ਪੰਜਾਬ ਪੁਲਸ ਨੇ ਇਕ ਸਾਲ ’ਚ ਫੜ੍ਹੇ 16,360 ਨਸ਼ਾ ਸਮੱਗਲਰ, 1221 ਕਿੱਲੋ ਹੈਰੋਇਨ ਬਰਾਮਦ

07/18/2023 2:30:16 PM

ਚੰਡੀਗੜ੍ਹ/ਜਲੰਧਰ (ਰਮਨਜੀਤ ਸਿੰਘ, ਧਵਨ)- ਨਸ਼ਿਆਂ ਖ਼ਿਲਾਫ਼ ਸ਼ੁਰੂ ਕੀਤੀ ਗਈ ਫੈਸਲਾਕੁੰਨ ਜੰਗ ਦਾ ਇਕ ਸਾਲ ਪੂਰਾ ਹੋਣ ਨਾਲ ਪੰਜਾਬ ਪੁਲਸ ਨੇ 5 ਜੁਲਾਈ 2022 ਤੋਂ ਹੁਣ ਤਕ 2,351 ਵੱਡੀਆਂ ਮੱਛੀਆਂ ਸਮੇਤ 16,360 ਨਸ਼ਾ ਸਮੱਗਲਿੰਗ ਦੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਵਲੋਂ ਕੁਲ 12,218 ਐੱਫ. ਆਈ. ਆਰ. ਦਰਜ ਕੀਤੀਆਂ ਹਨ, ਜਿਨ੍ਹਾਂ ਵਿਚੋਂ 1458 ਵਪਾਰਕ ਮਾਮਲਿਆਂ ਨਾਲ ਸਬੰਧਤ ਹਨ। ਆਈ. ਜੀ. (ਹੈੱਡਕੁਆਟਰ) ਸੁਖਚੈਨ ਸਿੰਘ ਗਿੱਲ ਨੇ ਸੋਮਵਾਰ ਨੂੰ ਦੱਸਿਆ ਕਿ ਪੁਲਸ ਟੀਮਾਂ ਨੇ ਬੀਤੇ ਇਕ ਸਾਲ ਦੀ ਮੁਹਿੰਮ ਦੌਰਾਨ ਨਸ਼ਾ ਪ੍ਰਭਾਵਿਤ ਇਲਾਕਿਆਂ ਵਿਚ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾਉਣ ਤੋਂ ਇਲਾਵਾ ਸੰਵੇਦਨਸ਼ੀਲ ਮਾਰਗਾਂ ’ਤੇ ਨਾਕੇ ਲਗਾ ਕੇ ਸੂਬੇ ਭਰ ਤੋਂ 1,073.44 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ ਪੰਜਾਬ ਪੁਲਸ ਦੀਆਂ ਟੀਮਾਂ ਵਲੋਂ ਗੁਜਰਾਤ ਅਤੇ ਮਹਾਰਾਸ਼ਟਰ ਦੀਆਂ ਬੰਦਰਗਾਹਾਂ ਤੋਂ 147.5 ਕਿੱਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ, ਜਿਸ ਨਾਲ ਸਿਰਫ਼ ਇੱਕ ਸਾਲ ਵਿਚ ਹੈਰੋਇਨ ਦੀ ਕੁਲ ਰਿਕਵਰੀ 1220.94 ਕਿੱਲੋ ਹੋ ਗਈ ਹੈ।

ਇਹ ਵੀ ਪੜ੍ਹੋ- ਦੁਖਦ ਖ਼ਬਰ: ਰੋਜ਼ੀ ਰੋਟੀ ਲਈ ਵਿਦੇਸ਼ ਗਏ ਅੰਮ੍ਰਿਤਸਰ ਦੇ ਵਿਅਕਤੀ ਨਾਲ ਵਾਪਰੀ ਅਣਹੋਣੀ, ਮੌਤ

