4 ਮਹੀਨੇ ਪਹਿਲਾਂ ਜ਼ਮਾਨਤ ’ਤੇ ਆ ਕੇ ਦੁਬਾਰਾ ਕਰਨ ਲੱਗੇ ਚੋਰੀ, ਪੁਲਸ ਨੇ 4 ਮੁਲਜ਼ਮਾਂ ਨੂੰ ਫੜਿਆ

10/31/2018 12:47:39 PM

ਜਲੰਧਰ (ਮ੍ਰਿਦੁਲ)— ਥਾਣਾ ਨੰਬਰ 5 ਦੀ ਪੁਲਸ ਨੇ ਬਸਤੀ ਇਲਾਕੇ ਵਿਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਮਾਮਲੇ ਨੂੰ ਲੈ ਕੇ ਪੁਲਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਕੋਲੋਂ 11 ਮੋਬਾਇਲ, ਇਕ ਖਿਡੌਣਾ ਪਿਸਤੌਲ ਅਤੇ ਇਕ ਐੱਲ. ਈ. ਡੀ. ਬਰਾਮਦ ਹੋਈ ਹੈ। ਐੱਸ. ਐੱਚ. ਓ. ਨਿਰਮਲ ਸਿੰਘ ਨੇ ਦੱਸਿਆ ਕਿ ਫੜਿਆ ਗਿਆ ਮੁਲਜ਼ਮ ਮੋਚੀਆਂ ਮੁਹੱਲੇ ਦਾ ਰਹਿਣ ਵਾਲਾ ਹੈ। ਮਨੀ ਉਰਫ ਮਾਣਾ, ਸਾਹਿਲ, ਗੁਲਸ਼ਨ ਖੋਸਲਾ, ਸੁਮਿਤ ਸਹੋਤਾ ਤੇ ਹੋਰ ਮੁਲਜ਼ਮਾਂ ਨੂ ਟ੍ਰੈਪ ਲਗਾ ਕੇ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਕਤ ਮੁਲਜ਼ਮਾਂ ਨੇ 29 ਅਕਤੂਬਰ ਦੀ ਰਾਤ ਨੂੰ ਬਸਤੀ ਇਲਾਕੇ ਵਿਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ, ਜਿਸ ਕਾਰਨ ਪੁਲਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਕੇਸ ਵਿਚ ਫੜੇ ਗਏ ਮੁਲਜ਼ਮ ਮਾਣਾ ਅਤੇ ਸਾਹਿਲ ਦੋਵੇਂ ਨਸ਼ੇ ਕਰਨ ਦੇ ਆਦੀ ਹਨ, ਜਿਸ ਕਾਰਨ ਉਨ੍ਹਾਂ ’ਤੇ ਪਹਿਲਾਂ ਵੀ ਐੱਨ. ਡੀ. ਪੀ. ਐੱਸ. ਦੇ ਮਾਮਲੇ ਦਰਜ ਹਨ। ਸਾਹਿਲ ਕਰੀਬ 4 ਮਹੀਨੇ ਪਹਿਲਾਂ ਵੀ ਕੋਰਟ ਤੋਂ ਜ਼ਮਾਨਤ ’ਤੇ ਆਇਆ ਹੈ ਅਤੇ ਆਉਂਦਿਆਂ ਹੀ ਉਸਨੇ ਦੁਬਾਰਾ ਲੁੱਟ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਸੀ। ਐੱਸ. ਐੱਚ. ਓ. ਨੇ ਦੱਸਿਆ ਕਿ ਮੁਲਜ਼ਮ ਨੂੰ ਕੋਰਟ ਵਿਚ ਪੇਸ਼ ਕਰ ਕੇ ਦੋ ਦਿਨ ਦਾ ਰਿਮਾਂਡ ਲਿਆ ਹੈ।


Related News