ਇਨ੍ਹਾਂ ਨਿਵੇਸ਼ ਪਲਾਨਸ ਜ਼ਰੀਏ ਆਪਣੇ ਨਵ-ਜੰਮ੍ਹੇ ਬੱਚੇ ਦਾ ਭਵਿੱਖ ਬਣਾਓ ਉੱਜਵਲ

06/13/2019 1:12:20 PM

ਨਵੀਂ ਦਿੱਲੀ — ਮਾਤਾ-ਪਿਤਾ ਅਕਸਰ ਆਪਣੇ ਬੱਚਿਆਂ ਦੇ ਭਵਿੱਖ ਬਾਰੇ ਚਿੰਤਾ ਕਰਦੇ ਰਹਿੰਦੇ ਹਨ, ਜਿਹੜਾ ਕਿ ਕੁਦਰਤੀ ਵੀ ਹੈ। ਹਾਲਾਂਕਿ ਅੱਜਕੱਲ੍ਹ ਬਜ਼ਾਰ ਵਿਚ ਬਹੁਤ ਵਧੀਆ ਨਿਵੇਸ਼ ਯੋਜਨਾਵਾਂ ਉਪਲੱਬਧ ਹਨ ਜਿਨ੍ਹਾਂ 'ਚ ਨਿਵੇਸ਼ ਕਰਕੇ ਤੁਹਾਡੀ ਵਿੱਤੀ ਚਿੰਤਾ ਦੂਰ ਹੋ ਸਕਦੀ ਹੈ। ਜੇਕਰ ਨਵਜੰਮ੍ਹੇ ਬੱਚੇ ਦੀ ਗੱਲ ਕਰੀਏ ਤਾਂ ਉਨ੍ਹਾਂ ਲਈ ਬਜ਼ਾਰ ਵਿਚ ਬਹੁਤ ਸਾਰੇ ਵਿਕਲਪ ਮੌਜੂਦ ਹਨ। ਆਓ ਅੱਜ ਅਸੀਂ ਕੁਝ ਅਜਿਹੀਆਂ ਹੀ ਯੋਜਨਾਵਾਂ ਬਾਰੇ ਜਾਣਕਾਰੀ ਦਿੰਦੇ ਹਾਂ ਜਿਨ੍ਹਾਂ 'ਚ ਨਿਵੇਸ਼ ਕਰਕੇ ਤੁਹਾਨੂੰ ਟੈਕਸ ਛੋਟ ਵੀ ਮਿਲ ਸਕੇਗੀ ਅਤੇ ਭਵਿੱਖ ਦੀ ਵਿੱਤੀ ਚਿੰਤਾ ਵੀ ਘਟੇਗੀ।