ਆਈ. ਜੀ. ਗਿੱਲ ਨੇ ਦੱਸਿਆ ਕਿ ਹੈਰੋਇਨ ਦੀ ਵੱਡੀ ਖੇਪ ਬਰਾਮਦ ਕਰਨ ਤੋਂ ਇਲਾਵਾ ਪੁਲਸ ਨੇ ਸੂਬੇ ਭਰ ਵਿਚੋਂ 797.14 ਕਿੱਲੋ ਅਫੀਮ, 902.13 ਕਿੱਲੋ ਗਾਂਜਾ, 375.47 ਕੁਇੰਟਲ ਭੁੱਕੀ ਅਤੇ 65.49 ਲੱਖ ਨਸ਼ੀਲੀਆਂ ਗੋਲੀਆਂ/ਕੈਪਸੂਲ/ ਟੀਕੇ/ਸ਼ੀਸ਼ੀਆਂ ਬਰਾਮਦ ਕੀਤੀਆਂ ਹਨ। ਪੁਲਸ ਨੇ ਪਿਛਲੇ ਇੱਕ ਸਾਲ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਨਸ਼ਾ ਸਮੱਗਲਰਾਂ ਦੇ ਕਬਜ਼ੇ ਵਿਚੋਂ 12.33 ਕਰੋੜ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਪੁਲਸ ਨੇ ਪਿਛਲੇ ਸਾਲ ਦੌਰਾਨ 66 ਨਸ਼ਾ ਸਮੱਗਲਰਾਂ ਦੀ 26.72 ਕਰੋੜ ਰੁਪਏ ਦੀ ਕੀਮਤ ਦੀਆਂ ਜਾਇਦਾਦਾਂ ਵੀ ਜ਼ਬਤ ਕੀਤੀਆਂ ਹਨ। ਉਕਤ ਨਸ਼ਾ ਸਮੱਗਲਰਾਂ ਦੀਆਂ ਬਰਨਾਲਾ ਜ਼ਿਲ੍ਹੇ ਵਿਚ 2.34 ਕਰੋੜ ਰੁਪਏ ਦੀਆਂ 13 ਜਾਇਦਾਦਾਂ, ਫਾਜ਼ਿਲਕਾ ਜ਼ਿਲ੍ਹੇ ਵਿਚ 1.72 ਕਰੋੜ ਰੁਪਏ ਦੀਆਂ 9 ਜਾਇਦਾਦਾਂ ਅਤੇ ਮਾਲੇਰਕੋਟਲਾ ਜ਼ਿਲ੍ਹੇ ਵਿਚ 1.13 ਕਰੋੜ ਰੁਪਏ ਦੀਆਂ 6 ਜਾਇਦਾਦਾਂ ਜ਼ਬਤ ਕੀਤੀਆਂ ਗਈਆਂ ਹਨ।

ਇਹ ਵੀ ਪੜ੍ਹੋ- ਜ਼ਮੀਨ ਗਹਿਣੇ ਧਰ ਕੇ ਗਰੀਸ ਗਏ ਮਾਪਿਆਂ ਦੇ ਇਕਲੌਤੇ ਪੁੱਤ ਦੀ ਸ਼ੱਕੀ ਹਾਲਾਤ 'ਚ ਮੌਤ

