ਦੀਨ ਦੇ ਹਿੱਤ 'ਚ ਖੜ੍ਹਾ ਇਨਕਲਾਬੀ ਐਲਾਨਨਾਮਾ ਹੈ ਕਬੀਰ ਬਾਣੀ

06/17/2019 12:27:38 PM

ਸਤਿਗੁਰੂ ਕਬੀਰ ਮਹਾਰਾਜ ਜੀ ਦਾ ਜਨਮ ਮਾਤਾ ਨੀਮਾ ਦੀ ਕੁੱਖੋਂ ਪਿਤਾ ਨੀਰੂ ਦੇ ਘਰ 1398 ਈ. ਨੂੰ ਉੱਤਰ ਪ੍ਰਦੇਸ਼ ਦੇ ਸ਼ਹਿਰ ਬਨਾਰਸ ਵਿਖੇ ਹੋਇਆ। ਕਬੀਰ ਸਾਹਿਬ ਜੀ ਨੇ ਆਪਣੀ ਬਾਣੀ 'ਚ ਕਰਮ-ਕਾਂਡਾਂ, ਪਾਖੰਡਾਂ, ਅੰਧ-ਵਿਸ਼ਵਾਸਾਂ, ਤੀਰਥ ਯਾਤਰਾਵਾਂ, ਤੀਰਥ ਇਸ਼ਨਾਵਾਂ, ਵਰਤਾਂ, ਰੋਜ਼ਿਆਂ, ਜਾਦੂ-ਟੂਣਿਆਂ, ਜੱਗਾਂ ਬਲੀਆਂ, ਸਰੀਰ ਨੂੰ ਕਸ਼ਟ ਦੇਣ ਵਾਲੇ ਤਪਾਂ, ਮੰਤਰਾਂ ਦੇ ਤੋਤਾ ਰਟਨੀ ਜਾਪ, ਸਵਰਗ-ਨਰਕ ਆਦਿ ਕਰਮ-ਕਾਂਡਾਂ ਦਾ ਡਟ ਕੇ ਵਿਰੋਧ ਕੀਤਾ। ਸਵਾਲ ਉੱਠਦਾ ਹੈ ਕਿ ਜਿਸ ਵਿਚਾਰਧਾਰਾ ਦਾ ਕਬੀਰ ਸਾਹਿਬ ਜੀ ਨੇ ਖੰਡਨ ਕੀਤਾ, ਉਸ ਨੂੰ ਪੈਦਾ ਕਿਸ ਨੇ ਅਤੇ ਕਿਉਂ ਕੀਤਾ ਸੀ? ਇਸ ਅੰਧ-ਵਿਸ਼ਵਾਸੀ ਵਿਚਾਰਧਾਰ ਰਾਹੀਂ ਸਮਾਜ ਦੇ ਹਰ ਵਰਗ, ਖਾਸ ਕਰਕੇ ਸ਼ੁਦਰਾਂ ਨੂੰ ਮਾਨਸਿਕ ਗੁਲਾਮੀ ਦੇ ਸੰਗਲਾਂ 'ਚ ਜਕੜਨ ਵਾਲੇ ਅਸਲ ਲੋਕ ਕੌਣ ਹਨ? ਅੱਜ ਤੋਂ ਚਾਰ ਹਜ਼ਾਰ ਸਾਲ ਪਹਿਲਾਂ ਬੁਝਾਰਤ ਬਣੇ ਇਸ ਸਵਾਲ ਦੀਆਂ ਗੰਢਾਂ ਖੋਲ੍ਹਣ ਵਾਲੇ ਸਤਿਗੁਰੂ ਕਬੀਰ ਸਾਹਿਬ ਦੀ ਬਾਣੀ ਬਾਰੇ ਜ਼ਰੂਰ ਸਮਝਣਾ ਪਵੇਗਾ। ਕਬੀਰ ਸਾਹਿਬ ਕਹਿੰਦੇ ਹਨ ਕਿ :

'ਗਗਨ ਦਮਾਮਾ ਬਾਜਿਓ ਪਰਿਓ ਨਿਸਾਨੈ ਘਾਉ,
ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ,
ਪੁਰਜਾ-ਪੁਰਜਾ ਕਟਿ ਮਰੈ ਕਬਹੂ ਨਾ ਛਾਡੈ ਖੇਤੁ।'


ਭਾਵ ਸੂਰਮਗਤੀ ਨਾਲ ਗਰੀਬ ਅਤੇ ਅਖੌਤੀ ਨੀਵੇਂ ਲੋਕਾਂ ਦੇ ਹਿੱਤ ਦੀ ਗੱਲ ਕਰਨ ਲਈ ਪੁਰਜਾ-ਪੁਰਜਾ ਕੱਟ ਹੋ ਕੇ ਮਰਨ ਲਈ ਤਿਆਰ ਰਹਿਣਾ ਅਤੇ ਮੈਦਾਨ ਛੱਡਣਾ ਨਹੀਂ ਸਗੋਂ ਠੋਕ-ਵਜਾ ਕੇ ਸੱਚ ਦੀ ਆਵਾਜ਼ ਬੁਲੰਦ ਕਰਨੀ।

