ ਪਿੰਡਾਂ ਅਤੇ ਖੇਤਰਾਂ ਦਾ।

ਇਸ ਪਿੰਡ ਦੇ ਲੋਕਾਂ ਨੂੰ ਮਿਲਣ, ਉਨ੍ਹਾਂ ਦੇ ਸੁਭਾਅ ਨੂੰ ਜਾਣਨ ਅਤੇ ਚੌਗਿਰਦੇ ਵਿਚ ਫੈਲੀਆਂ ਸੁਗੰਧੀਆਂ ਨੂੰ ਮਹਿਸੂਸ ਕਰਨ ਦਾ ਮੌਕਾ ਉਦੋਂ ਮਿਲਿਆ, ਜਦੋਂ ਪੰਜਾਬ ਕੇਸਰੀ ਪੱਤਰ ਸਮੂਹ ਦੀ ਟੀਮ ਨਾਲ 503ਵੇਂ ਟਰੱਕ ਦੀ ਰਾਹਤ ਸਮੱਗਰੀ ਵੰਡਣ ਲਈ ਉਥੇ ਜਾਣ ਦਾ ਮੌਕਾ ਮਿਲਿਆ। ਸਾਦਗੀ ਅਤੇ ਸੁਹੱਪਣ ਦੀ ਮਿਸਾਲ ਦੇਣੀ ਹੋਵੇ ਤਾਂ ਸਲੂਨ ਦਾ ਕੋਈ ਜੁਆਬ ਨਹੀਂ। ਲੋਕਾਂ ਵਿਚ ਸਬਰ-ਸਿਦਕ, ਸੰਘਰਸ਼ ਦੀ ਸਮਰੱਥਾ, ਪ੍ਰਮਾਤਮਾ ਦੀ ਇਬਾਦਤ ਦਾ ਜਜ਼ਬਾ, ਸੱਚਾਈ-ਈਮਾਨਦਾਰੀ ’ਤੇ ਪਹਿਰਾ ਦੇਣ ਦੀ ਦ੍ਰਿੜ੍ਹਤਾ ਅਤੇ ਮੁਹੱਬਤ ਭਰੀਆਂ ਸਾਂਝਾਂ, ਸਭ ਕਮਾਲ ਹਨ।

