ਏ. ਐੱਸ.ਆਈ. ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ 'ਚ 10 ਦਿਨਾਂ ਬਾਅਦ ਵੀ ਨਹੀਂ ਹੋਈ ਕੋਈ ਗ੍ਰਿਫਤਾਰੀ

11/12/2018 6:26:46 PM

ਜਲੰਧਰ (ਮਹੇਸ਼)-1 ਨਵੰਬਰ ਦੀ ਸਵੇਰ ਨੂੰ ਜੈਤੇਵਾਲੀ-ਬੋਲੀਨਾ ਰੇਲਵੇ ਟਰੈਕ ’ਤੇ ਪੰਜਾਬ ਪੁਲਸ ਦੇ 48 ਸਾਲਾ ਇਕ ਏ. ਐੱਸ. ਆਈ. ਮੁਖਤਿਆਰ ਸਿੰਘ ਵਾਸੀ ਜੈਤੇਵਾਲੀ ਨੇ ਟਰੇਨ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ, ਜਿਸ ਤੋਂ ਬਾਅਦ ਰੇਲਵੇ ਪੁਲਸ ਨੇ ਮ੍ਰਿਤਕ ਏ. ਐੱਸ. ਆਈ. ਦੀ ਪਤਨੀ ਸੁਖਵਿੰਦਰ ਕੌਰ ਦੇ ਬਿਆਨਾਂ ’ਤੇ ਇਸ ਮਾਮਲੇ ’ਚ ਸਰਬਜੀਤ ਸਿੰਘ ਉਰਫ ਜੌਨੀ ਪੁੱਤਰ ਗੁਰਦੀਪ ਸਿੰਘ ਵਾਸੀ ਮਾਡਲ ਟਾਊਨ, ਥਾਣਾ ਨੰ. 6 ਜਲੰਧਰ, ਸੰਤੋਖ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਪਧਿਆਣਾ ਥਾਣਾ ਆਦਮਪੁਰ ਜਲੰਧਰ ਤੇ ਸੰਤੋਖ ਸਿੰਘ ਦੀ ਭੈਣ ਹਰਜੀਤ ਕੌਰ ਪਤਨੀ ਸਤਨਾਮ ਸਿੰਘ ਵਾਸੀ ਪਿੰਡ ਕਡਿਆਣਾ ਥਾਣਾ ਆਦਮਪੁਰ, ਜਲੰਧਰ ਖਿਲਾਫ ਥਾਣਾ ਜੀ. ਆਰ. ਪੀ. ਜਲੰਧਰ ’ਚ ਕੇਸ ਦਰਜ ਕਰ ਲਿਆ ਗਿਆ ਸੀ ਪਰ ਅੱਜ ਘਟਨਾ ਦੇ 10 ਦਿਨ ਬਾਅਦ ਵੀ ਪੁਲਸ ਕਿਸੇ ਮੁਲਜ਼ਮ ਨੂੰ ਗ੍ਰਿਫਤਾਰ ਨਹੀਂ ਕਰ ਸਕੀ ਹੈ। ਪੁਲਸ ਮੁਲਜ਼ਮ ਦੀ ਭਾਲ ’ਚ ਛਾਪੇਮਾਰੀ ਕਰ ਰਹੀ ਹੈ ਪਰ ਅਜੇ ਤੱਕ ਉਸ ਦੇ ਹੱਥ ਖਾਲੀ ਹਨ। ਜੀ. ਆਰ. ਪੀ. ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਸਤਪਾਲ ਸਿੰਘ ਛੁੱਟੀ ’ਤੇ ਹੋਣ ਕਾਰਨ ਉਨ੍ਹਾਂ ਨਾਲ ਉਕਤ ਸਬੰਧ ’ਚ ਸੰਪਰਕ ਨਹੀਂ ਹੋ ਸਕਿਆ। ਉਨ੍ਹਾਂ ਨੇ ਹੀ ਘਟਨਾ ਵਾਲੇ ਦਿਨ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ ਸੀ।