ਭਵਿੱਖ 'ਚ ਆਰਥਿਕ ਤੰਗੀ ਤੋਂ ਬਚਣ ਲਈ ਇਸ ਤਰ੍ਹਾਂ ਕਰੋ ਪਲਾਨਿੰਗ

06/08/2019 1:40:46 PM

ਨਵੀਂ ਦਿੱਲੀ — ਲਾਈਫ 'ਚ ਕਦੇ ਵੀ ਪੈਸੇ ਦੀ ਜ਼ਰੂਰਤ ਪੈ ਸਕਦੀ ਹੈ। ਫਿਰ ਸਮਾਂ ਭਾਵੇਂ ਖੁਸ਼ੀ ਦਾ ਹੋਵੇ ਜਾਂ ਫਿਰ ਗਮੀ ਦਾ ਪੈਸੇ ਤੋਂ ਬਿਨਾਂ ਕੋਈ ਵੀ ਕੰਮ ਨੇਪਰੇ ਚਾੜ੍ਹਣਾ ਮੁਸ਼ਕਲ ਹੁੰਦਾ ਹੈ। ਕਈ ਵਾਰ ਅਜਿਹੀ ਸਥਿਤੀ ਪੈਦਾ ਹੋ ਜਾਂਦੀ ਹੈ ਜਦੋਂ ਲੋਕ ਜਲਦਬਾਜ਼ੀ ਵਿਚ ਲੋਨ ਦੇ ਚੱਕਰ ਵਿਚ ਫੱਸ ਜਾਂਦੇ ਹਨ ਫਿਰ ਬਾਅਦ ਵਿਚ ਲੋਨ ਉਤਾਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਇਸ ਤੋਂ ਇਲਾਵਾ ਕਈ ਵਾਰ ਮੈਡੀਕਲ ਦਿੱਕਤਾਂ ਦੇ ਚੱਕਰ ਵਿਚ ਫੱਸ ਜਾਂਦੇ ਹਨ ਜਿਥੇ ਸਭ ਤੋਂ ਜ਼ਿਆਦਾ ਪੈਸਿਆਂ ਦੀ ਜ਼ਰੂਰਤ ਹੁੰਦੀ ਹੈ ਅਜਿਹੀ ਸਥਿਤੀ ਵਿਚ ਸਾਰੀ ਬਚਤ ਵੀ ਲੱਗ ਜਾਂਦੀ ਹੈ। ਅਜਿਹੀਆਂ ਦਿੱਕਤਾਂ ਤੋਂ ਬਚਣ ਲਈ ਹਮੇਸ਼ਾ ਵਿੱਤੀ ਤੌਰ 'ਤੇ ਮਜ਼ਬੂਤ ਰਹਿਣਾ ਚਾਹੀਦਾ ਹੈ। ਵਿੱਤੀ ਤੌਰ 'ਤੇ ਮਜ਼ਬੂਤ ਹੋਣ ਲਈ ਸਹੀ ਪਲਾਨਿੰਗ ਅਹਿਮ ਹੁੰਦੀ ਹੈ। ਇਸ ਪਲਾਨਿੰਗ ਦੇ ਤਹਿਤ ਸੰਕਟ ਦੀ ਸਥਿਤੀ ਲਈ ਫੰਡ ਤਿਆਰ ਕਰਨਾ ਚਾਹੀਦਾ ਹੈ ਅਤੇ ਇਸ ਦੀ ਸ਼ੁਰੂਆਤ ਨੌਕਰੀ ਲੱਗਣ ਦੇ ਨਾਲ ਹੀ ਸ਼ੁਰੂ ਕਰ ਦੇਣੀ ਚਾਹੀਦੀ ਹੈ। ਇਸ ਫੰਡ 'ਚ ਨਿਯਮਿਤਰ ਰੂਪ ਨਾਲ ਬਚਤ ਕਰਦੇ ਰਹਿਣਾ ਚਾਹੀਦਾ ਹੈ। 

