ਸਿਮਰਨਜੀਤ ਸਿੰਘ ਮਾਨ ਨੇ ਹਮੇਸ਼ਾ ਪੰਥਕ ਕੰਮਾਂ ਵਿਚ ਰੋੜੇ ਪਾਉਣ ਦਾ ਕੰਮ : ਹਰਦੀਪ ਸਿੰਘ ਡਿਬਡਿਬਾ

09/18/2022 5:27:28 PM

ਜਲੰਧਰ : ਕਿਸੇ ਸਮੇਂ ਪੰਥਕ ਸਿਆਸਤ ਵਿਚ ਵੱਡਾ ਨਾਂ ਰਹੇ ਅਤੇ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਖਾਸਮ ਖਾਸ ਰਹੇ ਹਰਦੀਪ ਸਿੰਘ ਡਿਬਡਿਬਾ ਨੇ ਵੱਡੇ ਖ਼ੁਲਾਸੇ ਕੀਤੇ ਹਨ। ਸਰਦਾਰ ਡਿਬਡਿਬਾ ਨੇ ਕਿਹਾ ਹੈ ਕਿ ਸਿਮਰਨਜੀਤ ਸਿੰਘ ਮਾਨ ਨੇ ਹਮੇਸ਼ਾ ਪੰਥਕ ਕੰਮਾਂ ਵਿਚ ਰੋੜੇ ਪਾਉਣ ਦਾ ਕੰਮ ਕੀਤਾ ਹੈ। 30 ਸਾਲ ਵਿਚ ਮਾਨ ਨੇ ਪੰਥ ਦੀ ਹੋਣੀ ਨੂੰ ਕਿਸੇ ਕਿਨਾਰੇ ਨਹੀਂ ਲੱਗਣ ਦਿੱਤਾ। ਡਿਬਡਿਬਾ ਨੇ ਕਿਹਾ ਕਿ ਪੰਜਾਬ ਵਿਚ ਤਿੰਨ ਨਸਲਕੁਸ਼ੀਆਂ ਹੋਈਆਂ ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਇਸ ਲਈ ਕੋਈ ਜ਼ਿੰਮੇਵਾਰ ਹੈ ਤਾਂ ਉਹ ਸਿਮਰਨਜੀਤ ਸਿੰਘ ਮਾਨ ਹੈ ਜਿਸ ਨੇ ਨਾਂ ਤਾਂ ਪੰਥ ਦੀ ਅਗਵਾਈ ਕੀਤੀ ਅਤੇ ਨਾ ਹੀ ਕਿਸੇ ਸੰਘਰਸ਼ ਦੀ। ਇਸ ਦਾ ਨਤੀਜਾ ਹੈ ਕਿ ਪੰਥ ਦੇ ਲੋਕ ਕਦੇ ਅਕਾਲੀ ਦਲ ਅਤੇ ਕਦੇ ਕਾਂਗਰਸ ਵੱਲ ਜਾਂਦੇ ਰਹੇ ਅਤੇ ਹੁਣ ਉਨ੍ਹਾਂ ਨੇ ਦੋਵਾਂ ਪਾਰਟੀਆਂ ਨੂੰ ਨਕਾਰ ਕੇ ਆਮ ਆਦਮੀ ਪਾਰਟੀ ਨੂੰ ਚੁਣਿਆ ਹੈ। ਸੀ. ਫਾਈਵ ਨਾਂ ਦੇ ਯੂ-ਟਿਊਬ ਚੈਨਲ ਨੂੰ ਦਿੱਤੇ ਇੰਟਰਵਿਊ ਵਿਚ ਹਰਦੀਪ ਸਿੰਘ ਡਿਬਡਿਬਾ ਨੇ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਉਸ ਸਮੇਂ ਜਦੋਂ ਜੇਲ ਵਿਚ ਸਨ ਤਾਂ ਅਸੀਂ ਪੰਜਾਬ ਦੇ ਕੋਨੇ-ਕੋਨੇ ਵਿਚ ਜਾ ਕੇ ਅਕਾਲੀ ਦਲ ਨੂੰ ਖੜ੍ਹਾ ਕੀਤਾ, ਇਸੇ ਦਾ ਨਤੀਜਾ ਸੀ ਕਿ ਮਾਨ ਸਾਬ੍ਹ ਨੂੰ ਜੇਲ ਵਿਚ ਬੈਠਿਆਂ ਹੀ ਪੰਜ ਲੱਖ ਵੋਟਾਂ ਦੇ ਫਰਕ ਨਾਲ ਇਤਿਹਾਸਕ ਜਿੱਤ ਮਿਲੀ। ਮਾਨ ਜਦੋਂ ਜੇਲ ’ਚੋਂ ਬਾਹਰ ਆਏ ਤਾਂ ਉਨ੍ਹਾਂ ਨੂੰ ਥਾਲੀ ਵਿਚ ਪਰੋਸ ਕੇ ਉਨ੍ਹਾਂ ਨੂੰ ਪ੍ਰਧਾਨਗੀ ਮਿਲ ਗਈ। ਜਦਕਿ ਇਸ ਦੇ ਉਲਟ ਮਾਨ ਨੇ  ਜੇਲ ’ਚੋਂ ਬਾਹਰ ਆਉਂਦਿਆਂ ਹੀ ਜਥੇਬੰਦੀ ਨੂੰ ਭੰਗ ਕਰ ਦਿੱਤਾ, ਜਿਸ ਜਥੇਬੰਦੀ ਨੇ ਇਨ੍ਹਾਂ ਦਾ ਸਾਥ ਦਿੱਤਾ, ਉਸੇ ਨੂੰ ਇਨ੍ਹਾਂ ਨੇ ਭੰਗ ਕਰ ਦਿੱਤਾ ਅਤੇ ਸਾਡੇ ’ਤੇ ਸਰਕਾਰ ਨਾਲ ਮਿਲੇ ਹੋਣ ਦੇ ਦੋਸ਼ ਵੀ ਲਗਾਏ। 