ਕਬੀਰ ਸਾਹਿਬ ਦੀ ਵਿਚਾਰਧਾਰਾ:
ਮੂਲ ਰੂਪ 'ਚ ਪੰਜਾਬ ਦੇ ਲੋਕ ਸਤਿਗੁਰੂ ਕਬੀਰ ਜੀ ਨੂੰ ਉਨ੍ਹਾਂ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਬਾਣੀ ਦੇ ਮਾਧਿਅਮ ਰਾਹੀਂ ਹੀ ਜਾਣਦੇ ਹਨ ਪਰ ਜ਼ਿਆਦਾਤਰ ਲੋਕ ਇਹ ਨਹੀਂ ਜਾਣਦੇ ਕਿ ਉਨ੍ਹਾਂ ਦੀ ਇਨਕਲਾਬੀ ਬਾਣੀ 'ਕਬੀਰ ਬੀਜਕ ਗ੍ਰੰਥ' 'ਚ ਵੱਡੀ ਗਿਣਤੀ 'ਚ ਦਰਜ ਹੈ। ਸੋ ਕਬੀਰ ਸਾਹਿਬ ਨੂੰ ਸਮਝਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਦੇ ਨਾਲ-ਨਾਲ ਕਬੀਰ ਬੀਜਕ ਗ੍ਰੰਥ ਨੂੰ ਵੀ ਪੜ੍ਹਨਾ, ਵਿਚਾਰਨਾ ਅਤੇ ਸਮਝਣਾ ਜ਼ਰੂਰੀ ਹੈ। ਇਸ ਦੇਸ਼ 'ਚ ਮੂਲ ਨਿਵਾਸੀ ਸਾਧੂ-ਸੰਤਾਂ ਨਾਲ ਬਹੁਤ ਵੱਡਾ ਅਨਿਆਂ ਹੋਇਆ ਹੈ। ਇਨ੍ਹਾਂ ਸਾਧੂ-ਸੰਤਾਂ ਦੀ ਬਾਣੀ ਪਾਖੰਡਾਂ ਅਤੇ ਅਡੰਬਰਾਂ 'ਤੇ ਸਿੱਧੀ ਚੋਣ ਕਰਦੀ ਸੀ। ਇਨ੍ਹਾਂ ਪਾਖੰਡਾਂ ਅਤੇ ਅਡੰਬਰਾਂ ਤੋਂ ਮੁਕਤੀ ਦਿਵਾਉਣ ਵਾਲੇ ਯੁੱਗ ਨੂੰ ਬਸਤੀਵਾਦੀ ਵਿਚਾਰਧਾਰਾ ਨੂੰ ਪ੍ਰਣਾਏ ਲੋਕਾਂ ਨੇ ਭਗਤੀ ਕਾਲ 'ਚ ਤਬਦੀਲ ਕਰ ਦਿੱਤਾ। ਕਬੀਰ ਸਾਹਿਬ ਸਾਨੂੰ ਸਮਝਾਉਂਦੇ ਹੋਏ ਕਹਿੰਦੇ ਹਨ ਕਿ ਜੇਕਰ ਸਿਰਫ ਰਾਮ-ਰਾਮ ਜਪਣ ਨਾਲ ਮੁਕਤੀ ਮਿਲ ਸਕਦੀ ਹੈ ਤਾਂ ਫਿਰ ਸ਼ੱਕਰ-ਸ਼ੱਕਰ ਕਹਿਣ ਨਾਲ ਮੂੰਹ ਜ਼ਰੂਰ ਮਿੱਠਾ ਹੋਣਾ ਚਾਹੀਦਾ ਹੈ। ਕਬੀਰ ਸਾਹਿਬ ਨੇ ਮਿਹਨਤਕਸ਼ ਲੋਕਾਂ ਨੂੰ ਆਪਣੀ ਬਾਣੀ ਰਾਹੀਂ ਸਮਝਾਇਆ ਕਿ ਹੇ ਮਿਹਨਤੀ ਮਨੁੱਖ, ਸਾਰਾ ਦਿਨ ਹੱਡ-ਭੰਨਵੀਂ ਮਿਹਨਤ ਕਰਕੇ ਤੂੰ ਆਪਣੇ ਆਪ ਨੂੰ ਨੀਵਾਂ ਕਿਉਂ ਸਮਝਦਾ ਹੈ? ਆਪਣੇ ਗੁਣਾਂ, ਆਪਣੀ ਮਿਹਨਤ ਅਤੇ ਆਪਣੀ ਮਹਾਨਤਾ ਨੂੰ ਕਿਸੇ ਹੋਰ ਦੇ ਉੱਤੇ ਕਿਉਂ ਸੁੱਟ ਰਿਹਾ ਹੈ।