ਆਰਥਿਕ ਮੰਦਹਾਲੀ ਦੇ ਧੱਬੇ
ਸਲੂਨ ਉਸ ਖੇਤਰ ਦੇ ਦਰਜਨਾਂ ਪਿੰਡਾਂ ਦਾ ਪ੍ਰਤੀਕ ਹੈ, ਜਿਨ੍ਹਾਂ ਦੇ ਖੂਬਸੂਰਤ ਚਿਹਰੇ ’ਤੇ ਮੰਦਹਾਲੀ ਦੇ ਧੱਬੇ ਵੀ ਸਾਫ ਝਲਕਦੇ ਹਨ। ਰੋਜ਼ੀ-ਰੋਟੀ ਵੀ ਲੋੜ ਅਨੁਸਾਰ ਨਹੀਂ ਮਿਲਦੀ ਅਤੇ ਬਾਕੀ ਬਹੁਤ ਸਾਰੀਆਂ ਬੁਨਿਆਦੀ ਸਹੂਲਤਾਂ ਦਾ ਤਾਂ ਨਾਂ-ਨਿਸ਼ਾਨ ਨਹੀਂ ਹੈ। ਜੇ ਇਹ ਇਲਾਕਾ ਕਿਸੇ ਪੱਛਮੀ ਦੇਸ਼ ਨਾਲ ਸਬੰਧਤ ਹੁੰਦਾ ਤਾਂ ਟੂਰਿਜ਼ਮ ਦੇ ਨਕਸ਼ੇ ’ਤੇ ਸੰਸਾਰ-ਪ੍ਰਸਿੱਧ ਹੁੰਦਾ। ਸਭ ਪਾਸੇ ਇਸ ਦੇ ਖੂਬਸੂਰਤ ਦ੍ਰਿਸ਼ ਅਤੇ ਨਜ਼ਾਰੇ ਛਾਏ ਹੋਣੇ ਸਨ। 
ਹੁਣ ਤਾਂ ਨਾ ਢੰਗ ਦੀਆਂ ਸੜਕਾਂ, ਨਾ ਸਿਹਤ ਸਹੂਲਤਾਂ, ਨਾ ਚੰਗੇ ਸਕੂਲ, ਨਾ ਰੋਜ਼ਗਾਰ, ਨਾ ਕਾਰੋਬਾਰ। ਵਧੀਆ ਹੋਟਲਾਂ, ਹਵਾਈ ਅੱਡਿਆਂ, ਵਧੀਆ ਢੰਗ ਨਾਲ ਵਿਕਸਤ ਸੈਰਗਾਹਾਂ ਦਾ ਤਾਂ ਸੁਪਨਾ ਵੀ ਨਹੀਂ ਲਿਆ ਜਾ ਸਕਦਾ। ਸੂਬਾ ਸਰਕਾਰ ਜਾਂ ਕੇਂਦਰ ਸਰਕਾਰ ਦਾ ਕਦੇ ਇਸ ਪਾਸੇ ਧਿਆਨ ਹੀ ਨਹੀਂ ਗਿਆ ਹੋਵੇਗਾ ਜਾਂ ਫਿਰ ਉਨ੍ਹਾਂ ਨੂੰ ਸਿਆਸੀ ਪੈਂਤੜੇਬਾਜ਼ੀਆਂ, ਸੱਤਾ ਹਥਿਆਉਣ ਦੀ ਦੌੜ ਅਤੇ ਨੋਟਾਂ ਨਾਲ ਆਪਣੇ ਅਟੈਚੀ ਭਰਨ ਤੋਂ ਇਲਾਵਾ ਹੋਰ ਕਿਸੇ ਕੰਮ ਲਈ ਫੁਰਸਤ ਹੀ ਨਹੀਂ ਹੋਵੇਗੀ। ਹੋਰ ਅਨੇਕਾਂ ਖੇਤਰਾਂ ਵਾਂਗ ਜੰਮੂ ਦੇ ਇਲਾਕੇ ’ਚ ਵੱਸਦੇ ਲੋਕ ਵੀ ਸਿਆਸੀ ਨੇਤਾਵਾਂ ਲਈ ਸਿਰਫ ਵੋਟਰ ਹੀ ਹਨ। ਇਹ ਆਧੁਨਿਕ ਯੁੱਗ, ਪਾਤਾਲ ਦੀਆਂ ਚੁੱਭੀਆਂ ਅਤੇ ਆਕਾਸ਼ ਦੀਆਂ ਉਡਾਰੀਆਂ ਸਲੂਨ ਦੇ ਲੋਕਾਂ ਦੀ ਸੋਚ ਅਤੇ ਮੁਕੱਦਰ ਦੀ ਸੀਮਾ ਰੇਖਾ ਤੋਂ ਦੂਰ ਦੀਆਂ ਗੱਲਾਂ ਹੀ ਜਾਪਦੀਆਂ ਹਨ। 

