ਮਾਡਲ ਟਾਊਨ ਡਵੀਜ਼ਨ ਅਧੀਨ ਵਾਹਨ ਨੇ ਤੋੜਿਆ ਖੰਭਾ, 10 ਘੰਟੇ ਰੁਕੀ ਰਹੀ ਬਿਜਲੀ ਸਪਲਾਈ

07/17/2022 6:16:11 PM

ਜਲੰਧਰ (ਪੁਨੀਤ)–ਓਵਰਲੋਡ ਟਰਾਂਸਫਾਰਮਰਾਂ ਕਾਰਨ ਲੱਗ ਰਹੇ ਅਣਐਲਾਨੇ ਕੱਟਾਂ ਵਿਚਕਾਰ ਹੋਣ ਵਾਲੇ ਹਾਦਸਿਆਂ ਕਾਰਨ ਕਈ ਇਲਾਕਿਆਂ ਵਿਚ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਿਜਸ ਨਾਲ ਉਨ੍ਹਾਂ ਨੂੰ ਬਿਜਲੀ ਦੇ ਨਾਲ-ਨਾਲ ਪੀਣ ਵਾਲੇ ਪਾਣੀ ਨੂੰ ਲੈ ਕੇ ਵੀ ਦਿੱਕਤਾਂ ਉਠਾਉਣੀਆਂ ਪੈ ਰਹੀਆਂ ਹਨ। ਅਜਿਹਾ ਹੀ ਇਕ ਮਾਮਲਾ ਮਾਡਲ ਟਾਊਨ ਡਵੀਜ਼ਨ ਅਧੀਨ ਬਸਤੀ ਪੀਰਦਾਦ ਰੋਡ ਨਜ਼ਦੀਕ ਸਾਹਮਣੇ ਆਇਆ ਹੈ, ਜਿਥੇ ਇਕ ਵਾਹਨ ਦੀ ਟੱਕਰ ਨਾਲ ਬਿਜਲੀ ਦਾ ਇਕ ਮੁੱਖ ਖੰਭਾ ਟੁੱਟ ਗਿਆ, ਜਿਸ ਜ਼ਰੀਏ ਵੱਡੇ ਏਰੀਏ ਨੂੰ ਕਵਰ ਕਰ ਕੇ ਖਪਤਕਾਰਾਂ ਨੂੰ ਬਿਜਲੀ ਦੀ ਸਪਲਾਈ ਦਿੱਤੀ ਜਾ ਰਹੀ ਸੀ। ਬਸਤੀ ਪੀਰਦਾਦ ਤੋਂ ਸਰਜੀਕਲ ਕੰਪਲੈਕਸ ਵੱਲ ਜਾਂਦੀ ਇਕ ਰੋਡ ’ਤੇ ਅੱਜ ਸਵੇਰੇ 9 ਵਜੇ ਦੇ ਲਗਭਗ ਗੁੱਲ ਹੋਈ ਬਿਜਲੀ 10 ਘੰਟੇ ਦੀ ਸਖ਼ਤ ਮੁਸ਼ੱਕਤ ਤੇ 2 ਕਰੇਨਾਂ ਦੀ ਮਦਦ ਨਾਲ ਸ਼ਾਮੀਂ 7 ਵਜੇ ਦੇ ਲਗਭਗ ਚਾਲੂ ਹੋ ਸਕੀ। ਅਣਪਛਾਤੇ ਵਾਹਨ ਨੇ ਬੁਰੀ ਤਰ੍ਹਾਂ ਨਾਲ ਖੰਭੇ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਖੰਭਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਹਾਦਸਾ ਹੋਣ ਦੇ ਤੁਰੰਤ ਬਾਅਦ ਵਾਹਨ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਪਾਵਰਕਾਮ ਵੱਲੋਂ ਨੁਕਸਾਨ ਦੀ ਵਸੂਲੀ ਲਈ ਅਣਪਛਾਤੇ ਵਾਹਨ ਖ਼ਿਲਾਫ਼ ਸਬੰਧਤ ਪੁਲਸ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਗਈ। ਇਲਾਕਾ ਨਿਵਾਸੀਆਂ ਵੱਲੋਂ ਸ਼ਿਕਾਇਤਾਂ ਦਰਜ ਕਰਵਾਉਣ ਤੋਂ ਬਾਅਦ ਮੌਕੇ ’ਤੇ ਪੁੱਜੇ ਅਧਿਕਾਰੀਆਂ ਦੀ ਪ੍ਰੇਸ਼ਾਨੀ ਉਸ ਸਮੇਂ ਹੋਰ ਵਧ ਗਈ, ਜਦੋਂ ਦੇਖਣ ਵਿਚ ਆਇਆ ਕਿ ਖੰਭਾ ਪੂਰੀ ਤਰ੍ਹਾਂ ਨੁਕਸਾਨਿਆ ਜਾ ਚੁੱਕਾ ਹੈ, ਤਾਰਾਂ ਵੀ ਟੁੱਟ ਚੁੱਕੀਆਂ ਹਨ ਤੇ ਕੰਡਕਟਰ ਵੀ ਡੈਮੇਜ ਹਾਲਤ ਵਿਚ ਪਾਇਆ ਗਿਆ।