ਇਕ ਪੁਰਾਣੀ ਯਾਦ ਸਾਂਝੀ ਕਰਦਿਆਂ ਭਾਈ ਰੋਡੇ ਨੇ ਕਿਹਾ ਕਿ ਸੇਵਾ ਸਿੰਘ ਠਿਕਰੀਵਾਲਾ ਦੇ ਇਕ ਸਮਾਗਮ ਵਿਚ ਸਾਡੇ ਸਟੇਜ ’ਤੇ ਜਾਣ ਤੋਂ ਪਹਿਲਾਂ ਹੀ ਰੌਲਾ ਪੈ ਗਿਆ। ਵਿਵਾਦ ਦੌਰਾਨ ਕਿਸੇ ਸਿੰਘ ਨੇ ਗੋਲੀ ਚਲਾ ਦਿੱਤੀ, ਇਸ ’ਤੇ ਮਾਨ ਨੇ ਦੋਸ਼ ਲਗਾਇਆ ਕਿ ਬਾਬਾ ਜੋਗਿੰਦਰ ਸਿੰਘ ’ਤੇ ਉਸ ’ਤੇ ਕਾਤਲਾਨਾ ਹਮਲਾ ਕਰਵਾਇਆ ਹੈ। ਇਸ ਤੋਂ ਬਾਅਦ 1989 ਵਿਚ ਪੰਥ ਲਈ ਸੰਘਰਸ਼ ਕਰਨ ਵਾਲੇ ਲੋਕ ਬਾਦਲਾਂ ਨਾਲ ਇਸ ਲਈ ਮਿਲ ਗਏ ਕਿਉਂਕਿ ਉਨ੍ਹਾਂ ਨੂੰ ਸਿਸਮਰਨਜੀਤ ਸਿੰਘ ਮਾਨ ਵਲੋਂ ਧੱਕੇ ਦਿੱਤੇ ਗਏ ਅਤੇ ਤੰਗ ਕੀਤਾ ਗਿਆ। ਮਾਨ ਨੇ ਹਮੇਸ਼ਾ ਪੰਥਕ ਕੰਮਾਂ ਵਿਚ ਰੋੜੇ ਪਾਉਣ ਦਾ ਹੀ ਕੰਮ ਕੀਤਾ। ਡਿਬਡਿਬਾ ਨੇ ਕਿਹਾ ਕਿ ਸਾਨੂੰ ਮਾਨ ਨੇ ਹਮੇਸ਼ਾ ਆਪਣਾ ਵਿਰੋਧੀ ਕਿਹਾ ਪਰ ਅਸੀਂ ਉਨ੍ਹਾਂ ਲਈ ਹਮੇਸ਼ਾ ਸੰਘਰਸ਼ ਕੀਤਾ, ਨੈਲਸਨ ਮੰਡੇਲਾ ਕਹਿ ਕੇ ਪ੍ਰਚਾਰਿਆ, ਆਪਣੀ ਸਾਰੀ ਕੀਤੀ ਕਮਾਈ ਮਾਨ ਦੀ ਝੋਲੀ ਵਿਚ ਪਾ ਦਿੱਤੀ ਫਿਰ ਅਸੀਂ ਇਸ ਦੇ ਵਿਰੋਧੀ ਕਿਵੇਂ ਹੋ ਸਕਦਾ ਹਾਂ। 