ਹਫ਼ਤਾਵਾਰੀ ਅਪਡੇਟ ਦਿੰਦੇ ਹੋਏ ਆਈ. ਜੀ. ਪੀ. ਨੇ ਦੱਸਿਆ ਕਿ ਪਿਛਲੇ ਇੱਕ ਹਫਤੇ ਵਿਚ, ਪੁਲਸ ਨੇ 32 ਵਪਾਰਕ ਮਾਮਲਿਆਂ ਸਮੇਤ 205 ਐੱਫ.ਆਈ.ਆਰਜ਼ ਦਰਜ ਕਰ ਕੇ 297 ਨਸ਼ਾ ਸਮੱਗਲਰਾਂ/ਸਪਲਾਇਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਦੇ ਕਬਜੇ ਵਿਚੋਂ 5.52 ਕਿੱਲੋਗ੍ਰਾਮ ਹੈਰੋਇਨ, 11.34 ਕਿੱਲੋ ਅਫੀਮ, 4.02 ਕਿੱਲੋ ਗਾਂਜਾ, 5.22 ਕੁਇੰਟਲ ਭੁੱਕੀ, 56107 ਗੋਲੀਆਂ/ਕੈਪਸੂਲ/ਟੀਕੇ/ਫਾਰਮਾ ਓ. ਪੀਡਜ਼ ਦੀਆਂ ਸ਼ੀਸ਼ੀਆਂ ਤੋਂ ਇਲਾਵਾ 4.33 ਲੱਖ ਰੁਪਏ ਡਰੱਗ ਮਨੀ ਬਰਾਮਦ ਕੀਤੀ ਹੈ। ਪਿਛਲੇ ਇੱਕ ਹਫ਼ਤੇ ਵਿਚ 10 ਹੋਰ ਭਗੌੜੇ ਐੱਨ. ਡੀ. ਪੀ. ਐੱਸ. ਮਾਮਲਿਆਂ ਵਿਚ ਗ੍ਰਿਫ਼ਤਾਰ ਕੀਤੇ ਜਾਣ ਨਾਲ 5 ਜੁਲਾਈ, 2022 ਨੂੰ ਪੀ. ਓਜ./ਭਗੌੜਿਆਂ ਨੂੰ ਗ੍ਰਿਫ਼ਤਾਰ ਕਰਨ ਲਈ ਸ਼ੁਰੂ ਕੀਤੀ ਗਈ ਵਿਸ਼ੇਸ਼ ਮੁਹਿੰਮ ਤੋਂ ਬਾਅਦ ਗ੍ਰਿਫ਼ਤਾਰੀਆਂ ਦੀ ਕੁਲ ਗਿਣਤੀ ਹੁਣ 964 ਤੱਕ ਪਹੁੰਚ ਗਈ ਹੈ।

ਏ. ਜੀ. ਟੀ. ਐੱਫ. ਨੂੰ ਵੀ ਮਿਲੀ ਵੱਡੀ ਕਾਮਯਾਬੀ

ਆਈ. ਜੀ. ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਸੱਤਾ ਵਿਚ ਆਉਣ ਤੋਂ ਬਾਅਦ ਸੂਬੇ ਵਿਚ ਅਮਨ-ਕਨੂੰਨ ਦੀ ਸਥਿਤੀ ਵਿਚ ਵੀ ਕਾਫ਼ੀ ਸੁਧਾਰ ਹੋਇਆ ਹੈ। 5 ਜੁਲਾਈ 2022 ਤੋਂ 16 ਜੁਲਾਈ 2023 ਤੱਕ ਦੇ ਅਧਿਕਾਰਤ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਪੰਜਾਬ ਪੁਲਸ ਨੇ 31 ਰਾਈਫਲਾਂ, 209 ਰਿਵਾਲਵਰ/ਪਿਸਟਲ, 5 ਟਿਫਿਨ ਇੰਪ੍ਰੋਵਾਇਜ਼ਡ ਐਕਸਪਲੋਸਿਵ ਡਿਵਾਇਸ (ਆਈ. ਈ. ਡੀਜ਼. ), 6.78 ਕਿੱਲੋਗ੍ਰਾਮ ਆਰ. ਡੀ. ਐਕਸ ਅਤੇ ਹੋਰ ਵਿਸਫੋਟਕ, 10 ਹੈਂਡ ਗ੍ਰਨੇਡ, ਡਿਸਪੋਜ਼ਡ ਰਾਕੇਟ ਲਾਂਚਰ ਦੀ ਇੱਕ ਸਲੀਵ, 51 ਡਰੋਨ, ਅਤੇ ਇੱਕ ਲੋਡਿਡ ਰਾਕੇਟ ਪ੍ਰੋਪੇਲਡ ਗ੍ਰਨੇਡ ਬਰਾਮਦ ਕਰਨ ਤੋਂ ਬਾਅਦ 143 ਅੱਤਵਾਦੀ/ ਕੱਟੜਪੰਥੀਆਂ ਨੂੰ ਗ੍ਰਿਫ਼ਤਾਰ ਕਰ ਕੇ 18 ਅੱਤਵਾਦੀ ਮਾਡਿਊਲਾਂ ਦਾ ਪਰਦਾਫਾਸ਼ ਕੀਤਾ ਹੈ।