ਪਬਲਿਕ ਪ੍ਰਾਵੀਡੈਂਟ ਫੰਡ

ਤੁਸੀਂ ਆਪਣੇ ਨਵੇਂ ਜੰਮ੍ਹੇ ਦੇ ਨਾਂ 'ਤੇ PPF ਖਾਤਾ ਖੁੱਲ੍ਹਵਾ ਸਕਦੇ ਹੋ। ਇਸ ਯੋਜਨਾ ਦਾ ਲਾਭ ਇਹ ਹੈ ਕਿ ਜਦੋਂ ਤੁਹਾਡੇ ਬੱਚੇ ਦੀ ਉੱਚ ਸਿੱਖਿਆ ਦੀ ਉਮਰ ਹੋਵੇਗੀ ਉਸ ਸਮੇਂ ਤੱਕ ਤੁਹਾਡੇ ਕੋਲ ਵੱਡਾ ਫੰਡ ਇਕੱਠਾ ਹੋ ਚੁੱਕਾ ਹੋਵੇਗਾ। ਇਸ ਨਿਵੇਸ਼ ਦੀ ਮਿਆਦ 15 ਸਾਲ ਹੈ ਅਤੇ ਇੰਨੇ ਸਾਲਾਂ ਵਿਚ ਤੁਸੀਂ ਆਪਣੇ ਬੱਚੇ ਲਈ ਕਾਫੀ ਪੈਸਾ ਜੋੜ ਸਕੋਗੇ। ਇਸ ਯੋਜਨਾ ਵਿਚ ਜੇਕਰ ਤੁਸੀਂ ਹਰ ਸਾਲ 1.5 ਲੱਖ ਰੁਪਏ ਤੱਕ ਦਾ ਵੀ ਨਿਵੇਸ਼ ਕਰਦੇ ਹੋ ਤਾਂ ਵੀ ਤੁਸੀਂ ਆਮਦਨ ਟੈਕਸ ਦੀ ਧਾਰਾ 80 ਸੀ ਦੇ ਤਹਿਤ ਟੈਕਸ 'ਚ ਛੋਟ ਲੈ ਸਕਦੇ ਹੋ। ਇੰਨਾ ਹੀ ਨਹੀਂ ਵਿਆਜ ਆਮਦਨ ਵੀ ਟੈਕਸ ਫਰੀ ਹੀ ਹੈ। ਇਸ ਵਿਚ ਵਿਆਜ ਦੀ ਦਰ 8 ਫੀਸਦੀ ਹੈ।

ਇਕੁਇਟੀ ਮਿਊਚੁਅਲ ਫੰਡ

ਜੇਕਰ ਤੁਸੀਂ ਜੋਖਮ ਲੈਣ ਦੇ ਸਮਰੱਥ ਹੋ ਅਤੇ ਜ਼ਿਆਦਾ ਰਿਟਰਨ ਲੈਣ ਦੀ ਇੱਛਾ ਰਖਦੇ ਹੋ ਤਾਂ ਤੁਹਾਡੇ ਲਈ ਇਕੁਇਟੀ ਮਿਊਚੁਅਲ ਫੰਡ ਵੀ ਚੰਗਾ ਵਿਕਲਪ ਹੋ ਸਕਦਾ ਹੈ। ਮੰਨ ਲਓ ਤੁਸੀਂ PPF 'ਚ 15 ਸਾਲ ਤੱਕ 5 ਹਜ਼ਾਰ ਰੁਪਏ ਦਾ ਨਿਵੇਸ਼ ਕੀਤਾ ਹੈ ਤਾਂ ਇਹ ਰਕਮ ਵਧ ਕੇ ਕਰੀਬ 17,00,000 ਰੁਪਏ ਹੋ ਜਾਵੇਗੀ। ਦੂਜੇ ਪਾਸੇ ਜੇਕਰ 15 ਸਾਲ ਤੱਕ ਇਕੁਇਟੀ ਮਿਊਚੁਅਲ ਫੰਡਾਂ ਵਿਚ ਇੰਨਾ ਨਿਵੇਸ਼ ਕਰਦੇ ਹੋ ਤਾਂ ਇਹ ਰਾਸ਼ੀ ਵਧ ਕੇ 27,48,000 ਰੁਪਏ ਹੋ ਜਾਵੇਗੀ। ਜ਼ਿਕਰਯੋਗ ਹੈ ਕਿ ਅੱਜਕੱਲ੍ਹ ਇਕੁਇਟੀ ਮਿਊਚੁਅਲ ਫੰਡ 'ਤੇ ਵੀ ਟੈਕਸ ਲਗਾਇਆ ਜਾਂਦਾ ਹੈ। ਇਥੇ ਪੈਸਾ ਨਿਵੇਸ਼ ਕਰਨ ਤੋਂ ਪਹਿਲਾਂ ਮਾਹਰਾਂ ਦੀ ਸਲਾਹ ਲੈ ਲੈਣੀ ਚਾਹੀਦੀ ਹੈ।

