15 ਅਕਤੂਬਰ ਨੂੰ ਮਨਾਇਆ ਜਾਵੇਗਾ ਦੁਸਹਿਰਾ, ਜਾਣੋ ਸ਼ੁੱਭ ਮਹੂਰਤ ਤੇ ਪੂਜਾ ਵਿਧੀ

10/14/2021 11:25:01 AM

ਜਲੰਧਰ (ਬਿਊਰੋ) : ਦੁਸਹਿਰੇ ਦਾ ਤਿਉਹਾਰ ਹਿੰਦੂਆਂ ਦੇ ਸਭ ਤੋਂ ਪ੍ਰਮੁੱਖ ਤਿਉਹਾਰਾਂ ਵਿਚੋਂ ਇਕ ਹੈ। ਇਸ ਨੂੰ 'ਵਿਜੈਦਸ਼ਮੀ' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਜੋ ਨਰਾਤਿਆਂ ਦੇ ਆਖਰੀ ਦਿਨ ਮਨਾਇਆ ਜਾਂਦਾ ਹੈ। ਸਾਲ 2021 'ਚ ਦੁਸਹਿਰਾ 15 ਅਕਤੂਬਰ ਸ਼ੁੱਕਰਵਾਰ ਨੂੰ ਮਨਾਇਆ ਜਾਵੇਗਾ। ਦਸਮ ਤਿਥੀ 14 ਅਕਤੂਬਰ 2021 ਨੂੰ ਸ਼ਾਮ 6.52 ਵਜੇ ਸ਼ੁਰੂ ਹੋਵੇਗੀ ਤੇ 15 ਅਕਤੂਬਰ 2021 ਨੂੰ ਸ਼ਾਮ 6.02 ਵਜੇ ਸਮਾਪਤ ਹੋਵੇਗੀ। ਇਸ ਸਾਲ ਵਿਜੈ ਮਹੂਰਤ ਦੁਪਹਿਰੇ 2.02 ਵਜੇ ਸ਼ੁਰੂ ਹੋਵੇਗਾ ਤੇ ਦੁਪਹਿਰੇ 2.48 ਵਜੇ ਤਕ ਚੱਲੇਗਾ। ਉੱਥੇ ਹੀ ਪੂਜਾ ਦਾ ਮਹੂਰਤਾ ਦੁਪਹਿਰੇ 1.16 ਵਜੇ ਸ਼ੁਰੂ ਹੋਵੇਗਾ ਤੇ ਦੁਪਹਿਰੇ 3.34 ਵਜੇ ਸਮਾਪਤ ਹੋਵੇਗਾ।

ਇਸ ਤਿਉਹਾਰ ਨੂੰ ਮਨਾਉਣ ਪਿੱਛੇ ਦੋ ਕਹਾਣੀਆਂ ਹਨ। ਭਗਵਾਨ ਰਾਮ ਨੇ ਇਸੇ ਦਿਨ ਰਾਵਣ ਨੂੰ ਮਾਰ ਕੇ ਲੰਕਾ 'ਤੇ ਜਿੱਤ ਹਾਸਲ ਕੀਤੀ ਸੀ ਤੇ ਆਪਣੀ ਪਤਨੀ ਸੀਤਾ ਨੂੰ ਵਾਪਸ ਲਿਆਏ ਸਨ। ਉੱਥੇ ਹੀ ਦੂਸਰੀ ਕਹਾਣੀ ਅਨੁਸਾਰ ਮਾਂ ਦੁਰਗਾ ਨੇ ਇਸੇ ਦਿਨ ਰਾਕਸ਼ਸ ਮਹਿਸ਼ਾਦੁਰ ਨੂੰ ਮਾਰ ਕੇ ਦੇਵਤਿਆਂ ਦੀ ਰੱਖਿਆ ਕੀਤੀ ਸੀ। ਇਸ ਦਿਨ 'ਸ਼ਮੀ ਪੂਜਾ', ਅਪਰਾਜਿਤਾ ਪੂਜਾ ਤੇ ਸੀਮਾ ਹਿਮਸਖਲਨ ਕੁਝ ਅਜਿਹੇ ਯੱਗ ਹਨ, ਜਿਹੜੇ ਦੁਪਹਿਰੋਂ ਬਾਅਦ ਕੀਤੇ ਜਾਂਦੇ ਹਨ।