ਇਹ ਵੀ ਪੜ੍ਹੋ- ਚਾਂਦਪੁਰ ਬੰਨ੍ਹ ਨੇ ਉਜਾੜੇ ਮਾਨਸਾ ਦੇ ਕਈ ਪਿੰਡ, ਮਚ ਗਈ ਹਾਹਾਕਾਰ, ਵੀਡੀਓ 'ਚ ਵੇਖੋ ਦਰਦ ਬਿਆਨ ਕਰ ਰਹੇ ਲੋਕ

ਇਸੇ ਤਰ੍ਹਾਂ 6 ਅਪ੍ਰੈਲ, 2022 ਨੂੰ ਗਠਿਤ ਕੀਤੀ ਐਂਟੀ ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐੱਫ.) ਨੇ ਹੁਣ ਤੱਕ 6,88 ਗੈਂਗਸਟਰਾਂ/ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਇਲਾਵਾ 5 ਗੈਂਗਸਟਰਾਂ/ਮੁਲਜ਼ਮਾਂ ਨੂੰ ਢੇਰ ਕਰ ਕੇ 208 ਮਾਡਿਊਲਾਂ ਦਾ ਪਰਦਾਫਾਸ਼ ਕੀਤਾ ਹੈ ਅਤੇ ਉਨ੍ਹਾਂ ਦੇ ਕਬਜੇ ਵਿਚੋਂ 667 ਹਥਿਆਰ ਅਤੇ ਅਪਰਾਧਿਕ ਗਤੀਵਿਧੀਆਂ ਵਿਚ ਇਸਤੇਮਾਲ ਕੀਤੇ ਗਏ 157 ਵਾਹਨ ਬਰਾਮਦ ਕੀਤੇ ਹਨ।

ਅੰਤਰ-ਰਾਸ਼ਟਰੀ ਸਰਹੱਦ ’ਤੇ ਡਰੋਨਾਂ ਦੇ ਜ਼ਰੀਏ ਨਸ਼ਾ ਸਮੱਗਲਿੰਗ ਅਤੇ ਹਥਿਆਰ ਸਪਲਾਈ ਦੇ ਸਬੰਧ ਵਿਚ ਪੁੱਛੇ ਜਾਣ ’ਤੇ ਆਈ. ਜੀ. ਗਿੱਲ ਨੇ ਕਿਹਾ ਕਿ ਹੁਣ ਤਕ ਦੀ ਸੂਚਨਾ ਮੁਤਾਬਕ ਇਸ ਸਾਲ 51 ਡਰੋਨ ਜ਼ਬਤ ਕੀਤੇ ਜਾ ਚੁੱਕੇ ਹਨ। ਪੰਜਾਬ ਪੁਲਸ ਨੇ ਲਗਾਤਾਰ ਕੋਸ਼ਿਸ਼ ਨਾਲ ਇਹ ਜਾਣ ਲਿਆ ਹੈ ਕਿ ਡਰੋਨ ਦੇ ਫੜ੍ਹੇ ਜਾਣ ’ਤੇ ਕਿਸ ਤਰੀਕੇ ਨਾਲ ਜਾਂਚ ਨੂੰ ਅੱਗੇ ਵਧਾਉਣਾ ਹੈ ਅਤੇ ਤਕਨੀਕੀ ਤਰੀਕੇ ਨਾਲ ਡਰੋਨ ਨਾਲ ਜੁੜੇ ਲੋਕਾਂ ਦੀ ਜਾਣਕਾਰੀ ਇਕੱਠੀ ਕਰਨੀ ਹੈ।

ਇਹ ਵੀ ਪੜ੍ਹੋ-  ਦੁਖਦ ਖ਼ਬਰ: ਰੋਜ਼ੀ ਰੋਟੀ ਲਈ ਵਿਦੇਸ਼ ਗਏ ਅੰਮ੍ਰਿਤਸਰ ਦੇ ਵਿਅਕਤੀ ਨਾਲ ਵਾਪਰੀ ਅਣਹੋਣੀ, ਮੌਤ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Shivani Bassan

This news is Content Editor Shivani Bassan