ਸੀਚੇਵਾਲ ਮਾਡਲ ਦੀ ਤਰਜ਼ ''ਤੇ ਪਿੰਡ ਤਲਵੰਡੀ ਮਾਧੋ ਦਾ ਬਦਲਿਆ ਰੰਗ ਰੂਪ

10/23/2020 5:31:14 PM

ਜਲੰਧਰ: ਦੋਨਾ ਇਲਾਕੇ ਦੇ ਇਤਿਹਾਸਕ ਪਿੰਡ ਤਲਵੰਡੀ ਮਾਧੋ ਵੀ ਹੁਣ ਸੀਚੇਵਾਲ ਮਾਡਲ ਦੀ ਤਰਜ਼ 'ਤੇ ਵਿਕਾਸ ਦੀਆਂ ਨਵੀਆਂ ਲੀਹਾਂ 'ਤੇ ਉਸਰ ਰਿਹਾ ਹੈ। ਪਿੰਡ ਵਿੱਚ ਬਣਾਈ ਜਾ ਰਹੀ ਬੁਹ-ਮੰਤਵੀ ਨਵੀਂ ਪਾਰਕ ਗਦਰੀ ਬਾਬਾ ਹਰਦਿੱਤ ਸਿੰਘ ਨੂੰ ਸਮਰਪਿਤ ਕੀਤੀ ਗਈ ਹੈ। ਇਸ ਪਾਰਕ ਦਾ ਯਾਦਗਾਰੀ ਗੇਟ ਬਾਪੂ ਚੇਤਨ ਸਿੰਘ ਬੋਪਾਰਾਏ ਨੂੰ ਸਮਰਪਿਤ ਕੀਤਾ ਗਿਆ ਹੈ। ਉਨ੍ਹਾਂ ਦੇ ਪਰਿਵਾਰ ਵੱਲੋਂ ਮਲਕੀਤ ਸਿੰਘ ਬੋਪਾਰਾਏ ਦਿਲ ਖੋਲ੍ਹ ਕੇ ਆਰਥਿਕ ਮੱਦਦ ਕਰ ਰਹੇ ਹਨ। ਇਸ ਪਾਰਕ ਵਿੱਚ ਦੇਸੀ ਤਕਨੀਕ ਨਾਲ ਤਿਆਰ ਕੀਤੇ ਗਏ ‘ਸੀਚੇਵਾਲ ਮਾਡਲ’ ਤਹਿਤ ਪਿੰਡ ਦਾ ਗੰਦਾ ਪਾਣੀ ਸੋਧ ਕੇ ਖੇਤੀ ਨੂੰ ਲਗਾਉਣ ਲਈ ਪ੍ਰਬੰਧ ਕੀਤਾ ਗਿਆ ਹੈ। ਇੱਥੇ ਹੀ ਬੱਸ ਅੱਡਾ ਸਥਾਪਿਤ ਕੀਤਾ ਗਿਆ ਹੈ ਜਿਸ ‘ਤੇ ਸਾਢੇ ਤਿੰਨ ਲੱਖ ਰੁਪਏ ਦਾ ਖਰਚਾ ਆਇਆ ਹੈ ਜਿਹੜਾ ਕਿ ਇਟਲੀ ਨਿਵਾਸੀ ਮੰਗਲ ਸਿੰਘ ਸਿੱਧੂ ਦੇ ਪਰਿਵਾਰ ਵੱਲੋਂ ਕੀਤਾ ਗਿਆ ਹੈ। ਬੱਚਿਆ ਦੇ ਖੇਡਣ ਲਈ ਝੂਲੇ ਲਗਾਏ ਜਾ ਰਹੇ ਹਨ। ਪਿੰਡ ਦੇ ਸਰਪੰਚ ਗੁਰਜੀਤ ਸਿੰਘ, ਅਮਰੀਕ ਸਿੰਘ ਸੰਧੂ ਅਤੇ ਗੁਰਵਿੰਦਰ ਸਿੰਘ ਬੋਪਾਰਾਏ ਨੇ ਦੱਸਿਆ ਕਿ ਪਾਰਕ ਵਿੱਚ ਵਿਰਾਸਤੀ, ਆਯੁਰਵੈਦਿਕ, ਫਲਦਾਰ ਤੇ ਫੁੱਲਦਾਰ ਬੂਟੇ ਲਾਏ ਜਾ ਰਹੇ ਹਨ। ਪੰਜਾਬ ਦੇ ਰਵਾਇਤੀ ਤੇ ਅਲੋਪ ਹੁੰਦੇ ਜਾ ਰਹੇ ਰੁੱਖਾਂ ਨੂੰ ਵੀ ਪਹਿਲ ਦੇ ਅਧਾਰ ‘ਤੇ ਲਾਇਆ ਜਾਵੇਗਾ। ਇਨ੍ਹਾਂ ਬੂਟਿਆ ਦੀ ਸੰਭਾਲ ਲਈ ਪਾਣੀ ਦੀ ਪਾਈਪ ਲਾਈਨ ਉਚੇਚੇ ਤੌਰ 'ਤੇ ਵਿਛਾਈ ਗਈ ਹੈ। ਪਾਰਕ ਵਿੱਚ 120 ਫੁਆਰੇ ਲਾਏ ਗਏ ਹਨ ਜਿਸ ਨਾਲ ਘਾਹ ਨੂੰ ਸਿੰਜਿਆ ਜਾਵੇਗਾ ਅਤੇ ਸੰਗਤਾਂ ਦੇ ਖਿੱਚ ਦਾ ਵੀ ਕੇਂਦਰ ਬਣਨਗੇ। ਇਨ੍ਹਾਂ ਨੌਜਵਾਨ ਆਗੂਆਂ ਨੇ ਦੱਸਿਆ ਕਿ ਸੰਤ ਦਰਬਾਰਾ ਸਿੰਘ ਜੀ ਦੀ ਸਲਾਨਾ ਬਰਸੀ ਨੂੰ ਸਮਰਪਿਤ ਪਾਰਕ ਵਿੱਚ ਬੂਟੇ ਲਗਾਏ ਹਨ।