ਖੇਤੀ ਦੀ ਤਰਸਯੋਗ ਹਾਲਤ
ਜੰਮੂ-ਕਸ਼ਮੀਰ ਦੀ 85 ਫੀਸਦੀ ਆਬਾਦੀ ਪਿੰਡਾਂ ਨਾਲ ਸਬੰਧਤ ਹੈ, ਜਿਸ ਦੀ ਰੋਜ਼ੀ-ਰੋਟੀ ਦਾ ਆਧਾਰ ਖੇਤੀਬਾੜੀ ਹੀ ਹੈ। ਇਲਾਕੇ ਦੀ ਧਰਤੀ ਉਪਜਾਊ ਹੈ, ਵਾਤਾਵਰਣ ਵੀ ਫਸਲਾਂ ਲਈ ਢੁੱਕਵਾਂ ਹੈ ਪਰ ਖੇਤੀ ਦੀ ਹਾਲਤ ਫਿਰ ਵੀ ਤਰਸਯੋਗ ਹੈ ਤਾਂ ਉਸਦੇ ਅਨੇਕਾਂ ਕਾਰਨ ਹਨ। 
ਪਹਿਲਾ ਮੁੱਖ ਕਾਰਨ ਤਾਂ ਇਹ ਹੈ ਕਿ ਇਸ ਖੇਤਰ ਦੀ ਸਾਰੀ ਖੇਤੀਬਾੜੀ ਬਰਸਾਤ ’ਤੇ ਨਿਰਭਰ ਕਰਦੀ ਹੈ। ਸਿਰਫ 7 ਫੀਸਦੀ ਜ਼ਮੀਨ ਹੀ ਸਿੰਚਾਈ ਅਧੀਨ ਹੈ, ਇਸ ਤੋਂ ਜ਼ਿਆਦਾ ਲਈ ਪਾਣੀ ਦਾ ਕੋਈ ਪ੍ਰਬੰਧ ਨਹੀਂ। ਇਸ ਹਾਲਤ ਵਿਚ ਫਸਲਾਂ ਦੀ ਕਾਸ਼ਤ ਅਤੇ ਪੈਦਾਵਾਰ ਹਮੇਸ਼ਾ ਬਾਰਸ਼ ’ਤੇ ਨਿਰਭਰ ਹੁੰਦੀ ਹੈ। ਜੇ ਬਾਰਸ਼ ਠੀਕ ਹੋ ਗਈ ਤਾਂ ਫਸਲ ਚੰਗੀ ਹੋ ਸਕਦੀ ਹੈ, ਨਹੀਂ ਤਾਂ ਬਹੁਤੀ ਵਾਰ ਡੋਬਾ ਜਾਂ ਸੋਕਾ ਹੀ ਭੁਗਤਣਾ ਪੈਂਦਾ ਹੈ। 
ਇਲਾਕੇ ਦੇ ਕਿਸਾਨਾਂ ਨੇ ਦੱਸਿਆ ਸੀ ਕਿ ਉਹ ਕਣਕ, ਝੋਨਾ, ਸਰ੍ਹੋਂ, ਕਾਲੇ ਛੋਲਿਆਂ ਅਤੇ ਸਬਜ਼ੀਆਂ ਦੀ ਕਾਸ਼ਤ ਕਰਦੇ ਹਨ ਪਰ ਇਸ ਨਾਲ ਪਰਿਵਾਰਾਂ ਦਾ ਗੁਜ਼ਾਰਾ ਨਹੀਂ ਹੁੰਦਾ। ਅੰਬਾਂ ਅਤੇ ਨਿੰਬੂ  ਜਾਤੀ ਦੇ ਫਲਾਂ ਦੀ ਬਾਗਬਾਨੀ ਵੀ ਹੁੰਦੀ ਹੈ ਅਤੇ ਉੱਚੇ ਪਹਾੜੀ ਖੇਤਰਾਂ ’ਚ ਸੇਬ, ਬਾਦਾਮ ਅਤੇ ਅਖਰੋਟ ਵੀ ਉਗਾਏ ਜਾਂਦੇ ਹਨ ਪਰ ਇਸ ਸਭ ਨਾਲ ਆਰਥਿਕਤਾ ਨੂੰ ਪੱਕੇ ਪੈਰੀਂ ਨਹੀਂ ਕੀਤਾ ਜਾ ਸਕਦਾ। ਨਤੀਜੇ ਵਜੋਂ ਹੱਡ-ਭੰਨਵੀਂ ਮਿਹਨਤ-ਮੁਸ਼ੱਕਤ ਤੋਂ ਬਾਅਦ ਵੀ ਕਿਸਾਨਾਂ ਦਾ ਖੀਸਾ ਖਾਲੀ ਹੀ ਰਹਿੰਦਾ ਹੈ। 
ਸਰਕਾਰ ਅਤੇ ਉਸਦਾ ਖੇਤੀਬਾੜੀ ਵਿਭਾਗ ਫਸਲਾਂ ਦੀ ਠੀਕ ਪੈਦਾਵਾਰ ਲੈਣ ਵਿਚ ਕਿਸਾਨਾਂ ਦਾ ਸਹੀ ਮਾਰਗਦਰਸ਼ਨ ਨਹੀਂ ਕਰ ਸਕਿਆ। ਛੋਟੇ-ਮੋਟੇ ਤਜਰਬੇ ਸ਼ਹਿਰੀ ਅਤੇ ਨੀਮ-ਸ਼ਹਿਰੀ ਖੇਤਰਾਂ ’ਚ ਫਸਲਾਂ ਦੀ ਕਾਸ਼ਤ ਅਤੇ ਨਵੀਆਂ ਕਿਸਮਾਂ ਬਾਰੇ ਕੀਤੇ ਗਏ ਹਨ, ਜਦੋਂਕਿ ਦੂਰ-ਦੁਰਾਡੇ ਪੇਂਡੂ ਖੇਤਰਾਂ ’ਚ ਸਭ ਉੱਪਰ ਵਾਲੇ ਦੀ ਕਿਰਪਾ ’ਤੇ ਹੀ ਨਿਰਭਰ ਹੈ।

