ਬੇਸਹਾਰਾ ਗਾਵਾਂ ਵੱਡੀ ਪੱਧਰ ’ਤੇ ਫ਼ਸਲਾਂ ਦਾ ਕਰ ਰਹੀਆਂ ਨੇ ਉਜਾੜਾ, ਕਿਸਾਨ ਡਾਢੇ ਪ੍ਰੇਸ਼ਾਨ

11/27/2022 4:49:07 PM

ਅੱਪਰਾ (ਦੀਪਾ)-ਇਲਾਕੇ ਭਰ ਦੇ ਖੇਤਾਂ ’ਚ ਫਿਰਦੀਆਂ ਬੇਸਹਾਰਾ ਗਾਵਾਂ ਵੱਡੀ ਪੱਧਰ ’ਤੇ ਫ਼ਸਲਾਂ ਦਾ ਉਜਾੜਾ ਕਰ ਰਹੀਆਂ ਹਨ, ਜਿਸ ਕਾਰਨ ਇਲਾਕੇ ਦੇ ਕਿਸਾਨ ਡਾਢੇ ਪ੍ਰੇਸ਼ਾਨ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਸਰਬਜੀਤ ਸਿੰਘ ਰਾਣਾ, ਪ੍ਰਗਣ ਰਾਮ ਦਿਆਲਪੁਰ, ਰਣਵੀਰ ਸਿੰਘ ਕੰਦੋਲਾ, ਗੁਰਵਿੰਦਰ ਸਿੰਘ ਕੰਗ, ਬਲਰਾਮ ਸਿੰਘ ਮੰਡੀ ਨੇ ਦੱਸਿਆ ਕਿ ਕਈ ਆਮ ਲੋਕ ਗਾਵਾਂ ਦਾ ਦੁੱਧ ਪੀਣ ਤੋਂ ਬਾਅਦ ਉਨ੍ਹਾਂ ਨੂੰ  ਖੇਤਾਂ ਅਤੇ ਇਲਾਕੇ ਦੀਆਂ ਨਹਿਰਾਂ ’ਚ ਖੁੱਲ੍ਹੀਆਂ ਛੱਡ ਦਿੰਦੇ ਹਨ, ਜਿਸ ਕਾਰਣ ਉਨ੍ਹਾਂ ਦੀ ਬਰਸੀਮ, ਪੁੰਗਰ ਰਹੀ ਕਣਕ, ਅਰਹਰ ਤੇ ਗੰਨੇ ਦੀਆਂ ਫ਼ਸਲਾਂ ਦਾ ਵੱਡੀ ਪੱਧਰ ’ਤੇ ਉਜਾੜਾ ਹੋ ਰਿਹਾ ਹੈ।

ਉਨ੍ਹਾਂ ਅੱਗੇ ਕਿਹਾ ਕਿ ਆਮ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਬੇਸਹਾਰਾ ਗਾਵਾਂ ਨੂੰ ਗਊਸ਼ਾਲਾਵਾਂ ’ਚ ਹੀ ਛੱਡਣ ਤਾਂ ਕਿ ਪਹਿਲਾਂ ਹੀ ਕਰਜ਼ੇ ਦੀ ਮਾਰ ਹੇਠ ਆ ਚੁੱਕੀ ਕਿਸਾਨੀ ਨੂੰ ਹੋਰ ਆਰਥਿਕ ਨੁਕਸਾਨ ਨਾ ਹੋਵੇ। ਕਿਸਾਨਾਂ ਨੇ ਅੱਗੇ ਕਿਹਾ ਕਿ ਕਿਸਾਨਾਂ ਦੀ ਫ਼ਸਲ ਦੇ ਨਾਲ-ਨਾਲ ਉਕਤ ਬੇਸਹਾਰਾ ਗਾਵਾਂ ਦੁਰਘਟਨਾਵਾਂ ਦਾ ਕਾਰਣ ਵੀ ਬਣ ਰਹੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਇਸ ਸੰਬੰਧ 'ਚ ਸਰਕਾਰ ਨੂੰ ਵੀ ਠੋਸ ਕਦਮ ਚੁੱਕਣੇ ਚਾਹੀਦੇ ਹਨ।

Manoj

This news is Content Editor Manoj