ਪੈਸਿਆਂ ਦੀ ਅਚਾਨਕ ਜ਼ਰੂਰਤ ਪਵੇ ਤਾਂ ਕਾਰ ਵੇਚੇ ਬਿਨਾਂ ਇਸ ਤਰ੍ਹਾਂ ਲੈ ਸਕਦੇ ਹੋ ਲੋਨ

09/23/2019 1:27:33 PM

ਮੁੰਬਈ — ਅਚਾਨਕ ਜ਼ਰੂਰਤ ਪੈਣ 'ਤੇ ਪੈਸਿਆਂ ਦਾ ਇੰਤਜ਼ਾਮ ਕਰਨ ਲਈ ਕਈ ਵਾਰ ਲੋਕ ਜਲਦਬਾਜ਼ੀ 'ਚ ਆਪਣੀ ਕਾਰ ਤੱਕ ਵੇਚ ਦਿੰਦੇ ਹਨ। ਫਿਰ ਬਾਅਦ 'ਚ ਜਦੋਂ ਕੰਮ ਪੂਰਾ ਹੋ ਜਾਂਦਾ ਹੈ ਤਾਂ ਕਾਰ ਦੀ ਕਮੀ ਮਹਿਸੂਸ ਹੋਣ ਲਗਦੀ ਹੈ ਅਤੇ ਸਫਰ ਕਰਨ 'ਚ ਪਰਿਵਾਰ ਸਮੇਤ ਸਾਰਿਆਂ ਸਾਹਮਣੇ ਮੁਸ਼ਕਲ ਖੜ੍ਹੀ ਹੋ ਜਾਂਦੀ ਹੈ। ਕੀ ਅਜਿਹਾ ਕੋਈ ਉਪਾਅ  ਹੈ ਕਿ ਕਾਰ ਵੀ ਨਾ ਵੇਚਣੀ ਪਵੇ ਅਤੇ ਪੈਸਾ ਵੀ ਮਿਲ ਜਾਏ? ਜੀ ਹਾਂ ਇਸ ਲਈ ਤੁਹਾਨੂੰ ਬਤੌਰ ਸਕਿਓਰਿਟੀ ਕਾਰ ਨੂੰ ਰੱਖਿਆ ਜਾ ਸਕਦਾ ਹੈ ਅਤੇ ਤੁਰੰਤ ਤੁਹਾਨੂੰ ਪੈਸਾ ਮਿਲ ਜਾਂਦਾ ਹੈ। ਆਓ ਜਾਣਦੇ ਹਾਂ ਕਾਰ ਦੇ ਬਦਲੇ ਲੋਨ ਲੈਣ ਲਈ ਤੁਹਾਨੂੰ ਕੀ-ਕੀ ਕਰਨਾ ਹੋਵੇਗਾ।

ਸਭ ਤੋਂ ਪਹਿਲਾਂ ਫਾਰਮ ਭਰੋ

ਕਾਰ 'ਤੇ ਲੋਨ ਲੈਣ ਲਈ ਤੁਹਾਨੂੰ ਬੈਂਕ ਜਾਂ ਫਾਇਨਾਂਸ ਕੰਪਨੀ ਦੀ ਵੈਬਸਾਈਟ 'ਤੇ ਜਾ ਕੇ ਅਪਲਾਈ ਕਰਨਾ ਹੋਵੇਗਾ। ਅਰਜ਼ੀ ਫਾਰਮ 'ਚ ਕਾਰ ਦੇ ਮਾਡਲ, ਕਾਰ ਦੇ ਉਤਪਾਦਕ ਸਾਲ ਅਤੇ ਲੋਨ ਦੀ ਜ਼ਰੂਰਤ ਦਾ ਕਾਰਨ ਆਦਿ ਦੀ ਜਾਣਕਾਰੀ ਦੇਣੀ ਹੋਵੇਗੀ। ਫਾਰਮ ਜਮ੍ਹਾ ਕਰਨ ਦੇ ਬਾਅਦ ਬੈਂਕ ਜਾਂ ਫਾਇਨਾਂਸ ਕੰਪਨੀ ਦਾ ਅਧਿਕਾਰੀ ਵੈਰੀਫਿਕੇਸ਼ਨ ਲਈ ਤੁਹਾਡੇ ਨਾਲ ਸੰਪਰਕ ਕਰੇਗਾ। ਤੁਹਾਡੇ ਕੋਲੋਂ ਹੋਰ ਜ਼ਰੂਰੀ ਦਸਤਾਵੇਜ਼ਾਂ ਦੀ ਮੰਗ ਕੀਤੀ ਜਾ ਸਕਦੀ ਹੈ। 

