ਕੀ ਨੌਕਰੀ ਬਦਲਣ ਦੇ ਤੁਰੰਤ ਬਾਅਦ PF ਦਾ ਪੈਸਾ ਕਢਵਾਉਣਾ ਸਮਝਦਾਰੀ ਹੈ?

04/19/2019 1:17:40 PM

ਨਵੀਂ ਦਿੱਲੀ — ਪ੍ਰਾਈਵੇਟ ਸੈਕਟਰ ਵਿਚ ਨੌਕਰੀ ਕਰਨ ਵਾਲਿਆਂ ਲਈ ਪੈਸਾ ਅਹਿਮੀਅਤ ਰੱਖਦਾ ਹੈ। ਇਹ ਹੀ ਕਾਰਨ ਹੈ ਕਿ ਉਹ 2-3 ਸਾਲ 'ਚ ਨੌਕਰੀ ਬਦਲ ਲੈਂਦੇ ਹਨ। ਇਸ ਦੇ ਨਾਲ ਹੀ ਉਹ ਨੌਕਰੀ ਦੇ ਦੌਰਾਨ ਇਕੱਠੇ ਹੋਏ ਪੀ.ਐੱਫ. ਦੇ ਪੈਸੇ ਵੀ ਕੱਢਵਾ ਲੈਂਦੇ ਹਨ। ਪਰ ਨੌਕਰੀ ਬਦਲਣ ਦੇ ਨਾਲ-ਨਾਲ ਪਿਛਲੀ ਕੰਪਨੀ ਦੇ ਪੀ.ਐਫ. ਦਾ ਪੈਸਾ ਕਢਵਾ ਲੈਣਾ ਘਾਟੇ ਦਾ ਸੌਦਾ ਸਾਬਤ ਹੁੰਦਾ ਹੈ। ਦਰਅਸਲ ਇਸ ਫੈਸਲੇ ਨਾਲ ਤੁਸੀਂ ਭਵਿੱਖ ਜਾਂ ਇਸ ਤਰ੍ਹਾਂ ਕਹੋ ਕਿ ਰਿਟਾਇਰਮੈਂਟ ਦੀ ਪਲਾਨਿੰਗ ਨੂੰ ਖਤਮ ਕਰ ਲੈਂਦੇ ਹੋ। ਇਸ ਤੋਂ ਇਲਾਵਾ ਪੈਨਸ਼ਨ ਯੋਜਨਾ ਦੀ ਨਿਰੰਤਰਤਾ ਨੂੰ ਵੀ ਖਤਮ ਕਰ ਲੈਂਦੇ ਹੋ। 
ਕੀ ਪੈਸਾ ਕਢਵਾਉਣਾ ਸਮਝਦਾਰੀ ਹੈ?
ਜ਼ਿਆਦਾਤਰ ਲੋਕ ਕੰਪਨੀ ਬਦਲਦੇ ਹੀ ਪੈਸਾ ਵੀ ਕਢਵਾ ਲੈਂਦੇ ਹਨ। ਪਰ ਪੀ.ਐਫ. ਨੂੰ ਉਸੇ ਵੇਲੇ ਕਢਵਾ ਲੈਣਾ ਸਮਝਦਾਰੀ ਨਹੀਂ ਹੈ। ਐਮਰਜੈਂਸੀ ਸਮੇਂ ਹੀ ਪੈਸਾ ਕਢਵਾਉਣਾ ਚਾਹੀਦਾ ਹੈ। ਕੀ ਤੁਹਾਨੂੰ ਪਤਾ ਹੈ ਕਿ ਨੌਕਰੀ ਛੱਡਣ ਤੋਂ ਬਾਅਦ ਵੀ ਪੀ.ਐਫ. ਖਾਤੇ 'ਚ ਜਮ੍ਹਾ ਰਾਸ਼ੀ 'ਤੇ ਵਿਆਜ ਮਿਲਦਾ ਰਹਿੰਦਾ ਹੈ। ਇਸ ਤੋਂ ਇਲਾਵਾ ਦੂਜਾ ਵਿਕਲਪ ਹੁੰਦਾ ਹੈ ਕਿ ਨਵੀਂ ਕੰਪਨੀ 'ਚ ਵੀ ਪੁਰਾਣੇ ਪੀ.ਐਫ. ਦਾ ਪੈਸਾ ਟਰਾਂਸਫਰ ਕਰਵਾ ਲੈਣਾ ਚਾਹੀਦਾ ਹੈ। ਇਸ ਤਰੀਕੇ ਨਾਲ ਫੰਡ ਦੀ ਨਿਰੰਤਰਤਾ ਵੀ ਨਹੀਂ ਟੁੱਟਦੀ ਅਤੇ ਵਿਆਜ ਵੀ ਪੂਰੀ ਰਕਮ 'ਤੇ ਮਿਲਦਾ ਹੈ।
ਪੈਨਸ਼ਨ ਯੋਜਨਾ ਵੀ ਰਹੇਗੀ ਚਾਲੂ
