ਖਾਤੇ ''ਚੋਂ ਗਾਇਬ ਹੋ ਸਕਦੀ ਹੈ ਮੋਟੀ ਰਕਮ, ਚੈੱਕ ਰਾਂਹੀ ਭੁਗਤਾਨ ਕਰਨਾ ਵੀ ਹੋ ਸਕਦੈ ਅਣਸੁਰੱਖਿਅਤ

03/16/2020 2:24:38 PM

ਨਵੀਂ ਦਿੱਲੀ — ਜਦੋਂ ਵੀ ਕਿਸੇ ਵਿਅਕਤੀ ਦਾ ਬੈਂਕ ਵਿਚ ਖਾਤਾ ਖੁੱਲਦਾ ਹੈ ਤਾਂ ਉਸ ਨੂੰ ਖਾਤਾ ਖੁੱਲਣ ਦੇ ਬਾਅਦ ਬੈਂਕ ਵਲੋਂ ਕਿਟ 'ਚ ਚੈੱਕ ਬੁੱਕ ਵੀ ਮਿਲਦੀ ਹੈ। ਕਈ ਲੋਕ ਅੱਜ ਵੀ ਆਨਲਾਈਨ ਬੈਂਕਿੰਗ ਦੀ ਬਜਾਏ ਚੈੱਕ ਨਾਲ ਭੁਗਤਾਨ ਕਰਨਾ ਸੁਰੱਖਿਅਤ ਸਮਝਦੇ ਹਨ। ਹਾਲਾਂਕਿ ਹੁਣ ਚੈੱਕ ਨਾਲ ਕਿਸੇ ਤਰ੍ਹਾਂ ਦਾ ਭੁਗਤਾਨ ਕਰਨਾ ਵੀ ਸੁਰੱਖਿਅਤ ਨਹੀਂ ਰਹਿ ਗਿਆ ਹੈ। ਹੈਕਰਸ ਹੁਣ ਇਸ ਦੀ ਵੀ ਕਲੋਨਿੰਗ ਕਰਨ ਲੱਗ ਗਏ ਹਨ। ਇਸ ਦਾ ਪਤਾ ਬੈਂਕ ਨੂੰ ਵੀ ਨਹੀਂ ਲਗਦਾ ਹੈ ਕਿ ਭੁਗਤਾਨ ਲਈ ਜਿਹੜਾ ਚੈੱਕ ਦਿੱਤਾ ਗਿਆ ਹੈ ਉਹ ਸਹੀ ਹੈ ਜਾਂ ਨਹੀਂ। ਚੈੱਕ ਦੀ ਕਲੋਨਿੰਗ ਨਾ ਹੋਵੇ ਇਸ ਲਈ ਕਈ ਤਰ੍ਹਾਂ ਦੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਐਮਜ਼ ਦੇ ਨਿਰਦੇਸ਼ਕ ਅਤੇ ਡੀਨ ਦੇ ਖਾਤੇ ਵਿਚੋਂ 12 ਕਰੋੜ ਰੁਪਏ ਕੱਢੇ ਜਾਣ ਦੇ ਬਾਅਦ ਇਹ ਸਮਝਣਾ ਸਾਰਿਆਂ ਲਈ ਜ਼ਰੂਰੀ ਹੋ ਗਿਆ ਹੈ ਕਿ ਕਿਵੇਂ ਇਸ ਖਤਰੇ ਨਾਲ ਨਜਿੱਠਿਆ ਜਾਣਾ ਚਾਹੀਦਾ ਹੈ।

ਕੀ ਹੁੰਦੀ ਹੈ ਚੈੱਕ ਕਲੋਨਿੰਗ

ਬੈਂਕ ਕਰਮਚਾਰੀਆਂ ਦੀ ਮਦਦ ਦੇ ਬਿਨਾਂ ਚੈੱਕ ਦੀ ਕਲੋਨਿੰਗ ਨਹੀਂ ਹੋ ਸਕਦੀ ਹੈ। ਬੈਂਕ ਦੇ ਕਰਮਚਾਰੀ ਹੀ ਅਜਿਹਾ ਫਰਾਡ ਕਰਨ ਵਾਲੇ ਲੋਕਾਂ ਨੂੰ ਖਾਤਾਧਾਰਕਾਂ ਦੇ ਦਸਤਖਤ ਅਤੇ ਬਲੈਂਕ ਚੈੱਕ ਦਿੰਦੇ ਹਨ। ਇਹ ਫਰਾਡ ਕਰਨ ਦੇ ਬਾਅਦ ਬੈਂਕ ਵਿਚ ਖਾਤਾ ਧਾਰਕਾਂ ਦਾ ਫੋਨ ਨੰਬਰ ਬਦਲਣ ਦੀ ਅਰਜ਼ੀ ਵੀ ਇਹ ਬੈਂਕ ਕਰਮਚਾਰੀ ਖੁਦ ਹੀ ਦੇ ਦਿੰਦੇ ਹਨ। ਇਸ ਤਰ੍ਹਾਂ ਨਾਲ ਖਾਤਾ ਧਾਰਕਾਂ ਨੂੰ ਕਿਸੇ ਤਰ੍ਹਾਂ ਦਾ ਟਰਾਂਜੈਕਸ਼ਨ ਕਰਨ 'ਤੇ ਮੈਸੇਜ ਨਹੀਂ ਮਿਲਦਾ ਹੈ।