ਮਾਡਲ ਟਾਊਨ ਡਵੀਜ਼ਨ ਦੇ ਐਕਸੀਅਨ ਦਵਿੰਦਰ ਸਿੰਘ ਨੇ ਐੱਸ. ਡੀ. ਓ. ਨਾਲ ਸੀਨੀਅਰ ਅਧਿਕਾਰੀਆਂ ਨੂੰ ਮੌਕੇ ’ਤੇ ਭੇਜ ਕੇ ਰਿਪੋਰਟ ਮੰਗੀ, ਜਿਸ ਤੋਂ ਪਤਾ ਲੱਗਾ ਕਿ ਖੰਭਾ ਬਦਲਣ ਤੋਂ ਇਲਾਵਾ ਕੋਈ ਚਾਰਾ ਬਾਕੀ ਨਹੀਂ ਬਚਿਆ। ਇਸ ਤੋਂ ਬਾਅਦ ਤੁਰੰਤ ਪ੍ਰਭਾਵ ਨਾਲ ਨਵਾਂ ਖੰਭਾ ਜਾਰੀ ਕਰਵਾਇਆ ਿਗਆ ਅਤੇ ਮੌਕੇ ’ਤੇ ਕਰੇਨ ਬੁਲਾ ਕੇ ਖੰਭੇ ਨੂੰ ਲੁਆਉਣਾ ਸ਼ੁਰੂ ਕੀਤਾ ਗਿਆ। ਅਜੇ ਕੁਝ ਫੁੱਟ ਤੱਕ ਹੀ ਟੋਇਆ ਪੁੱਟਿਆ ਗਿਆ ਸੀ ਕਿ ਿਵਚਕਾਰ ਪਾਣੀ ਦੀ ਅਹਿਮ ਲਾਈਨ ਆਉਣ ਕਾਰਨ ਖੰਭਾ ਲਾਉਣਾ ਸੰਭਵ ਨਹੀਂ ਸੀ, ਜਿਸ ਕਾਰਨ ਿਵਭਾਗ ਨੇ ਖੰਭਾ ਲਾਉਣ ਦੀ ਥਾਂ ਵਿਚ ਤਬਦੀਲੀ ਕਰ ਕੇ ਦੂਜੇ ਪਾਸੇ ਖੰਭਾ ਲਾਉਣਾ ਸ਼ੁਰੂ ਕੀਤਾ। ਮੁਰੰਮਤ ਦਾ ਕੰਮ ਜ਼ਿਆਦਾ ਹੋਣ ਕਾਰਨ ਮੌਕੇ ’ਤੇ ਕੁੱਲ 2 ਕਰੇਨਾਂ ਨੂੰ ਬੁਲਵਾਇਆ ਗਿਆ, ਜਿਨ੍ਹਾਂ ਦੀ ਸਹਾਇਤਾ ਨਾਲ ਖੰਭਾ ਲੱਗ ਸਕਿਆ। ਇਸ ਦੌਰਾਨ ਸਵੇਰੇ 9 ਵਜੇ ਦੇ ਲਗਭਗ ਗੁੱਲ ਹੋਈ ਬਿਜਲੀ ਸ਼ਾਮੀਂ 7 ਵਜੇ ਦੇ ਲਗਭਗ ਚਾਲੂ ਹੋ ਸਕੀ, ਜਿਹੜੀ ਕਿ ਖਪਤਕਾਰਾਂ ਲਈ ਭਾਰੀ ਪ੍ਰੇਸ਼ਾਨੀ ਦਾ ਸਬੱਬ ਬਣੀ।