ਇਹ ਦਸਤਾਵੇਜ਼ ਹੋਣਗੇ ਜ਼ਰੂਰੀ

ਅਰਜ਼ੀ ਫਾਰਮ ਦੇ ਨਾਲ ਤੁਹਾਨੂੰ ਬੈਂਕ ਵੇਰਵੇ ਦੇ ਨਾਲ ਤਿੰਨ ਸਾਲ ਦੀ ਆਈ.ਟੀ.ਆਰ. ਦੀ ਕਾਪੀ ਅਤੇ ਬੈਂਕ ਸਟੇਟਮੈਂਟ ਨਾਲ ਜੁੜੇ ਦਸਤਾਵੇਜ਼ ਦੇਣ ਹੋਣਗੇ। ਇਸ ਦੇ ਨਾਲ ਹੀ 000 ਲਈ ਪਛਾਣ ਪੱਤਰ ਅਤੇ ਘਰ ਦੇ ਪਤੇ ਦਾ ਸਬੂਤ ਦੇਣਾ ਹੋਵੇਗਾ।

ਇਸ ਤਰ੍ਹਾਂ ਪ੍ਰੋਸੈੱਸ ਹੋਵੇਗਾ ਲੋਨ

ਫਾਰਮ ਅਤੇ ਜ਼ਰੂਰੀ ਦਸਤਾਵੇਜ਼ ਪ੍ਰਾਪਤ ਕਰਨ ਦੇ ਬਾਅਦ ਬੈਂਕ ਜਾਂ ਫਾਇਨਾਂਸ ਕੰਪਨੀਆਂ ਵੈਰੀਫਿਕੇਸ਼ਨ ਅਤੇ ਤੁਹਾਡੀ ਕਾਰ  ਦਾ ਵੈਲਿਊਏਸ਼ਨ ਪ੍ਰੋਸੈੱਸ ਪੂਰਾ ਕਰਨਗੀਆਂ। ਯਾਨੀ ਕਿ ਕਾਰ ਦੀ ਮੌਜੂਦਾ ਵੈਲਿਊ ਦਾ ਮੁਲਾਂਕਣ ਕੀਤਾ ਜਾਵੇਗਾ, ਜਿਸ ਦੇ ਆਧਾਰ 'ਤੇ ਤੈਅ ਕੀਤਾ ਜਾਵੇਗਾ ਕਿ ਤੁਹਾਨੂੰ ਕਿੰਨਾ ਲੋਨ ਦਿੱਤਾ ਜਾ ਸਕਦਾ ਹੈ।

ਕਿੰਨੇ ਦਿਨਾਂ ਲਈ ਮਿਲੇਗਾ ਲੋਨ ਅਤੇ ਕੀ ਹੋਣਗੇ ਚਾਰਜ

ਕਾਰ 'ਤੇ ਲਗਭਗ 18 ਤੋਂ 60 ਮਹੀਨਿਆਂ ਲਈ ਲੋਨ ਜਾਰੀ ਕੀਤਾ ਜਾ ਸਕਦਾ ਹੈ। ਇਸ ਲਈ ਤੁਹਾਨੂੰ ਪ੍ਰੋਸੈਸਿੰਗ ਫੀਸ ਅਤੇ ਦਸਤਾਵੇਜ਼ ਚਾਰਜਿਸ ਦਾ ਭੁਗਤਾਨ ਕਰਨਾ ਪੈਂਦਾ ਹੈ। ਖਾਸ ਗੱਲ ਇਹ ਹੈ ਕਿ ਕਾਰ 'ਤੇ ਲੋਨ ਲੈਣ ਲਈ ਤੁਹਾਨੂੰ ਕਿਸੇ ਗਾਰੰਟਰ ਦੀ ਜ਼ਰੂਰਤ ਨਹੀਂ ਪੈਂਦੀ ਕਿਉਂਕਿ ਕਾਰ ਖੁਦ ਸਕਿਓਰਿਟੀ ਹੁੰਦੀ ਹੈ।