ਇੰਟਰਵਿਊ ਦੌਰਾਨ ਡਿਬਡਿਬਾ ਨੇ ਕਿਹਾ ਕਿ 1996 ਵਿਚ ਜਦੋਂ 17 ਸਾਲ ਬਾਅਦ ਸ਼੍ਰੋਮਣੀ ਕਮੇਟੀ ਦੀ ਚੋਣ ਹੋਣੀ ਸੀ ਅਤੇ ਪੰਥਕ ਲੀਡਰਸ਼ਿਪ ਨੇ ਸਥਾਪਤ ਹੋਣਾ ਸੀ, ਉਦੋਂ ਵੀ ਮਾਨ ਨੇ ਅੜਿੱਕਾ ਡਾਹਿਆ। ਮਾਨ ਨੇ ਰੋਡਿਆਂਵਾਲੀ ਨੂੰ ਹਮੇਸ਼ਾ ਆਪਣਾ ਦੁਸ਼ਮਣ ਸਮਝਿਆ ਅਤੇ ਉਨ੍ਹਾਂ ਨੂੰ ਖ਼ਤਮ ਕਰਨ ਦਾ ਯਤਨ ਕੀਤਾ। ਉਸ ਸਮੇਂ ਕਾਸ਼ੀ ਰਾਮ ਨੇ ਰੋਡਿਆਂਵਾਲਿਆਂ ਅਤੇ ਸਿਮਰਨਜੀਤ ਸਿੰਘ ਮਾਨ ਨੂੰ ਇਕੱਠਾ ਕਰਨ ਦਾ ਬਹੁਤ ਜ਼ੋਰ ਲਗਾਇਆ, ਪਰ ਮਾਨ ਨੇ ਕਾਸ਼ੀ ਰਾਮ ਨੂੰ ਕਈ ਵਾਰ ਜ਼ਲੀਲ ਕੀਤਾ। ਉਨ੍ਹਾਂ ਕਿਹਾ ਕਿ ਉਸ ਸਮੇਂ ਲੁਧਿਆਣਾ ਵਿਚ ਇਕ ਪ੍ਰੋਗਰਾਮ ਦੌਰਾਨ ਮਾਨ ਨੇ ਸਟੇਜ ’ਤੇ ਇਥੋਂ ਤੱਕ ਆਖ ਦਿੱਤਾ ਕਿ ਜੇਕਰ ਕਾਸ਼ੀ ਰਾਮ ਨੇ ਪੰਜਾਬ ਵਿਚ ਸਿਆਸਤ ਕਰਨੀ ਹੈ ਤਾਂ ਮੇਰੀ ਲੱਤ ਹੇਠੋਂ ਦੀ ਲੰਘਣਾ ਪਵੇਗਾ। ਲੱਖ ਯਤਨਾਂ ਦੇ ਬਾਵਜੂਦ ਵੀ ਜਦੋਂ ਦੋਵੇਂ ਇਕੱਠੇ ਨਾ ਹੋ ਸਕੇ ਤਾਂ ਦੋਵਾਂ ਦੀ ਲੜਾਈ ਵਿਚ ਬਾਦਲਾਂ ਨੂੰ ਫਾਇਦਾ ਹੋਇਆ ਅਤੇ ਉਨ੍ਹਾਂ ਕੋਲ ਸ਼੍ਰੋਮਣੀ ਕਮੇਟੀ ਚਲੀ ਗਈ। ਡਿਬਡਿਬਾ ਨੇ ਕਿਹਾ ਕਿ ਪੰਜਾਬ ਵਿਚ ਤਿੰਨ ਨਸਲਕੁਸ਼ੀਆਂ ਹੋਈਆਂ ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਇਸ ਲਈ ਕੋਈ ਜ਼ਿੰਮੇਵਾਰ ਹੈ ਤਾਂ ਉਹ ਸਿਮਰਨਜੀਤ ਸਿੰਘ ਮਾਨ ਹੈ ਜਿਸ ਨੇ ਨਾਂ ਤਾਂ ਪੰਥ ਦੀ ਅਗਵਾਈ ਕੀਤੀ ਅਤੇ ਨਾ ਹੀ ਕਿਸੇ ਸੰਘਰਸ਼ ਦੀ। 