ਬੀਜਕ ਗ੍ਰੰਥ ਸਾਖੀ 336 'ਚ ਆਉਂਦਾ ਹੈ-
'ਕਰਤੈ ਕੀਆ ਨਾ ਵਿਧਿ ਕੀਆ, ਰਵਿ, ਸਸਿ ਪਰਿ ਨਰਿ ਨਾ ਦ੍ਰਿਸ਼ਟੀ, 
ਦੀਨ ਲੋਕ ਮੈਂ ਹੈ ਨਹੀਂ, ਜਾਨੇ ਸਕਲੋ ਸ਼੍ਰਿਸਟਿ।'

ਧਾਰਮਿਕ ਖੇਤਰ 'ਚ ਦੋ ਪ੍ਰਕਾਰ ਦੇ ਲੋਕ ਪਾਏ ਜਾਂਦੇ ਹਨ-ਇਕ ਨਾਸਤਿਕ ਅਤੇ ਦੂਜੇ ਆਸਤਿਕ। ਜੋ ਈਸ਼ਵਰ ਨੂੰ ਨਹੀਂ ਮੰਨਦੇ, ਉਸ 'ਚ ਵਿਸ਼ਵਾਸ ਨਹੀਂ ਕਰਦੇ, ਉਨ੍ਹਾਂ ਨੂੰ ਨਾਸਤਿਕ ਕਹਿਣ ਦੀ ਪ੍ਰੰਪਰਾ ਹੈ ਪਰ ਆਸਤਿਕ-ਨਾਸਤਿਕ ਦੀ ਇਹ ਵਿਆਖਿਆ ਕਰਨਾ ਸਰਾਸਰ ਗਲਤ ਹੈ। ਜੇਕਰ ਇਸ ਤਰ੍ਹਾਂ ਮੰਨ ਲਿਆ ਜਾਵੇ ਤਾਂ ਕਪਿਲ, ਕਣਾਦ, ਜੈਮਿਨੀ, ਪਤੰਜਲੀ, ਮਹਾਵੀਰ ਸੁਆਮੀ ਅਤੇ ਤਥਾਗਤ ਗੌਤਮ ਬੁੱਧ ਆਦਿ ਮਹਾਪੁਰਸ਼ ਨਾਸਤਿਕ ਹੀ ਕਰਾਰ ਕਰ ਦਿੱਤੇ ਜਾਣਗੇ। ਜਿਨ੍ਹਾਂ ਨੇ ਸ੍ਰਿਸ਼ਟੀ ਦਾ ਰਚਣਹਾਰਾ ਕਿਸੇ ਨੂੰ ਨਹੀਂ ਮੰਨਿਆ ਪਰ ਕੀ ਸਿਰਫ ਈਸ਼ਵਰ ਨੂੰ ਨਾ ਮੰਨਣ ਵਾਲੇ ਨੂੰ ਨਾਸਤਿਕ ਕਿਹਾ ਜਾ ਸਕਦਾ ਹੈ। ਕਦੇ ਵੀ ਨਹੀਂ। ਅਜਿਹੇ ਮਹਾਪੁਰਸ਼ ਧਰਤੀ ਦਾ ਸ਼ਿੰਗਾਰ ਹਨ, ਜਿਨ੍ਹਾਂ ਦੀਆਂ ਮਾਨਵਤਾਵਾਦੀ ਕਲਿਆਣਕਾਰੀ ਸਿੱਖਿਆਵਾਂ ਲੋਕਾਂ ਨੂੰ ਸੁਖਮਈ ਜੀਵਨ ਜਿਊਣ ਦੀ ਸੇਧ ਦੇ ਰਹੀਆਂ ਹਨ। ਜੇਕਰ ਦੁਨੀਆ ਦੇ ਇਤਿਹਾਸ 'ਚੋਂ ਉਪਰੋਕਤ ਮਹਾਪੁਰਸ਼ਾਂ ਦੇ ਨਾਂ ਅਤੇ ਇਨ੍ਹਾਂ ਤੋਂ ਬਾਅਦ ਅਨੇਕਾਂ ਹੋਰ ਤਰਕਵਾਦੀ ਮਹਾਪੁਰਸ਼ਾਂ ਦੇ ਨਾਂ ਕੱਢ ਦਿੱਤੇ ਜਾਣ ਤਾਂ ਦੁਨੀਆ ਦੇ ਧਾਰਮਿਕ ਗ੍ਰੰਥਾਂ 'ਚ ਰਹਿ ਕੀ ਜਾਵੇਗਾ? ਸਤਿਗੁਰੂ ਕਬੀਰ ਮਹਾਰਾਜ ਜੀ ਦੇ ਕਬੀਰ ਬੀਜਕ ਸਦਗ੍ਰੰਥ ਨੂੰ ਪੜ੍ਹਨਾ ਅਤੇ ਆਪਣੇ ਗਿਆਨ ਦੀ ਅਨੁਭਵਤਾ ਨਾਲ ਵਿਚਾਰ ਕਰਨੀ ਹਰ ਚੇਤੰਨ ਵਿਅਕਤੀ ਦਾ ਫਰਜ਼ ਹੈ। ਸਤਿਗੁਰੂ ਕਬੀਰ ਸਾਹਿਬ ਵਲੋਂ ਚਲਾਇਆ ਅੰਦੋਲਨ ਭਗਤੀ ਅੰਦੋਲਨ ਨਹੀਂ, ਸਗੋਂ ਧਾਰਮਿਕ, ਸਮਾਜਿਕ ਅਤੇ ਆਰਥਿਕ ਤੌਰ 'ਤੇ ਚੇਤੰਨ ਕਰਦਾ ਇਕ ਇਨਕਲਾਬੀ ਅੰਦੋਲਨ ਹੈ।