ਉਨ੍ਹਾਂ ਕਿਹਾ ਕਿ ਦੋਨਾ ਇਲਾਕੇ ਦੀ ਤਕਦੀਰ ਤੇ ਤਸਵੀਰ ਬਦਲਣ ਵਿੱਚ ਸੀਚੇਵਾਲ ਮਾਡਲ ਨੇ ਵੱਡੀ ਭੂਮਿਕਾ ਨਿਭਾਈ ਹੈ। ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਜਿਹੜੀ ਰਸਤੇ ਬਣਾਉਣ ਦੀ ਕਾਰ ਸੇਵਾ ਸ਼ੁਰੂ ਕੀਤੀ ਗਈ ਸੀ ਉਹ ਵੀ ਇਸੇ ਅਸਥਾਨ ਤੋਂ ਸ਼ੁਰੂ ਕੀਤੀ ਗਈ ਸੀ। ਤਲਵੰਡੀ ਮਾਧੋ ਤੋਂ ਹੀ ਰਸਤੇ ਬਣਾਉਣ ਦੀ ਕਾਰ ਸੇਵਾ ਨਾਲ ਆਲੇ-ਦੁਆਲੇ ਦੇ ਕਈ ਪਿੰਡਾਂ ਵਿੱਚ ਸੈਂਕੜੇ ਕਿਲੋਮੀਟਰ ਰਸਤੇ ਨਜਾਇਜ਼ ਕਬਜ਼ੇ ਛੁਡਵਾ ਕੇ ਬਣਾਏ ਗਏ ਸਨ। 1996 ਵਿੱਚ ਸਭ ਤੋਂ ਪਹਿਲਾਂ ਸੰਤ ਸੀਚੇਵਾਲ ਜੀ ਵੱਲੋਂ ਸੰਗਤ ਦੇ ਸਹਿਯੋਗ ਨਾਲ ਪਿੰਡ ਵਿੱਚ ਸੀਵਰੇਜ ਪਾਇਆ ਗਿਆ ਸੀ। ਪਿੰਡ ਵਿੱਚ ਸਦੀਆਂ ਪੁਰਾਣੀ ਕੁਟੀਆ ਦੀ ਸੰਭਾਲ ਵੀ ਸੰਤ ਸੀਚੇਵਾਲ ਜੀ ਵੱਲੋਂ ਪਿੰਡ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕੀਤੀ ਗਈ। ਪਿੰਡ ਦੀ ਸ਼ਮਸ਼ਾਨ ਭੂਮੀ ਵੀ ਕਿਸੇ ਬਾਗ ਤੋਂ ਘੱਟ ਨਹੀਂ। ਸਰਪੰਚ ਨੇ ਦੱਸਿਆ ਕਿ ਇਸ ਪਾਰਕ ਤੇ 35 ਲੱਖ ਰੁਪਏ ਖਰਚੇ ਜਾ ਚੁੱਕੇ ਹਨ। ਸਰਕਾਰੀ ਗਰਾਂਟ ਤਾਂ ਸਿਰਫ ਚਾਰ ਲੱਖ ਹੀ ਆਈ ਸੀ ਜਦ ਕਿ ਪਰਵਾਸੀ ਪੰਜਾਬੀਆਂ ਅਤੇ ਪਿੰਡ ਦੇ ਲੋਕਾਂ ਦੇ ਸਹਿਯੋਗ ਨਾਲ 31 ਲੱਖ ਰੁਪਏ ਖਰਚੇ ਜਾ ਚੁੱਕੇ ਹਨ।