ਇਨ੍ਹਾਂ ਖਾਤਿਆਂ ਦੀ ਹੋ ਸਕਦੀ ਹੈ ਚੈੱਕ ਕਲੋਨਿੰਗ

ਜੇਕਰ ਤੁਹਾਡੇ ਖਾਤੇ ਵਿਚ ਲੱਖਾਂ-ਕਰੋੜਾਂ ਪਏ ਹੋਏ ਹਨ, ਤਾਂ ਚੈੱਕ ਕਲੋਨਿੰਗ ਦੀ ਸੰਭਾਵਨਾ ਵਧ ਜਾਂਦੀ ਹੈ। ਚੈੱਕ 'ਤੇ ਬੈਂਕ ਖਾਤਾ ਸੰਖਿਆ, ਸ਼ਾਖਾ ਅਤੇ ਵਿਅਕਤੀ ਦਾ ਨਾਮ ਹੁੰਦਾ ਹੈ। ਫਰਾਡ ਕਰਨ ਵਾਲਾ ਵਿਅਕਤੀ ਚੈੱਕ ਨੂੰ ਸਕੈਨ ਕਰਕੇ ਉਸਦਾ ਕਲੋਨ ਬਣਾ ਦਿੰਦਾ ਹੈ ਅਤੇ ਖਾਤੇ ਵਿਚੋਂ ਪੈਸੇ ਕਢਵਾ ਲੈਂਦਾ ਹੈ।

ਚੈੱਕ ਕਲੋਨਿੰਗ ਤੋਂ ਕਿਵੇਂ ਬਚੀਏ

ਇਨ੍ਹਾਂ ਤਰੀਕਿਆਂ ਦਾ ਇਸਤੇਮਾਲ ਕਰਕੇ ਤੁਸੀਂ ਅਸਾਨੀ ਨਾਲ ਚੈੱਕ ਕਲੋਨਿੰਗ ਦਾ ਸ਼ਿਕਾਰ ਹੋਣ ਤੋਂ ਬਚ ਸਕਦੇ ਹੋ।

- ਸੋਸ਼ਲ ਮੀਡੀਆ, ਵਾਟਸਐਪ ਅਤੇ ਈ-ਮੇਲ 'ਤੇ ਚੈੱਕ ਦੀ ਫੋਟੋ ਕਦੇ ਵੀ ਪੋਸਟ ਨਾ ਕਰੋ।
- ਕਿਸੇ ਵੀ ਵਿਅਕਤੀ ਨੂੰ ਫੋਨ 'ਤੇ ਆਪਣੇ ਨਿੱਜੀ ਬੈਂਕ ਖਾਤਿਆਂ ਦੀ ਜਾਣਕਾਰੀ ਨਾ ਦਿਓ।
- ਇਸ ਜਾਣਕਾਰੀ ਵਿਚ ਚੈੱਕ ਨੰਬਰ, ਡੈਬਿਟ-ਕ੍ਰੈਡਿਟ ਕਾਰਡ ਦਾ ਵੇਰਵਾ, ਓ.ਟੀ.ਪੀ. ਅਤੇ ਪਾਸਵਰਡ ਤੱਕ ਸ਼ਾਮਲ ਹੈ।
- ਆਪਣੇ ਫੋਨ ਨੰਬਰ, ਈ-ਮੇਲ, ਆਈ.ਡੀ. , ਬੈਂਕ ਖਾਤੇ ਸਮੇਂ-ਸਮੇਂ 'ਤੇ ਚੈਕ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਕਿਸੇ ਵੀ ਸ਼ੱਕੀ ਟਰਾਂਜੈਕਸ਼ਨ ਹੋਣ 'ਤੇ ਸਮੇਂ ਸਿਰ ਜਾਣਕਾਰੀ ਮਿਲ ਸਕੇ।