1999 ਵਿਚ ਜਦੋਂ ਸਿਮਰਨਜੀਤ ਸਿੰਘ ਮਾਨ ਨੂੰ ਲੋਕ ਸਭਾ ਮੈਂਬਰ ਚੁਣਿਆ ਗਿਆ। ਇਨ੍ਹਾਂ ਚੋਣਾਂ ਵਿਚ ਮਾਨ ਨੇ ਨੂੰ ਇਤਿਹਾਸਕ ਜਿੱਤ ਮਿਲੀ। ਉਦੋਂ ਵੀ ਸਾਰੇ ਪੰਥਕ ਲੀਡਰ ਅਤੇ ਸੰਘਰਸ਼ੀਲ ਆਗੂ ਚਾਹੁੰਦੇ ਸਨ ਕਿ ਮਾਨ ਪਾਰਲੀਮੈਂਟ ਵਿਚ ਜਾਣ ਅਤੇ ਪੰਥਕ ਮੁੱਦੇ ਚੁੱਕਣ ਪਰ ਇਸ ਦੇ ਬਾਵਜੂਦ ਉਹ ਲੋਕ ਸਭਾ ਨਹੀਂ ਗਏ। ਉਸ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ ਨੇ ਸਿਮਰਨਜੀਤ ਸਿੰਘ ਮਾਨ ਨੂੰ ਬੁਲਾ ਕੇ ਖੁਦ ਕਿਹਾ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਉਨ੍ਹਾਂ ਨੂੰ ਕਿਰਪਾਨ ਸੌਂਪ ਕੇ ਪਾਰਲੀਮੈਂਟ ਵਿਚ ਜਾਣ ਅਤੇ ਸਿੱਖਾਂ ਅਤੇ ਕੌਮ ਪ੍ਰਤੀ ਆਪਣਾ ਫਰਜ਼ ਅਦਾ ਕਰਨ। ਇਸ ਦੌਰਾਨ ਸਿਮਰਨਜੀਤ ਮਾਨ ਮੰਨ ਵੀ ਗਏ ਪਰ ਅਗਲੇ ਹੀ ਦਿਨ ਉਹ ਆਪਣੀ ਗੱਲ ਤੋਂ ਮੁੱਕਰ ਗਏ। 

ਡਿਬਡਿਬਾ ਨੇ ਅੱਗੇ ਕਿਹਾ ਕਿ ਸਰਬੱਤ ਖਾਲਸਾ ਦੌਰਾਨ 7 ਲੱਖ ਬੰਦਾ ਇਕੱਠਾ ਹੋਇਆ। ਸਰੱਬਤ ਖਾਲਸਾ ਦੀ ਕਾਲ ਵੀ ਸਿਮਰਨਜੀਤ ਸਿੰਘ ਮਾਨ ਨੇ ਹੀ ਦਿੱਤੀ ਸੀ, ਉਸ ਸਮੇਂ ਬਹੁਤੀਆਂ ਧਿਰਾਂ ਸਰਬੱਤ ਖਾਲਸਾ ਲਈ ਸਹਿਮਤ ਵੀ ਨਹੀਂ ਸੀ। ਉਸ ਵਿਚ ਵੀ ਮਾਨ ਨੇ ਬਾਦਲਾਂ ਦਾ ਸਾਥ ਦਿੱਤਾ। ਬਾਦਲਾਂ ਨੂੰ ਪੰਥ ’ਚੋਂ ਛੇਕਣ ਦੀ ਬਜਾਏ ਬਾਦਲ ਤੋਂ ਫਖਰ-ਏ-ਕੌਮ ਐਵਾਰਡ ਵਾਪਸ ਲੈਣ ਦਾ ਐਲਾਨ ਕਰ ਦਿੱਤਾ। ਜਦਕਿ ਭਾਜਪਾ ਨਾਲ ਜਾਣ ਵਾਲੇ ਬਲਜੀਤ ਸਿੰਘ ਦਾਦੂਵਾਲ ਨੂੰ ਦਮਦਮਾ ਸਾਹਿਬ ਦਾ ਜਥੇਦਾਰ ਬਣਾ ਦਿੱਤਾ ਗਿਆ। ਅਕਾਲੀ ਦਲ ਮਾਨ ਦੇ ਸੀਨੀਅਰ ਮੀਤ ਪ੍ਰਧਾਨ ਮੰਡ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਐਲਾਨ ਦਿੱਤਾ ਗਿਆ। ਇਸ ਦੌਰਾਨ ਸਾਰੀ ਗੇਮ ਹਵਾਰਾ ਦੇ ਨਾਮ ’ਤੇ ਖੇਡੀ ਗਈ, ਕਿਉਂਕਿ ਹਵਾਰਾ ਦੀ ਕੌਮ ਵਿਚ ਪ੍ਰਵਾਨਗੀ ਸੀ, ਜਦੋਂ ਹਵਾਰਾ ਦਾ ਐਲਾਨ ਕੀਤਾ ਗਿਆ ਤਾਂ ਉਸ ਸਮੇਂ ਪੰਡਾਲ ਵਿਚ ਜੈਕਾਰੇ ਲੱਗਣੇ ਸ਼ੁਰੂ ਹੋ ਗਏ ਅਤੇ ਜੈਕਾਰਿਆਂ ਦੀ ਗੂੰਜ ’ਚ ਹੀ ਤਿੰਨ-ਚਾਰ ਜਥੇਦਾਰ ਐਲਾਨ ਦਿੱਤੇ ਗਏ, ਜਦੋਂ ਜੈਕਾਰੇ ਠੰਡੇ ਪਏ ਤਾਂ ਲੋਕਾਂ ਨੂੰ ਪਤਾ ਲੱਗਾ ਕਿ ਸਾਡੇ ਨਾਲ ਤਾਂ ਠੱਗੀ ਵੱਜੀ ਹੈ। 