ਕਈ ਤਰੀਕਿਆਂ ਨਾਲ ਮਨਾਇਆ ਜਾਂਦਾ ਹੈ ਦੁਸਹਿਰੇ ਦਾ ਤਿਉਹਾਰ
ਵੱਖ-ਵੱਖ ਥਾਵਾਂ 'ਤੇ ਦੁਸਹਿਰੇ ਦਾ ਤਿਉਹਾਰ ਵੱਖ-ਵੱਖ ਤਰੀਕਿਆਂ ਨਾਲ ਮਨਾਇਆ ਜਾਂਦਾ ਹੈ। ਸ਼ਸਤਰਾਂ ਦੀ ਵਰਤੋਂ ਕਰਨ ਵਾਲੇ ਭਾਈਚਾਰਾ ਇਸ ਦਿਨ ਸ਼ਸਤਰ ਪੂਜਨ ਕਰਦੇ ਹਨ। ਉੱਥੇ ਹੀ ਕਈ ਲੋਕ ਇਸ ਦਿਨ ਆਪਣੀਆਂ ਪੁਸਤਕਾਂ, ਵਾਹਨ ਆਦਿ ਦੀ ਵੀ ਪੂਜਾ ਕਰਦੇ ਹਨ। ਕਿਸੇ ਨਵੇਂ ਕੰਮ ਨੂੰ ਸ਼ੁਰੂ ਕਰਨ ਲਈ ਇਹ ਦਿਨ ਸਭ ਤੋਂ ਜ਼ਿਆਦਾ ਸੁੱਭ ਮੰਨਿਆ ਜਾਂਦਾ ਹੈ। ਕਈ ਥਾਵਾਂ 'ਤੇ ਦੁਸਹਿਰੇ ਵਾਲੇ ਦਿਨ ਨਵਾਂ ਸਾਮਾਨ ਖਰੀਦਣ ਦੀ ਵੀ ਪਰੰਪਰਾ ਹੈ। ਜ਼ਿਆਦਾਤਰ ਥਾਵਾਂ 'ਤੇ ਇਸ ਦਿਨ ਰਾਵਣ ਦਾ ਪੁਤਲਾ ਫੂਕਿਆ ਜਾਂਦਾ ਹੈ, ਉੱਥੇ ਹੀ ਜਦੋਂ ਪੁਰਸ਼ ਰਾਵਣ ਦਹਿਨ ਤੋਂ ਬਾਅਦ ਘਰ ਜਾਂਦੇ ਹਨ ਤਾਂ ਕੁਝ ਥਾਵਾਂ 'ਤੇ ਔਰਤਾਂ ਉਨ੍ਹਾਂ ਦੀ ਆਰਤੀ ਉਤਾਰਦੀਆਂ ਹਨ ਤੇ ਟਿੱਕਾ ਲਾਉਂਦੀਆਂ ਹਨ।

