ਸ਼ੰਘਾਈ ਸਹਿਯੋਗ ਸੰਗਠਨ ’ਚ ਭਾਰਤ ਦੀ ਭੂਮਿਕਾ ਦੇ ਕੀ ਹਨ ਮਾਇਨੇ

09/19/2022 2:09:55 PM

ਜਲੰਧਰ (ਇੰਟਰਨੈਸ਼ਨਲ ਡੈਸਕ) : ਸਮਰਕੰਦ ’ਚ ਸ਼ੰਘਾਈ ਸਹਿਯੋਗ ਸੰਗਠਨ (ਐੱਸ. ਸੀ. ਓ.) ਦੀ ਬੈਠਕ ਦੇ ਕਈ ਅਹਿਮ ਫ਼ੌਜੀ ਮਾਇਨੇ ਹਨ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਨਫਰੰਸ ’ਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਤੁਰਕੀ ਦੇ ਰਾਸ਼ਟਰਪਤੀ ਤੈਯਪ ਅਰਦੋਗਨ ਸਮੇਤ ਕਈ ਨੇਤਾਵਾਂ ਨਾਲ ਮੁਲਾਕਾਤ ਕੀਤੀ ਪਰ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨਾਲ ਉਨ੍ਹਾਂ ਦੀ ਗੱਲਬਾਤ ਨਹੀਂ ਹੋਈ। ਇਸ ਬੈਠਕ ਵਿਚ ਸ਼ਾਮਲ ਹੋਏ ਨੇਤਾਵਾਂ ਦੇ ਮਹੱਤਵਪੂਰਨ ਬਿਆਨ ਸਾਹਮਣੇ ਆਏ ਹਨ।

ਯੂਕ੍ਰੇਨ ’ਤੇ ਚੀਨ ਦੇ ਰੁਖ਼ ’ਤੇ ਪੁਤਿਨ ਨੇ ਕੀ ਕਿਹਾ?

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਨੇ ਕਿਹਾ ਕਿ ਚੀਨ ਅਤੇ ਰੂਸ ਵਿਚਾਲੇ ਯੂਕ੍ਰੇਨ ਨੂੰ ਲੈ ਕੇ ਪੂਰੀ ਤਰ੍ਹਾਂ ਸਹਿਮਤੀ ਨਹੀਂ ਹੈ। ਪੁਤਿਨ ਨੇ ਨਾਲ ਇਹ ਵੀ ਕਿਹਾ ਕਿ ਰੂਸ ਯੂਕ੍ਰੇਨ ’ਤੇ ਚੀਨ ਦੇ ਸੰਤੁਲਿਤ ਰੁਖ਼ ਦਾ ਆਦਰ ਕਰਦਾ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਇਹ ਸੰਤੁਲਿਤ ਰੁਖ਼ ਉਨ੍ਹਾਂ ਸਾਰੀਆਂ ਅਟਕਲਾਂ ’ਤੇ ਸਵਾਲੀਆ ਨਿਸ਼ਾਨ ਲਾਉਂਦਾ ਹੈ, ਜਿਨ੍ਹਾਂ ’ਚ ਇਹ ਕਿਹਾ ਜਾਂਦਾ ਰਿਹਾ ਹੈ ਕਿ ਰੂਸ ਅਤੇ ਚੀਨ ਮਿਲ ਕੇ ਇਕ ਨਵੇਂ ਸੀਤ ਯੁੱਧ ਦੀ ਤਿਆਰੀ ਕਰ ਰਹੇ ਹਨ ਪਰ ਲੱਗਦਾ ਹੈ ਕਿ ਫਿਲਹਾਲ ਅਜਿਹਾ ਨਹੀਂ ਹੋਣ ਜਾ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : PM ਮੋਦੀ ਨੇ ਰੂਸ ਦੇ ਰਾਸ਼ਟਰਪਤੀ ਪੁਤਿਨ ਨਾਲ ਕੀਤੀ ਮੁਲਾਕਾਤ, ਅਹਿਮ ਮੁੱਦਿਆਂ ’ਤੇ ਹੋਈ ਚਰਚਾ