ਨੌਕਰੀ ਛੱਡਣ ਦੇ ਬਾਅਦ ਜੇਕਰ ਪੀ.ਐਫ. ਦੀ ਰਾਸ਼ੀ ਨੂੰ ਨਵੀਂ ਕੰਪਨੀ 'ਚ ਟਰਾਂਸਫਰ ਕਰਵਾਉਂਦੇ ਹੋ ਤਾਂ ਤੁਹਾਡੀ ਸਰਵਿਸ ਹਿਸਟਰੀ ਨੂੰ ਨਿਰੰਤਰ ਮੰਨਿਆ ਜਾਂਦਾ ਹੈ। ਅਜਿਹੇ 'ਚ ਤੁਹਾਡੇ ਖਾਤੇ 'ਤੇ ਮਿਲਣ ਵਾਲੀ ਪੈਨਸ਼ਨ ਯੋਜਨਾ ਨੂੰ ਬੰਦ ਨਹੀਂ ਕੀਤਾ ਜਾਂਦਾ। ਰਿਟਾਇਰਮੈਂਟ ਦੇ ਸਮੇਂ ਪ੍ਰੋਵੀਡੈਂਟ ਫੰਡ ਵਿਭਾਗ ਇਹ ਹੀ ਦੇਖਦਾ ਹੈ ਕਿ ਤੁਹਾਡੀ ਕੁੱਲ ਸੇਵਾ ਕਿੰਨੇ ਸਾਲ ਰਹੀ ਅਤੇ ਤੁਹਾਡੇ ਖਾਤੇ ਵਿਚ ਕਿੰਨਾ ਫੰਡ ਹੈ। ਇਸ ਦੇ ਆਧਾਰ 'ਤੇ ਹੀ ਗਣਨਾ ਕਰਕੇ ਮਹੀਨਾਵਾਰ ਪੈਨਸ਼ਨ ਯੋਜਨਾ ਦਾ ਲਾਭ ਮਿਲਦਾ ਹੈ। ਇਸ ਤੋਂ ਇਲਾਵਾ ਸਰਵਿਸ ਹਿਸਟਰੀ ਨਾ ਟੁੱਟਣ 'ਤੇ ਤੁਹਾਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਦਾ ਲਾਭ ਵੀ ਮਿਲਦਾ ਹੈ। 
ਰਿਟਾਇਰਮੈਂਟ ਤੋਂ ਬਾਅਦ ਵੀ ਮਿਲਦਾ ਹੈ ਵਿਆਜ
58 ਤੋਂ 60 ਸਾਲ ਦੀ ਉਮਰ ਵਿਚ ਰਿਟਾਇਰਮੈਂਟ ਦਾ ਦੌਰ ਸ਼ੁਰੂ ਹੋ ਜਾਂਦਾ ਹੈ। ਪੈਨਸ਼ਨ ਯੋਜਨਾ ਵੀ ਇਥੋਂ ਹੀ ਸ਼ੁਰੂ ਹੁੰਦੀ ਹੈ। ਪਰ ਜੇਕਰ ਤੁਸੀਂ ਰਿਟਾਇਰਮੈਂਟ ਦੇ ਬਾਅਦ ਵੀ ਤਿੰਨ ਸਾਲ ਤੱਕ ਪੈਸਾ ਨਹੀਂ ਕਢਵਾਉਂਦੇ ਤਾਂ ਵਿਆਜ ਮਿਲਦਾ ਰਹੇਗਾ। ਤਿੰਨ ਸਾਲ ਦੇ ਬਾਅਦ ਹੀ ਇਸ ਰਾਸ਼ੀ ਨੂੰ ਨਿਸ਼ਕਿਰਿਆ ਖਾਤੇ ਦੀ ਸ਼੍ਰੇਣੀ ਵਿਚ ਰੱਖਿਆ ਜਾਂਦਾ ਹੈ। ਹਾਲਾਂਕਿ ਵਿਆਜ ਉਸਦੇ ਬਾਅਦ ਵੀ ਮਿਲਦਾ ਹੈ। ਪੀ.ਐਫ. ਦੀ ਰਾਸ਼ੀ ਨੂੰ ਜ਼ਿਆਦਾ ਸਮੇਂ ਤੱਕ ਖਾਤੇ ਵਿਚ ਰੱਖਣ ਦਾ ਲਾਭ ਮਿਲਦਾ ਹੀ ਹੈ। ਇਸ ਦੇ ਨਾਲ ਟੈਕਸ ਮੁਕਤ ਹੋਣ ਦਾ ਲਾਭ ਵੀ ਮਿਲਦਾ ਹੈ। ਇਸ ਲਈ ਜ਼ਰੂਰੀ ਹੈ ਕਿ ਪੀ.ਐਫ. ਦਾ ਖਾਤਾ ਬੰਦ ਨਾ ਕੀਤਾ ਜਾਵੇ।