'ਕਬੀਰ ਸਾਚਾ ਸਤਿਗੁਰੂ ਕਿਆ ਕਰੇ, ਜਉ ਸਿਖਾ ਮਹਿ ਚੂਕ,
ਅੰਧੈ ਏਕ ਨਾ ਲਗਈ ਜਿਉਂ ਬਾਸੁ ਬਜਾਈਐ ਫੂਕ।'


ਅਰਥ-ਹੇ ਕਬੀਰ, ਜੇ ਸਿੱਖਿਆਰਥੀਆਂ 'ਚ ਉਕਾਈ ਔਗੁਣ ਹੋਣ ਤਾਂ ਸਤਿਗੁਰੂ ਵੀ ਕੁਝ ਨਹੀਂ ਕਰ ਸਕਦਾ। ਜਿਹੜਾ ਮਨੁੱਖ ਅਵਿੱਦਿਆ ਕਾਰਨ ਅੰਨ੍ਹਾ ਹੋਇਆ ਪਿਆ ਹੈ, ਉਸ 'ਤੇ ਗੁਰੂ ਦੀ ਸਿੱਖਿਆ ਵੀ ਅਸਰ ਨਹੀਂ ਕਰ ਸਕਦੀ। ਅਜਿਹੇ ਮਨੁੱਖਾਂ ਅਤੇ ਸਤਿਗੁਰੂ ਦੁਆਰਾ ਦਿੱਤੀ ਮੱਤ ਦਾ ਕੋਈ ਅਸਰ ਨਹੀਂ ਹੁੰਦਾ। ਬਾਂਸ 'ਚ ਫੂਕ ਮਾਰਨ ਦੀ ਤਰ੍ਹਾਂ ਕਹੀ ਹੋਈ ਗੱਲ ਇਕ ਕੰਨ ਤੋਂ ਦੂਜੇ ਕੰਨ ਰਾਹੀਂ ਬਾਹਰ ਨਿਕਲ ਜਾਂਦੀ ਹੈ। ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਡਕਰ ਦੀ ਨੇ ਬੁੱਧ ਧਰਮ ਗ੍ਰਹਿਣ ਕਰਨ ਤੋਂ ਪਹਿਲਾਂ ਕਿਹਾ ਸੀ ਕਿ ਮੇਰੇ ਤਿੰਨ ਗੁਰੂ ਹਨ-ਤਥਾਗਤ ਭਗਵਾਨ ਬੁੱਧ, ਸਤਿਗੁਰੂ ਕਬੀਰ ਅਤੇ ਜੋਤਿਬਾ ਰਾਓ ਫੂਲੇ। ਆਓ, ਅੱਜ ਅਸੀਂ ਸਤਿਗੁਰੂ ਕਬੀਰ ਜੀ ਮਹਾਰਾਜ ਦੇ ਜਨਮ ਦਿਵਸ ਮੌਕੇ ਪ੍ਰਣ ਲਈਏ ਅਤੇ ਉਨ੍ਹਾਂ ਦੇ ਦੱਸੇ ਰਸਤੇ 'ਤੇ ਚੱਲ ਕੇ ਸਮਾਜ 'ਚ ਫੈਲ ਰਹੀਆਂ ਕੁਰੀਤੀਆਂ ਖਿਲਾਫ ਜ਼ਮੀਨੀ ਪੱਧਰ 'ਤੇ ਡਟ ਕੇ ਕੰਮ ਕਰੀਏ।


rajwinder kaur

Content Editor

Related News