PM ਮੋਦੀ ਬੋਲੇ-ਵਰਤਮਾਨ ’ਚ ਯੁੱਧ ਲਈ ਨਹੀਂ ਹੈ ਥਾਂ

ਦੂਜਾ ਦਿਲਚਸਪ ਬਿਆਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਤਾ ਹੈ। ਪੁਤਿਨ ਨਾਲ ਗੱਲਬਾਤ ਦੌਰਾਨ ਮੋਦੀ ਦਾ ਇਹ ਕਹਿਣਾ ਕਿ ਅੱਜ ਦੇ ਦੌਰ ’ਚ ਯੁੱਧ ਲਈ ਕੋਈ ਥਾਂ ਨਹੀਂ ਹੈ, ਪੱਛਮੀ ਮੀਡੀਆ ਨੂੰ ਹੈਰਾਨ ਕਰਨ ਵਾਲਾ ਜ਼ਰੂਰ ਲੱਗਾ ਹੋਵੇਗਾ ਪਰ ਇਹ ਭਾਰਤ ਦੀ ਮਲਟੀ-ਅਲਾਈਮੈਂਟ ਨੀਤੀ ਦਾ ਅਨਿੱਖੜਵਾਂ ਅੰਗ ਹੈ। ਮੋਦੀ ਦੀ ਇਹ ਦੋਸਤਾਨਾ ਨਸੀਹਤ ਸੰਜੀਦਾ ਵੀ ਸੀ ਅਤੇ ਰੂਸ ਲਈ ਲਾਲ ਝੰਡੀ ਵੀ ਕਿ ਭਾਰਤ ਰੂਸ ਦੇ ਯੂਕ੍ਰੇਨ ’ਤੇ ਹਮਲੇ ਦਾ ਸਮਰਥਨ ਨਹੀਂ ਕਰਦਾ ਹੈ। ਚੀਨ ਅਤੇ ਭਾਰਤ ਦੋਵਾਂ ਦੀ ਬੇਬਾਕੀ ਤੋਂ ਇਹ ਵੀ ਸਾਫ਼ ਹੈ ਕਿ ਚੀਨ ਅਤੇ ਭਾਰਤ ਦੋਵੇਂ ਐੱਸ. ਸੀ. ਓ. ਨੂੰ ਅਮਰੀਕਾ ਜਾਂ ਪੱਛਮ ਵਿਰੋਧੀ ਧਿਰ ਦਾ ਜਾਮਾ ਪਹਿਨਾਉਣ ਨੂੰ ਫ਼ਿਲਹਾਲ ਤਿਆਰ ਨਹੀਂ ਹਨ। ਚੀਨ ਲਈ ਇਸਦੀ ਉਪਯੋਗਤਾ ਆਉਣ ਵਾਲੇ ਦਿਨਾਂ ’ਚ ਹੋ ਸਕਦੀ ਹੈ ਪਰ ਭਾਰਤ ਲਈ ਐੱਸ. ਸੀ. ਓ. ਦਾ ਵਿਚਕਾਰਲਾ ਰਸਤਾ ਅਪਣਾਉਣਾ ਜ਼ਰੂਰੀ ਹੈ।

