ਕਰਜ਼ਾ ਲੈਣ ਦੀ ਕਰ ਰਹੇ ਹੋ ਪਲਾਨਿੰਗ ਤਾਂ ਭੁੱਲ ਕੇ ਵੀ ਨਾ ਕਰੋ ਇਹ ਕੰਮ

07/02/2019 1:11:50 PM

ਨਵੀਂ ਦਿੱਲੀ — ਤੁਸੀਂ ਪਹਿਲੀ ਵਾਰ ਲੋਨ ਲੈਣ ਬਾਰੇ ਸੋਚ ਰਹੇ ਹੋ ਅਤੇ ਆਨਲਾਈਨ ਅਤੇ ਆਫ ਲਾਈਨ ਪੇਸ਼ ਕੀਤੇ ਜਾਣ ਵਾਲੇ ਆਫਰਸ ਤੋਂ ਕੰਫਿਊਜ਼ ਹੋ ਰਹੇ ਹੋ ਤਾਂ ਤੁਹਾਨੂੰ ਦੱਸ ਦਈਏ ਕਿ ਕਿਸ ਤਰ੍ਹਾਂ ਨਾਲ ਜ਼ਿਆਦਾ ਤੋਂ ਜ਼ਿਆਦਾ ਲੋਨ ਲਿਆ ਜਾ ਸਕਦਾ ਹੈ। ਪਰਸਨਲ ਲੋਨ(Personal Loan), ਹੋਮ ਲੋਨ(Home Loan) ਜਾਂ   ੍ਵਹੀਕਲ ਲੋਨ(Vehicle loan) ਲੈਣ ਵੇਲੇ ਕੁਝ ਖਾਸ ਪਹਿਲੂਆਂ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ। 

ਲੋਨ ਦੀ ਜ਼ਰੂਰਤ

ਹਰ ਕੋਈ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਹੀ ਲੋਨ ਲੈਣ ਬਾਰੇ ਸੋਚਦਾ ਹੈ। ਹੋਮ ਲੋਨ ਲੈਣ ਦੀ ਗੱਲ ਕੀਤੀ ਜਾਵੇ ਤਾਂ ਇਹ ਜ਼ਰੂਰੀ ਹੈ ਕਿਉਂਕਿ ਬਚਤ ਦੇ ਜ਼ਰੀਏ ਘਰ ਖਰੀਦਣਾ ਆਸਾਨ ਕੰਮ ਨਹੀਂ ਹੈ। ਦੂਜੇ ਪਾਸੇ ਜੇਕਰ ਪਰਸਨਲ ਲੋਨ ਬਾਰੇ ਸੋਚ ਰਹੇ ਹੋ ਤਾਂ ਤੁਹਾਨੂੰ ਇਹ ਵੀ ਦੇਖਣਾ ਚਾਹੀਦਾ ਹੈ ਕਿ ਕੀ ਸੱਚ 'ਚ ਤੁਹਾਨੂੰ ਇਸ ਦੀ ਜ਼ਰੂਰਤ ਹੈ। ਇਹ ਕੋਈ ਜ਼ਰੂਰੀ ਨਹੀਂ ਹੈ ਕਿ ਬੈਂਕ ਕੋਈ ਖਾਸ ਸਕੀਮ ਦੇ ਰਿਹਾ ਹੈ ਇਸ ਲਈ ਲੋਨ ਲੈ ਲੈਣਾ ਚਾਹੀਦਾ ਹੈ। ਕਿਉਂਕਿ ਜਿਹੜੀ ਰਾਸ਼ੀ ਤੁਸੀਂ ਲੋਨ 'ਤੇ ਲੈ ਰਹੇ ਹੋ ਉਸਨੂੰ ਵਿਆਜ ਸਮੇਤ ਚੁਕਾਉਣਾ ਵੀ ਤੁਹਾਨੂੰ ਹੀ ਹੋਵੇਗਾ। ਅਜਿਹੀ ਸਥਿਤੀ 'ਚ ਜੇਕਰ ਪੈਸਾ ਉਧਾਰ ਲੈਣ ਲਈ ਸੋਨੇ ਦੇ ਬਦਲੇ ਲੋਨ ਲੈ ਕੇ ਕੰਮ ਚਲ ਸਕਦਾ ਹੈ ਤਾਂ ਅਜਿਹਾ ਕਰਨ 'ਚ ਕੋਈ ਹਰਜ (ਦਿੱਕਤ) ਨਹੀਂ ਹੋਣਾ ਚਾਹੀਦਾ।