ਫੁੱਲਾਂ ਦੀ ਖੇਤੀ ਦੀਆਂ ਸੰਭਾਵਨਾਵਾਂ 
ਰਿਆਸੀ ਦੀਆਂ ਜ਼ਮੀਨਾਂ ਵਿਚ ਫੁੱਲਾਂ ਦੀ ਕਾਸ਼ਤ ਦੀਆਂ ਬਹੁਤ ਵੱਡੀਆਂ ਸੰਭਾਵਨਾਵਾਂ ਹਨ ਪਰ ਇਸ ਨੂੰ ਉਤਸ਼ਾਹਿਤ  ਨਹੀਂ ਕੀਤਾ ਜਾ ਸਕਿਆ। ਇਸ ਖੇਤਰ ਵਿਚ ਬਹੁਤ ਸਾਰੇ ਸੰਸਾਰ ਪ੍ਰਸਿੱਧ ਧਾਰਮਕ ਅਸਥਾਨ ਹਨ, ਜਿਥੇ ਫੁੱਲਾਂ ਦੀ ਬਹੁਤ ਖਪਤ ਹੋ ਸਕਦੀ ਹੈ। ਇਹ ਲੋੜਾਂ ਵਰਤਮਾਨ ਸਥਿਤੀ ’ਚ ਬਾਹਰੋਂ ਹੀ ਪੂਰੀਆਂ ਕੀਤੀਆਂ ਜਾਂਦੀਆਂ ਹਨ। ਜੇਕਰ ਕਿਸਾਨਾਂ ਨੂੰ ਫੁੱਲਾਂ ਦੀ ਪੈਦਾਵਾਰ ਸੰਬੰਧੀ ਜਾਣਕਾਰੀ ਅਤੇ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ ਤਾਂ ਇਸ ਨਾਲ ਉਨ੍ਹਾਂ ਦੀ ਰੋਜ਼ੀ-ਰੋਟੀ ਨੂੰ ਕੁਝ ਸਹਾਰਾ ਮਿਲ ਸਕਦਾ ਹੈ।

ਬਾਂਦਰਾਂ ਦੀ ਮਾਰ
ਇਲਾਕੇ ਵਿਚ ਹੋਰ ਜੰਗਲੀ ਜਾਨਵਰਾਂ ਦੇ ਨਾਲ-ਨਾਲ ਬਾਂਦਰਾਂ ਦੇ ਝੁੰਡਾਂ ਵਲੋਂ ਵੀ ਫਸਲਾਂ ਦਾ ਬਹੁਤ ਨੁਕਸਾਨ ਕੀਤਾ ਜਾਂਦਾ ਹੈ। ਕਿਸਾਨ ਆਪਣੇ ਬਲਬੂਤੇ ’ਤੇ ਇਸ ਤੋਂ ਬਚਾਅ ਕਰਨ ਵਿਚ ਅਸਮਰੱਥ ਹਨ। ਜਾਨਵਰਾਂ ਵਲੋਂ ਉਜਾੜੀਆਂ ਫਸਲਾਂ ਦਾ ਕਿਸਾਨਾਂ ਨੂੰ ਯੋਗ ਮੁਆਵਜ਼ਾ ਵੀ ਨਹੀਂ ਮਿਲਦਾ।
ਜੰਮੂ ਡਵੀਜ਼ਨ ਵਿਚ ਕੁਝ ਮਿਲਾ ਕੇ 15 ਹਜ਼ਾਰ ਹੈਕਟੇਅਰ ਰਕਬੇ ਵਿਚ ਖੇਤੀਬਾੜੀ ਕੀਤੀ ਜਾਂਦੀ ਹੈ ਅਤੇ ਇਸ ਵਿਚੋਂ ਕਰੋੜਾਂ ਰੁਪਏ ਦੀਆਂ ਫਸਲਾਂ ਜਾਨਵਰ ਬਰਬਾਦ ਕਰ ਜਾਂਦੇ ਹਨ। ਇਸ ਨਾਲ ਇਲਾਕੇ ਦੀ ਆਰਥਿਕਤਾ ਨੂੰ ਵੱਡੀ ਢਾਅ ਲੱਗਦੀ ਹੈ। ਜੇਕਰ ਜੰਮੂ ਨੂੰ ਖੁਸ਼ਹਾਲ ਬਣਾਉਣਾ ਹੈ ਤਾਂ ਇਲਾਕੇ ਦੀ ਕਿਰਸਾਨੀ ਦਾ ਵਿਕਾਸ ਯਕੀਨੀ ਕਰਨਾ ਪਵੇਗਾ।