ਪਿੰਡ ਦੇ ਲੋਕਾਂ ਲਈ ਦੋ ਮੰਜ਼ਿਲਾਂ ਕਮਿਊਨਿਟੀ ਹਾਲ ਬਣਾਇਆ ਗਿਆ ਹੈ। ਇਸ ਵਿੱਚ ਲਾਇਬ੍ਰੇਰੀ ਤੇ ਪੰਚਾਇਤ ਘਰ ਵੀ ਬਣਾਇਆ ਜਾ ਰਿਹਾ ਹੈ। ਤਲਵੰਡੀ ਮਾਧੋ ਦੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਵੱਲੋਂ 15 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਬੰਸ ਸਿੰਘ ਸੰਧੂ, ਪੰਚਾਇਤ ਮੈਂਬਰ ਗੁਰਦੇਵ ਸਿੰਘ ਸੰਧੂ, ਨਰਿੰਦਰ ਸਿੰਘ, ਮਹਿੰਦਰ ਸਿੰਘ ਜੰਵਦਾ, ਜਸਪਾਲ ਸਿੰਘ, ਸੁਖਪ੍ਰੀਤ ਸਿੰਘ ਸਰਾਏ, ਜਸਵੰਤ ਸਿੰਘ, ਬਿੱਕਰ ਸਿੰਘ ਸੈਂਹਬੀ, ਸੁਖਜੀਤ ਸਿੰਘ ਸੰਧੂ, ਪਿੰਡ ਸ਼ੇਰਪੁਰ ਦੋਨਾ ਦੇ ਸਰਪੰਚ ਤੀਰਥ ਸਿੰਘ ਹੁੰਦਲ, ਗੁਰਦੀਪ ਸਿੰਘ, ਸਤਨਾਮ ਸਿੰਘ ਕੋਟਲਾ ਹੇਰਾਂ, ਪਰਮਜੀਤ ਸਿੰਘ ਬੱਲ, ਜਗਦੀਪ ਸਿੰਘ ਸੋਹਲ ਤੇ ਹੋਰ ਪਿੰਡ ਵਾਸੀ ਹਾਜ਼ਰ ਸਨ।

Harnek Seechewal

This news is Content Editor Harnek Seechewal