ਸੁਕੰਨਿਆ ਸਮਰਿੱਧੀ ਯੋਜਨਾ

ਇਹ ਯੋਜਨਾ ਸਿਰਫ ਬੇਬੀ ਗਰਲ ਲਈ ਹੀ ਹੈ। ਚੰਗਾ ਰਿਟਰਨ ਲੈਣ ਲਈ ਇਹ ਵੀ ਚੰਗਾ ਵਿਕਲਪ ਹੈ। ਸਾਲ 2018-19 ਲਈ ਸੁਕੰਨਿਆ ਸਮਰਿੱਧੀ ਯੋਜਨਾ 'ਤੇ ਵਿਆਜ ਦਰ 8.1 ਫੀਸਦੀ ਰੱਖੀ ਗਈ ਹੈ। ਇਹ ਵਿਆਜ ਦਰਾਂ ਬਦਲਦੀਆਂ ਰਹਿੰਦੀਆਂ ਹਨ। ਇਸ ਯੋਜਨਾ ਵਿਚ ਨਿਵੇਸ਼ ਕਰਕੇ ਤੁਸੀਂ ਪੀ.ਪੀ.ਐੱਫ. ਦੀ ਤਰ੍ਹਾਂ ਹੀ ਧਾਰਾ 80 ਸੀ ਦੇ ਤਹਿਤ ਆਮਦਨ ਟੈਕਸ 'ਚ ਕਟੌਤੀ ਦਾ ਲਾਭ ਲੈ ਸਕਦੇ ਹੋ। ਇਸ ਯੋਜਨਾ ਤੋਂ ਮਿਲਿਆ ਵਿਆਜ ਵੀ ਟੈਕਸ ਫਰੀ ਹੁੰਦਾ ਹੈ।

ਕੰਨਿਆਦਾਨ ਪਾਲਿਸੀ

ਹਰੇਕ ਮਾਂ-ਬਾਪ ਦਾ ਇਹ ਸੁਪਨਾ ਹੁੰਦਾ ਹੈ ਕਿ ਉਹ ਆਪਣੀ ਲਾਡਲੀ ਦੀ ਹਰ ਛੋਟੀ-ਵੱਡੀ ਇੱਛਾ ਪੂਰੀ ਕਰਨ ਅਤੇ ਆਪਣੀ ਬੇਟੀ ਦਾ ਵਿਆਹ ਵੀ ਪੂਰੀ ਸ਼ਾਨੋ-ਸ਼ੌਕਤ ਨਾਲ ਕਰਨ। ਮਾਂ-ਬਾਪ ਦੇ ਇਸ ਸੁਪਨੇ ਨੂੰ ਪੂਰਾ ਕਰੇਗੀ ਸਰਕਾਰੀ ਕੰਪਨੀ ਜੀਵਨ ਬੀਮਾ ਨਿਗਮ (LIC) ਦੀ ਕੰਨਿਆਦਾਨ ਪਾਲਿਸੀ। ਇਸ ਦੇ ਤਹਿਤ ਤੁਸੀਂ ਰੋਜ਼ਾਨਾ ਸਿਰਫ 121 ਰੁਪਏ ਜਮ੍ਹਾ ਕਰਵਾ ਕੇ 27 ਲੱਖ ਰੁਪਏ ਤੱਕ ਦਾ ਵੱਡਾ ਫੰਡ ਇਕੱਠਾ ਕਰ ਸਕਦੇ ਹੋ। ਆਓ ਜਾਣਦੇ ਹਾਂ ਇਸ ਪਾਲਸੀ ਬਾਰੇ।