ਇਨ੍ਹਾਂ ਥਾਵਾਂ 'ਤੇ ਹਰੇਕ ਨੂੰ ਜ਼ਰੂਰ ਕਰਨੀ ਚਾਹੀਦੀ ਹੈ ਬਚਤ

ਜੀਵਨ ਬੀਮਾ ਸਕੀਮ 

ਜ਼ਿੰਦਗੀ ਦਾ ਕੋਈ ਭਰੋਸਾ ਨਹਂੀਂ ਹੈ, ਜਿਸਨੂੰ ਦੇਖਦੇ ਹੋਏ ਜੀਵਨ ਬੀਮਾ ਖਰੀਦਣਾ ਬਹੁਤ ਜ਼ਰੂਰੀ ਹੈ। ਜੀਵਨ ਬੀਮਾ ਜ਼ਰੀਏ ਕੋਈ ਵੀ ਵਿਅਕਤੀ ਆਪਣੇ ਪਰਿਵਾਰ ਨੂੰ ਖੁਦ ਦੇ ਨਾ ਰਹਿਣ ਦੀ ਸਥਿਤੀ ਵਿਚ ਵੀ ਮਜ਼ਬੂਤ ਕਰ ਜਾਂਦਾ ਹੈ। ਬਜ਼ਾਰ 'ਚ ਮੌਜੂਦ ਕਈ ਜੀਵਨ ਬੀਮਾ ਸਕੀਮ ਕਿਸੇ ਵਿਅਕਤੀ ਦੀ ਮੌਤ ਹੋ ਜਾਣ ਦੇ ਬਾਅਦ ਉਸਦੇ ਪਰਿਵਾਰ ਵਾਲਿਆਂ ਨੂੰ ਪਹਿਲਾਂ ਤੋਂ ਤੈਅ ਰਾਸ਼ੀ ਦਿੰਦੀ ਹੈ। ਜੀਵਨ ਬੀਮਾ ਖਰੀਦਣ ਤੋਂ ਪਹਿਲਾਂ ਇਹ ਤੈਅ ਕਰਨਾ ਚਾਹੀਦੈ ਕਿ ਬੀਮਾ ਰਾਸ਼ੀ ਸਾਲਾਨਾ ਖਰਚ ਦਾ ਘੱਟੋ-ਘੱਟ 10 ਗੁਣਾ ਹੋਣਾ ਚਾਹੀਦੈ।

ਹੈਲਥ ਇੰਸ਼ੋਰੈਂਸ

ਹੈਲਥ ਇੰਸ਼ੋਰੈਂਸ ਵੀ ਕਿਸੇ ਵੀ ਵਿਅਕਤੀ ਲਈ ਬਹੁਤ ਹੀ ਮਹੱਤਵਪੂਰਨ ਸਾਬਤ ਹੋ ਸਕਦੀ ਹੈ ਕਿਉਂਕਿ ਇਸ ਦੇ ਜ਼ਰੀਏ ਕੋਈ ਵੀ ਵਿਅਕਤੀ ਆਪਣੀ ਬਚਤ ਨੂੰ ਖਤਮ ਕੀਤੇ ਬਿਨਾਂ ਇਲਾਜ ਕਰਵਾ ਸਕਦਾ ਹੈ। ਇਸ ਸਕੀਮ ਅਧੀਨ ਬੀਮਤ(ਬੀਮਾ ਕਰਵਾਉਣ ਵਾਲੇ ਵਿਅਕਤੀ) ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ 'ਚ ਵਿੱਤੀ ਤੌਰ 'ਤੇ ਸਹਾਇਤਾ ਮਿਲਦੀ ਹੈ। ਬੀਮਾਰੀ ਦਾ ਇਲਾਜ ਹੋ ਜਾਂਦਾ ਹੈ ਅਤੇ ਜੇਬ 'ਤੇ ਅਸਰ ਵੀ ਨਹੀਂ ਪੈਂਦਾ। ਹੈਲਥ ਇੰਸ਼ੋਰੈਂਸ ਪਾਲਸੀ ਖਰੀਦਦੇ ਸਮੇਂ ਪਾਲਸੀ ਦੀਆਂ ਸ਼ਰਤਾਂ, ਕਵਰੇਜ, ਪ੍ਰੀਮੀਅਮ ਦੀ ਤੁਲਨਾ ਆਦਿ ਕਰਨਾ ਨਾ ਭੁੱਲੋ। ਇਹ ਵੀ ਦੇਖਣਾ ਚਾਹੀਦਾ ਹੈ ਕਿ ਭਵਿੱਖ ਵਿਚ ਕਿੰਨੇ ਕਵਰੇਜ ਦੀ ਜ਼ਰੂਰਤ ਹੋ ਸਕਦੀ ਹੈ।

ਐਮਰਜੈਂਸੀ ਫੰਡ

ਜੇਕਰ ਤੁਸੀਂ ਹੋਮ ਲੋਨ ਜਾਂ ਕਾਰ ਲੋਨ ਲਿਆ ਹੈ ਜਾਂ ਤੁਹਾਡੇ ਕ੍ਰੈਡਿਟ ਕਾਰਡ ਦੇ ਬਿੱਲ ਬਾਕੀ ਹਨ ਤਾਂ ਅਜਿਹੀ ਸਥਿਤੀ ਵਿਚ ਐਮਰਜੈਂਸੀ ਫੰਡ ਬਹੁਤ ਕੰਮ ਆਉਂਦਾ ਹੈ। ਵਿੱਤੀ ਸਮੱਸਿਆ ਸਮੇਂ ਇਸ ਫੰਡ ਦਾ ਇਸਤੇਮਾਲ ਬਿਨਾਂ ਹੋਰ ਕਿਸੇ ਨਿਵੇਸ਼ ਨੂੰ ਛੇੜੇ ਕਰ ਸਕਦੇ ਹੋ। ਇਸ ਫੰਡ ਵਿਚ ਨਿਵੇਸ਼ 9 ਤੋਂ 10 ਮਹੀਨੇ ਦੇ ਘਰੇਲੂ ਮਹੀਨਾਵਾਰ ਖਰਚ ਦੇ ਬਰਾਬਰ ਹੋਣਾ ਚਾਹੀਦਾ ਹੈ।


Related News