ਡਿਬਡਿਬਾ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਹੁਣ ਫਿਰ ਇਕ ਵਾਰ ਲੋਕਾਂ ਨੇ ਅਤੇ ਨੌਜਵਾਨਾਂ ਨੇ ਮਾਨ ’ਤੇ ਭਰੋਸਾ ਪ੍ਰਗਟਾਇਆ ਅਤੇ ਉਸ ਨੂੰ ਜਿਤਾ ਕੇ ਪਾਰਲੀਮੈਂਟ ਭੇਜਿਆ ਪਰ ਉਹ ਮੈਂ ਲੋਕਾਂ ਨੂੰ ਦੱਸਣਾ ਚਾਹੁੰਦੇ ਹਨ ਕਿ ਜਿਹੜੀਆਂ ਉਮੀਦਾਂ ਲੋਕ ਸਿਮਰਨਜੀਤ ਸਿੰਘ ਮਾਨ ਤੋਂ ਰੱਖਦੇ ਹਨ, ਉਹ ਉਨ੍ਹਾਂ ’ਤੇ ਕਦੇ ਵੀ ਖਰਾ ਨਹੀਂ ਉਤਰ ਸਕਦੇ। ਇਸ ਵਾਰ ਫਿਰ ਉਹੀ ਹੋਇਆ ਮਾਨ ਨੇ ਪਾਰਲੀਮੈਂਟ ਮੈਂਬਰ ਦੀ ਸਹੁੰ ਚੁੱਕਣ ਤੋਂ ਪਹਿਲਾਂ ਹੀ ਖਿਲਾਰਾ ਪਾ ਦਿੱਤਾ, ਜਿਸ ਦੀ ਲੋੜ ਵੀ ਨਹੀਂ ਸੀ। ਭਗਤ ਸਿੰਘ ਦੀ ਸ਼ਹੀਦੀ ਨੂੰ ਲੈ ਕੇ ਬੇਲੋੜਾ ਮੁੱਦਾ ਚੁੱਕਿਆ। ਲੋਕਾਂ ਨੂੰ ਲੱਗਾ ਕਿ ਸ਼ਾਇਦ ਪੰਥਕ ਅਕਾਲੀ ਦਲ ਬਣੇਗਾ ਪਰ ਮਾਨ ਦੀਆਂ ਗੱਲਾਂ ਨੇ ਇਕ ਵਾਰ ਫਿਰ ਅਕਾਲੀ ਦਲ ਬਾਦਲ ਨੂੰ ਸੱਤਾ ਵਿਚ ਆਉਣ ਦਾ ਰਾਹ ਬਨਾਉਣਾ ਸ਼ੁਰੂ ਕਰ ਦਿੱਤਾ ਹੈ। 


Gurminder Singh

Content Editor

Related News