ਪਿਤਾ ਦੇ ਨਾ ਰਹਿਣ 'ਤੇ ਮਿਲਦੀ ਹੈ ਇਹ ਸਹੂਲਤ

LIC ਦੀ ਕੰਨਿਆ ਦਾਨ ਪਾਲਸੀ ਦੁਨੀਆ ਦਾ ਪਹਿਲਾ ਅਜਿਹਾ ਪਲਾਨ ਹੈ ਜਿਸ ਦੇ ਤਹਿਤ ਪਿਤਾ ਦੇ ਨਾ ਰਹਿਣ 'ਤੇ ਪ੍ਰੀਮੀਅਮ ਨਹੀਂ ਲਿਆ ਜਾਂਦਾ, ਪਰ ਕੰਨਿਆਦਾਨ ਦਾ ਪੈਸਾ ਦਿੱਤਾ ਜਾਂਦਾ ਹੈ। ਇਸ ਦੇ ਨਾਲ ਹੀ ਪੜ੍ਹਾਈ-ਲਿਖਾਈ ਦਾ ਪੈਸਾ ਵੀ ਮਿਲਦਾ ਹੈ। ਆਓ ਜਾਣਦੇ ਹਾਂ ਕਿ ਇਸ ਪਾਲਸੀ ਦੇ ਤਹਿਤ ਤੁਸੀਂ ਰੋਜ਼ਾਨਾ 121 ਰੁਪਏ ਜਮ੍ਹਾ ਕਰਵਾ ਕੇ ਕਿਵੇਂ 27 ਲੱਖ ਰੁਪਏ ਇਕੱਠੇ ਕਰ ਸਕਦੇ ਹੋ ਅਤੇ ਇਸ ਦੀਆਂ ਹੋਰ ਸ਼ਰਤਾਂ ਬਾਰੇ।                        

ਪਾਲਸੀ ਦੀਆਂ ਸ਼ਰਤਾਂ

- ਪਾਲਸੀ ਦੇ ਤਹਿਤ ਜੇਕਰ ਤੁਸੀਂ ਰੋਜ਼ਾਨਾ 121 ਰੁਪਏ ਦੀ ਬਚਤ ਕਰਦੇ ਹੋ ਤਾਂ ਤੁਹਾਨੂੰ 25 ਸਾਲ ਬਾਅਦ 27 ਲੱਖ ਰੁਪਏ ਮਿਲਣਗੇ। ਰੋਜ਼ਾਨਾ 121 ਰੁਪਏ ਯਾਨੀ ਕਿ ਇਕ ਮਹੀਨੇ ਦੇ ਕੁੱਲ 3600 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। ਜ਼ਿਕਰਯੋਗ ਹੈ ਕਿ 27 ਲੱਖ ਰੁਪਏ ਤੁਹਾਨੂੰ 25 ਸਾਲ ਬਾਅਦ ਮਿਲਣਗੇ, ਪਰ ਪਾਲਸੀ ਦੇ ਤਹਿਤ ਪ੍ਰੀਮੀਅਮ ਤੁਹਾਨੂੰ 22 ਸਾਲ ਤੱਕ ਹੀ ਭਰਨਾ ਹੋਵੇਗਾ।

- ਪਾਲਸੀ ਨੂੰ ਲੈਣ ਲਈ ਤੁਹਾਡੀ ਉਮਰ 30 ਸਾਲ ਜਾਂ ਇਸ ਤੋਂ ਜ਼ਿਆਦਾ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਬੇਟੀ ਦੀ ਉਮਰ ਵੀ 1 ਸਾਲ ਤੋਂ ਜ਼ਿਆਦਾ ਹੋਣੀ ਚਾਹੀਦੀ ਹੈ। 

- ਇਸ ਪਾਲਸੀ ਦੀ ਇਕ ਹੋਰ ਖਾਸ ਗੱਲ ਇਹ ਹੈ ਕਿ ਤੁਸੀਂ ਆਪਣੀ ਵਿੱਤੀ ਸਮਰੱਥਾ ਦੇ ਹਿਸਾਬ ਨਾਲ ਘੱਟ ਜਾਂ ਜ਼ਿਆਦਾ ਪ੍ਰੀਮੀਅਨ ਵਾਲਾ ਪਲਾਨ ਵੀ ਲੈ ਸਕਦੇ ਹੋ। ਇਹ ਪਾਲਸੀ ਬਾਰੇ ਹੋਰ ਮਹੱਤਵਪੂਰਣ ਜਾਣਕਾਰੀ LIC ਦੀ ਵੈਬਸਾਈਟ ਤੋਂ ਲਈ ਜਾ ਸਕਦੀ ਹੈ। 


Related News