ਕਿੰਨਾ ਪੈਸਾ ਉਧਾਰ ਲੈਣਾ ਚਾਹੀਦੈ

ਸਭ ਤੋਂ ਪਹਿਲਾਂ ਇਹ ਚੰਗੀ ਤਰ੍ਹਾਂ ਪਤਾ ਲਗਾਓ ਕਿ ਅਸਲ 'ਚ ਤੁਹਾਨੂੰ ਕਿੰਨੇ ਪੈਸੇ ਦੀ ਜ਼ਰੂਰਤ ਹੈ। ਇਸ ਤੋਂ ਬਾਅਦ ਇਸ ਦਾ ਵੀ ਚੰਗੀ ਤਰ੍ਹਾਂ ਮੁਲਾਂਕਣ ਕਰੋ ਕਿ ਮਹੀਨਾਵਾਰ ਖਰਚਾ ਕਰਨ ਤੋਂ ਬਾਅਦ ਤੁਸੀਂ ਹਰ ਮਹੀਨੇ ਕਿੰਨਾ ਪੈਸਾ ਅਸਾਨੀ ਨਾਲ ਬਚਾ ਸਕਦੇ ਹੋ ਕਿਉਂਕਿ ਲੋਨ ਲੈਣ ਤੋਂ ਬਾਅਦ ਇਸ ਦਾ ਭੁਗਤਾਨ ਈ.ਐਮ.ਆਈ. ਦੇ ਜ਼ਰੀਏ ਕੀਤਾ ਜਾਣਾ ਹੈ। ਕਿਸੇ ਵੀ ਬੈਂਕ ਜਾਂ ਕੰਪਨੀ ਨਾਲ ਸੰਪਰਕ ਕਰਨ ਤੋਂ ਪਹਿਲਾਂ ਇਸ ਸਾਰੇ ਮੁਲਾਂਕਣ ਦੀ ਘਰੋਂ ਤਿਆਰੀ ਕਰ ਜਾਓ ਤਾਂ ਜੋ ਉਥੇ ਜਾ ਕੇ ਆਪਣੇ ਹਿਸਾਬ ਨਾਲ ਹੀ ਈ.ਐਮ.ਆਈ.(EMI) ਬਣਵਾ ਸਕੋ। ਇਹ ਵੀ ਧਿਆਨ ਰੱਖੋ ਬਹੁਤ ਜ਼ਰੂਰੀ ਕੰਮ ਲਈ ਹੀ ਲੋਨ ਲਵੋ, ਫਾਲਤੂ ਦੇ ਸ਼ੌਕ ਜਾਂ ਚੀਜ਼ਾਂ ਖਰੀਦਣ ਲਈ ਲੋਨ ਵਾਲੇ ਪੈਸੇ ਦਾ ਇਸਤੇਮਾਲ ਕਦੇ ਨਾ ਕਰੋ। ਇਸ ਦੇ ਨਾਲ ਹੀ ਲੋਕ ਦਿਖਾਵੇ ਲਈ ਵੀ ਕਦੇ ਵੀ ਲੋਨ ਨਾ ਲਵੋ, ਜਿਸ ਕੰਮ ਨੂੰ ਕੁਝ ਹੋਰ ਸਮੇਂ ਲਈ ਟਾਲਿਆ ਜਾ ਸਕਦਾ ਹੈ ਉਸ ਨੂੰ ਟਾਲ ਦਿਓ ਅਤੇ ਸਮਾਂ ਆਉਣ 'ਤੇ ਹੀ ਉਸ ਬਾਰੇ ਲੋਨ ਲੈਣ ਬਾਰੇ ਵਿਚਾਰ ਕਰਨਾ ਚਾਹੀਦਾ ਹੈ। 

ਕ੍ਰੈਡਿਟ ਸਕੋਰ

ਕੋਈ ਵੀ ਬੈਂਕ ਜਾਂ ਲੋਨ ਦੇਣ ਵਾਲੀ ਸੰਸਥਾ ਲੋਨ ਦੇਣ ਤੋਂ ਪਹਿਲਾਂ ਕ੍ਰੈਡਿਟ ਸਕੋਰ ਚੈੱਕ ਕਰਦੀ ਹੈ ਜੇਕਰ ਕ੍ਰੈਡਿਟ ਸਕੋਰ ਚੰਗਾ ਹੈ ਤਾਂ ਲੋਨ ਅਸਾਨੀ ਨਾਲ ਅਤੇ ਆਪਣੀ ਮਰਜ਼ੀ ਦੀ ਰਾਸ਼ੀ ਦਾ ਮਿਲ ਜਾਂਦਾ ਹੈ। ਦੂਜੇ ਪਾਸੇ ਜੇਕਰ ਤੁਹਾਡਾ ਕ੍ਰੈਡਿਟ ਸਕੋਰ ਠੀਕ ਨਹੀਂ ਹੈ ਤਾਂ ਤੁਹਾਡੇ ਲੋਨ ਦੀ ਅਰਜ਼ੀ ਰੱਦ ਵੀ ਹੋ ਸਕਦੀ ਹੈ। ਇਸ ਲਈ ਭਵਿੱਖ ਦੇ ਵਧੀਆ ਕ੍ਰੈਡਿਟ ਸਕੋਰ ਲਈ ਲਏ ਹੋਏ ਲੋਨ ਦਾ ਸਮੇਂ 'ਤੇ ਭੁਗਤਾਨ ਕਰੋ। ਤਾਂ ਜੋ ਇਸ ਤੋਂ ਬਾਅਦ ਅਗਲੀ ਵਾਰ ਜਦੋਂ ਕਦੇ ਤੁਸੀਂ ਲੋਨ ਲੈਣਾ ਹੋਵੇ ਤਾਂ ਤੁਹਾਨੂੰ ਪਰੇਸ਼ਾਨੀ ਨਾ ਹੋਵੇ। 

ਲੋਨ ਦੀ ਅਰਜ਼ੀ ਦੇਣ ਤੋਂ ਪਹਿਲਾਂ ਤੁਸੀਂ ਆਪਣਾ ਕ੍ਰੈਡਿਟ ਸਕੋਰ ਖੁਦ ਵੀ ਚੈੱਕ ਕਰ ਸਕਦੇ ਹੋ ਅਤੇ ਇਸ ਤੋਂ ਬਾਅਦ ਅਪਲਾਈ ਕਰ ਸਕਦੇ ਹੋ। ਇਸ ਨਾਲ ਲੋਨ ਦੀ ਅਰਜ਼ੀ ਰੱਦ ਹੋਣ ਦੀ ਸੰਭਾਵਨਾ ਨਹੀਂ ਰਹਿੰਦੀ।