ਦੋ ਔਰਤਾਂ–ਸੰਘਰਸ਼ ਦੀ ਗਾਥਾ
ਸਲੂਨ ਵਿਚ ਮੈਨੂੰ ਦੋ ਔਰਤਾਂ ਮਿਲੀਆਂ, ਜਿਨ੍ਹਾਂ ਵਲੋਂ ਬੋਲੇ ਗਏ ਕੁਝ ਸ਼ਬਦ ਇਕ ਵੱਡੀ ਕਹਾਣੀ ਕਹਿ ਗਏ। ਇਨ੍ਹਾਂ ਵਿਚੋਂ ਇਕ ਦਾ ਨਾਂ ਜੀਨਮਾ ਬੀਬੀ ਸੀ, ਜਿਸ ਦਾ ਜੀਵਨ ਕਿਸ ਵੇਲੇ ਸੰਘਰਸ਼ ਨਾਲ ਇਕਮਿਕ ਹੋ ਗਿਆ, ਉਸ ਨੂੰ ਪਤਾ ਹੀ ਨਹੀਂ ਲੱਗਾ। ਗਫੂਰ ਦੇ ਲੜ ਲੱਗੀ ਪਰ ਕਿਸਮਤ ਨਹੀਂ ਬਦਲੀ ।

ਗਫੂਰ ਮਜ਼ਦੂਰੀ ਕਰਦਾ ਹੈ ਪਰ ਘਰ ਦਾ ਚੁੱਲ੍ਹਾ ਨਹੀਂ ਬਲਦਾ। ਉਹ ਖੁਦ ਵੀ ਮਿਹਨਤ ਕਰਨ ਲੱਗ ਪਈ। ਸਾਰਾ ਦਿਨ ਖੇਤਾਂ ਦੀਆਂ ਵੱਟਾਂ ਤੋਂ ਘਾਹ ਖੋਤਦੀ ਹੈ, ਫਿਰ ਕੁਝ ਰੁਪਿਆਂ ਦਾ ਵੇਚ ਦਿੰਦੀ ਹੈ ਤਾਂ ਲੂਣ-ਤੇਲ ਖਰੀਦਣ ਦਾ ਜੁਗਾੜ ਬਣਦਾ ਹੈ। ਤਪੱਸਿਆ ’ਚ ਤਪ ਕੇ ਕੁੰਦਨ ਬਣ ਗਈ ਬੀਬੀ ਜੀਨਮਾ ਪਰ ਸੰਘਰਸ਼ ਜਾਰੀ ਹੈ। 
ਦੂਜੀ ਔਰਤ ਦਾ ਨਾਂ ਰਿਹਾਨਾ ਸੀ, ਜੋ ਪਿੰਡ ਦੀ ਪੰਚ ਹੈ। ਘਰ ਵਾਲਾ ਸਰਕਾਰੀ ਨੌਕਰੀ ਕਰਦਾ ਹੈ, ਰੋਟੀ-ਪਾਣੀ ਦਾ ਜੁਗਾੜ ਹੋ ਜਾਂਦਾ ਹੈ। ਰਿਹਾਨਾ ਹੁਣ ਦੁਖਿਆਰੀਆਂ ਔਰਤਾਂ ਦਾ ਦੁੱਖ-ਦਰਦ ਵੰਡਾਉਣ ਲਈ ਸਾਰਾ ਦਿਨ ਭੱਜ-ਦੌੜ ਕਰਦੀ ਹੈ। ਕਿਸੇ ਦੇ ਬੀਮਾਰ ਬੱਚੇ ਲਈ ਦਵਾਈ, ਕਿਸੇ ਲਈ ਆਟੇ-ਦਾਲ ਦਾ ਪ੍ਰਬੰਧ, ਕਿਸੇ ਨੂੰ  ਹੌਸਲਾ, ਪ੍ਰੇਰਨਾ ਦੇਣ ਦੀ ਕਵਾਇਦ ਬਸ ਚਲਦੀ ਰਹਿੰਦੀ ਹੈ। ਇਹੀ ਤਾਂ ਜੀਵਨ-ਸੰਘਰਸ਼ ਹੈ।   

 (sandhu.js002@gmail.com) 94174-02327

Bharat Thapa

This news is Content Editor Bharat Thapa