ਰੂਸ ਨੂੰ ਯੁੱਧ ’ਤੇ ਦਿਵਾਇਆ ਅਹਿਸਾਸ

ਇਸੇ ਸਬੰਧ ’ਚ ਭਾਰਤ ਦਾ ਅਗਲੇ ਸਾਲ ਐੱਸ. ਸੀ. ਓ. ਦੀ ਪ੍ਰਧਾਨਗੀ ਕਰਨਾ ਇਸ ਸੰਗਠਨ ਵਿਚ ਆਪਣੀ ਪਕੜ ਨੂੰ ਮਜ਼ਬੂਤ ​​ਕਰਨ ਦੇ ਲਿਹਾਜ਼ ਨਾਲ ਕਾਫ਼ੀ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ। ਜੇਕਰ ਗੱਲ ਐੱਸ. ਸੀ. ਓ. ਦੇ ਸਬੰਧ ’ਚ ਚੀਨ, ਰੂਸ ਅਤੇ ਭਾਰਤ ਦੇ ਸਮੀਕਰਨਾਂ ਅਤੇ ਐੱਸ. ਸੀ. ਓ. ਦੇ ਭਵਿੱਖ ਨੂੰ ਲੈ ਕੇ ਕੀਤੀ ਜਾਵੇ ਤਾਂ ਭਾਰਤ ਅਤੇ ਚੀਨ ਦੀ ਯੂਕ੍ਰੇਨ ਨੂੰ ਲੈ ਕੇ ਕਿਤੇ ਗੱਲਾਂ ਨਾਲ ਅਤੇ ਕਿਤੇ ਨਾ ਕਿਤੇ ਰੂਸ ਨੂੰ ਇਸ ਗੱਲ ਦਾ ਅਹਿਸਾਸ ਹੋ ਰਿਹਾ ਹੋਵੇਗਾ ਕਿ ਉਸਦੇ ਦੋਸਤ ਵੀ ਹੁਣ ਯੂਕ੍ਰੇਨ ਨੂੰ ਲੈ ਕੇ ਚਿੰਤਤ ਹਨ ਅਤੇ ਅਤੇ ਚਾਹੁੰਦੇ ਹਨ ਕਿ ਯੁੱਧ ਜਲਦ ਹੀ ਖ਼ਤਮ ਹੋਵੇ। ਇਨ੍ਹਾਂ ਬਿਆਨਾਂ ਨਾਲ ਚੀਨ ਅਤੇ ਭਾਰਤ ਦੇ ਨਾਲ-ਨਾਲ ਐੱਸ. ਸੀ. ਓ. ’ਤੇ ਅੰਤਰਰਾਸ਼ਟਰੀ ਦਬਾਅ ਘੱਟ ਹੋਵੇਗਾ।

ਭਾਰਤ ਦੀ ਸ਼ੰਘਾਈ ਸਹਿਯੋਗ ਸੰਗਠਨ ’ਚ ਭੂਮਿਕਾ

ਭਾਰਤ ਵਰਗੇ ਦੇਸ਼ ਲਈ ਸਮੁੰਦਰੀ ਸਰਹੱਦ ਨਾਲੋਂ ਜ਼ਮੀਨੀ ਸਰਹੱਦ ਜ਼ਿਆਦਾ ਮਹੱਤਵਪੂਰਨ ਹੈ। ਖ਼ਾਸ ਤੌਰ ’ਤੇ ਜਦੋਂ ਚੀਨ ਅਤੇ ਪਾਕਿਸਤਾਨ ਤੋਂ ਸੁਰੱਖਿਆ ਦਾ ਮਾਮਲਾ ਲਗਾਤਾਰ ਅੱਖਾਂ ਸਾਹਮਣੇ ਹੋਵੇ। ਐੱਸ. ਸੀ. ਓ. ਵਿਚ ਸ਼ਿਰਕਤ ਦੇ ਬਾਵਜੂਦ, ਮੋਦੀ ਦੀ ਵੱਖਰੇ ਤੌਰ ’ਤੇ ਨਾ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨਾਲ ਮੁਲਾਕਾਤ ਹੋਈ ਅਤੇ ਨਾ ਹੀ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ। ਜ਼ਾਹਿਰ ਹੈ ਕਿ ਇਨ੍ਹਾਂ ਦੇਸ਼ਾਂ ਨਾਲ ਤਣਾਅਪੂਰਨ ਸਬੰਧਾਂ ਦੇ ਬਾਵਜੂਦ ਐੱਸ. ਸੀ. ਓ. ਵਰਗੀ ਸੰਗਠਨਾਂ ਵਿਚ ਸ਼ਮੂਲੀਅਤ ਕਿਤੇ ਨਾ ਕਿਤੇ ਇਨ੍ਹਾਂ ਦੋਵਾਂ ਦੇਸ਼ਾਂ ਦੇ ਪ੍ਰਭਾਵ ਨੂੰ ਘੱਟ ਕਰਨ ਦੇ ਉਦੇਸ਼ ਨਾਲ ਵੀ ਕੀਤੀ ਜਾਂਦੀ ਰਹੀ ਹੈ।

ਨੋਟ ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦੱਸੋ

Harnek Seechewal

This news is Content Editor Harnek Seechewal