ਬੰਗਾਲ 'ਚ ਮਨਾਇਆ ਜਾਂਦਾ ਹੈ 'ਬਿਜੌਏ ਦਿਵਸ'
ਕਈ ਥਾਵਾਂ 'ਤੇ ਇਸ ਦਿਨ ਰਾਵਣ ਦੇ ਪੁਤਲੇ ਸਾੜੇ ਜਾਂਦੇ ਹਨ, ਜੋ ਬੁਰਾਈ ਦੇ ਵਿਨਾਸ਼ ਦਾ ਪ੍ਰਤੀਕ ਹੈ, ਨਾਲ ਹੀ ਆਤਿਸ਼ਬਾਜ਼ੀ ਵੀ ਹੁੰਦੀ ਹੈ। ਉੱਥੇ ਹੀ ਬੰਗਾਲੀ ਇਸ ਦਿਨ 'ਬਿਜੌਏ ਦਸ਼ਮੀ' ਮਨਾਉਂਦੇ ਹਨ ਜੋ ਦੁਰਗਾ ਪੂਜਾ ਦੇ ਦਸਵੇਂ ਦਿਨ ਦਾ ਪ੍ਰਤੀਕ ਹੈ। ਇਸ ਦਿਨ, ਦੇਵੀ ਦੀਆਂ ਮੂਰਤੀਆਂ ਨੂੰ ਜਲੂਸ 'ਚ ਲਿਜਾਇਆ ਜਾਂਦਾ ਹੈ ਅਤੇ ਨਦੀ 'ਚ ਵਿਸਰਜਿਤ ਕੀਤਾ ਜਾਂਦਾ ਹੈ। ਵਿਆਹੁਤਾ ਔਰਤਾਂ ਵੀ ਇਕ-ਦੂਸਰੇ ਦੇ ਚਿਹਰੇ 'ਤੇ ਸੰਧੂਰ ਲਾਉਂਦੀਆਂ ਹਨ ਤੇ ਇਕ-ਦੂਸਰੇ ਨੂੰ ਵਧਾਈ ਦਿੰਦੀਆਂ ਹਨ। ਇਸ ਤੋਂ ਇਲਾਵਾ ਦਾਅਵਤ ਵੀ ਹੁੰਦੀ ਹੈ।

ਦੁਸਹਿਰੇ ਦੀ ਪੂਜਾ ਵਿਧੀ
ਦੁਸਹਿਰੇ ਵਾਲੇ ਦਿਨ ਸਵੇਰੇ ਜਲਦੀ ਉੱਠ ਕੇ, ਨਹਾ-ਧੋ ਕੇ ਸਾਫ਼ ਕੱਪੜੇ ਪਾ ਕੇ ਅਤੇ ਕਣਕ ਜਾਂ ਚੂਨੇ ਨਾਲ ਦੁਸਹਿਰੇ ਦੀ ਪ੍ਰਤਿਮਾ ਬਣਾਓ। ਗਾਂ ਦੇ ਗੋਹੇ ਨਾਲ 9 ਗੋਲੇ ਤੇ 2 ਕਟੋਰੀਆ ਬਣਾ ਕੇ, ਇਕ ਕਟੋਰੀ 'ਚ ਸਿੱਕੇ ਅਤੇ ਦੂਸਰੀ ਕਟੋਰੀ 'ਚ ਰੋਲੀ, ਚਾਵਲ, ਜੌਂ ਤੇ ਫਲ ਰੱਖੋ। ਹੁਣ ਮੂਰਤੀ ਨੂੰ ਕੇਲੇ, ਜੌਂ, ਗੁੜ ਤੇ ਮੂਲੀ ਚੜ੍ਹਾਓ। ਜੇਕਰ ਬਹੀਖਾਤਿਆਂ ਜਾਂ ਸ਼ਸਤਰਾਂ ਦੀ ਪੂਜਾ ਕਰ ਰਹੇ ਹੋ ਤਾਂ ਉਨ੍ਹਾਂ 'ਤੇ ਵੀ ਇਹ ਸਮੱਗਰੀ ਜ਼ਰੂਰ ਚੜ੍ਹਾਓ। ਇਸ ਤੋਂ ਬਾਅਦ ਆਪਣੀ ਸਮਰੱਥਾ ਅਨੁਸਾਰ ਦਾਨ-ਦਕਸ਼ਿਣਾ ਕਰੋ ਤੇ ਗ਼ਰੀਬਾਂ ਨੂੰ ਭੋਜਨ ਕਰਵਾਓ। ਰਾਵਣ ਦਹਿਨ ਤੋਂ ਬਾਅਦ ਸ਼ਮੀ ਦਰੱਖਤ ਦੀਆਂ ਪੱਤੀਆਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਦਿਉ। ਅਖੀਰ ਵਿਚ ਵੱਡੇ-ਬਜ਼ੁਰਗਾਂ ਦੇ ਪੈਰ ਛੂਹ ਕੇ ਉਨ੍ਹਾਂ ਤੋਂ ਅਸ਼ੀਰਦਵਾਦ ਪ੍ਰਾਪਤ ਕਰੋ।

sunita

This news is Content Editor sunita