ਪਾਣੀ ਦੀ ਬੂੰਦ-ਬੂੰਦ ਨੂੰ ਤਰਸੇ ਇਲਾਕਾ ਵਾਸੀ

ਸਵੇਰੇ 8 ਵਜੇ ਤੋਂ ਬਾਅਦ ਬਿਜਲੀ ਗੁੱਲ ਹੋ ਜਾਣ ਕਾਰਨ ਸਬੰਧਤ ਲਾਈਨਾਂ ’ਤੇ ਚੱਲ ਰਹੇ ਕਈ ਇਲਾਕਿਆਂ ਿਵਚ ਪਾਣੀ ਦੇ ਟਿਊਬਵੈੱਲ ਦੀਆਂ ਮੋਟਰਾਂ ਨਹੀਂ ਚੱਲ ਸਕੀਆਂ, ਜਿਸ ਨਾਲ ਹਜ਼ਾਰਾਂ ਖਪਤਕਾਰ ਪਾਣੀ ਦੀ ਬੂੰਦ-ਬੂੰਦ ਨੂੂੰ ਤਰਸਦੇ ਰਹੇ। ਇਲਾਕਾ ਨਿਵਾਸੀਆਂ ਨੇ ਕਿਹਾ ਕਿ ਬੱਤੀ ਗੁੱਲ ਹੋਣ ਕਾਰਨ ਪਹਿਲਾਂ ਪਾਣੀ ਦੀ ਸਪਲਾਈ ਨਹੀਂ ਆ ਸਕੀ ਅਤੇ ਇਸ ਤੋਂ ਬਾਅਦ ਦੁਪਹਿਰ ਨੂੰ ਵੀ ਪਾਣੀ ਨਸੀਬ ਨਹੀਂ ਹੋਇਆ। ਸ਼ਾਮ ਸਮੇਂ ਵੀ ਬਿਜਲੀ ਦੀ ਸਪਲਾਈ 7 ਵਜੇ ਤੋਂ ਬਾਅਦ ਚਾਲੂ ਹੋਈ। ਇਸ ਦੌਰਾਨ ਲੋਕ ਲੋੜੀਂਦੀ ਮਾਤਰਾ ਿਵਚ ਪਾਣੀ ਨਹੀਂ ਭਰ ਸਕੇ। ਟਿਊਬਵੈੱਲਾਂ ਦੇ ਨੇੜੇ ਜਿਹਡ਼ੇ ਲੋਕਾਂ ਦੇ ਘਰ ਸਨ, ਉਨ੍ਹਾਂ ਮੋਟਰਾਂ ਆਦਿ ਚਲਾ ਕੇ ਆਪਣਾ ਕੰਮ ਚਲਾ ਲਿਆ, ਜਦੋਂ ਕਿ ਦੂਰ-ਦੁਰਾਡੇ ਦੇ ਇਲਾਕੇ ਦੇ ਲੋਕਾਂ ਤੱਕ ਪਾਣੀ ਨਹੀਂ ਪਹੁੰਚ ਸਕਿਆ।
 


Manoj

Content Editor

Related News