ਪੈਨ ਨੰਬਰ ਗਲਤ ਭਰਨਾ ਪੈ ਸਕਦਾ ਹੈ ਭਾਰੀ, ਲੱਗ ਸਕਦੀ ਹੈ ਪੈਨਲਟੀ

11/11/2019 1:17:48 PM

ਨਵੀਂ ਦਿੱਲੀ — ਪੈਨ ਕਾਰਡ ਅੱਜ ਦੇ ਦੌਰ 'ਚ ਹਰ ਕਿਸੇ ਲਈ ਜ਼ਰੂਰੀ ਦਸਤਾਵੇਜ਼ ਹੁੰਦਾ ਜਾ ਰਿਹਾ ਹੈ ਫਿਰ ਭਾਵੇਂ ਕੋਈ ਨਾਗਰਿਕ ਆਪਣਾ ਕਾਰੋਬਾਰ ਕਰ ਰਿਹਾ ਹੋਵੇ ਜਾਂ ਫਿਰ ਕੋਈ ਨੌਕਰੀ ਕਰ ਰਿਹਾ ਹੋਵੇ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਜਦੋਂ ਵੀ ਤੁਸੀਂ ਆਪਣਾ ਫਾਰਮ ਜਾਂ ਕਿਸੇ ਵੀ ਤਰ੍ਹਾਂ ਦਾ ਜ਼ਰੂਰੀ ਦਸਤਾਵੇਜ਼ ਭਰੋ ਤਾਂ ਆਪਣਾ ਪੈਨ ਨੰਬਰ ਧਿਆਨ ਨਾਲ ਭਰੋ। ਕਿਉਂਕਿ ਜੇ ਤੁਸੀਂ ਗਲਤ ਨੰਬਰ ਦਿੰਦੇ ਹੋ ਤਾਂ ਤੁਹਾਨੂੰ 10,000 ਰੁਪਏ  ਤੱਕ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ। ਇਨਕਮ ਟੈਕਸ ਐਕਟ, 1961 ਦੀ ਧਾਰਾ 272 ਬੀ ਦੇ ਤਹਿਤ, ਇਨਕਮ ਟੈਕਸ ਵਿਭਾਗ ਗਲਤ ਪੈਨ ਨੰਬਰ ਦੇਣ 'ਤੇ 10,000 ਰੁਪਏ ਜੁਰਮਾਨਾ ਲਗਾ ਸਕਦਾ ਹੈ। ਇਹ ਨਿਯਮ ਉਸ ਹਰ ਮਾਮਲੇ 'ਚ ਲਾਗੂ ਹੁੰਦਾ ਹੈ ਜਦੋਂ ਤੁਸੀਂ ਆਪਣੀ ਇਨਕਮ ਟੈਕਸ ਰਿਟਰਨ (ਆਈ.ਟੀ.ਆਰ.) ਭਰ ਰਹੇ ਹੋ ਜਾਂ ਫਿਰ ਆਪਣੇ ਪੈਨ ਵੇਰਵੇ ਉਥੇ ਦੇ ਰਹੇ ਹੋ ਜਿਥੇ ਇਸ ਦਾ ਜ਼ਿਕਰ ਕਰਨਾ ਲਾਜ਼ਮੀ ਹੈ।

ਇਨਕਮ ਟੈਕਸ ਵਿਭਾਗ ਕੋਲ ਘੱਟੋ ਘੱਟ 20 ਅਜਿਹੇ ਮਾਮਲਿਆਂ ਦੀ ਸੂਚੀ ਹੈ ਜਿਥੇ ਪੈਨ ਨੰਬਰ ਦੇਣਾ ਲਾਜ਼ਮੀ ਹੈ। ਉਦਾਹਰਣ ਦੇ ਲਈ, ਬੈਂਕ ਖਾਤਾ ਖੋਲ੍ਹਣ, ਕਾਰ ਖਰੀਦਣ ਜਾਂ ਵੇਚਣ, ਮਿਉਚੁਅਲ ਫੰਡ ਖਰੀਦਣ, ਸ਼ੇਅਰ, ਡੀਬੈਂਚਰ, ਬਾਂਡ ਆਦਿ ਲਈ ਪੈਨ ਪ੍ਰਦਾਨ ਕਰਨਾ ਲਾਜ਼ਮੀ ਹੈ।                                                                                                       
ਇਥੇ ਇਹ ਵੀ ਧਿਆਨ ਦੇਣਾ ਚਾਹੀਦਾ ਹੈ ਕਿ ਜੇਕਰ ਇਕ ਵਾਰ ਪੈਨ ਕਾਰਡ ਮਿਲ ਜਾਏ ਜਾਂ ਬਣ ਜਾਏ ਤਾਂ ਕੋਈ ਵੀ ਇਸ ਲਈ ਦੁਬਾਰਾ ਅਰਜ਼ੀ ਨਹੀਂ ਦੇ ਸਦਕਾ ਕਿਉਂਕਿ ਪੈਨ ਕਾਰਡ ਇਕ ਵਾਰ ਬਣਾਇਆ ਜਾਂਦਾ ਹੈ ਅਤੇ ਇਹ ਜ਼ਿੰਦਗੀ ਭਰ ਲਈ ਯੋਗ ਰਹਿੰਦਾ ਹੈ।

ਬੈਂਕ ਅਕਸਰ ਤੁਹਾਨੂੰ ਤੁਹਾਡੇ ਪੈਨ ਕਾਰਡ ਦੀ ਫੋਟੋਕਾਪੀ ਦੇਣ ਲਈ ਕਹਿੰਦੇ ਹਨ। ਅਜਿਹਾ ਕਰਨਾ ਇਸ ਲਈ ਸਹੀ ਹੁੰਦਾ ਹੈ ਕਿ ਜੇਕਰ ਕਿਸੇ ਨੇ ਅਣਜਾਣੇ ਵਿਚ ਫਾਰਮ ਵਿਚ ਗ਼ਲਤ ਨੰਬਰ ਭਰ ਦਿੱਤਾ ਹੈ ਤਾਂ ਬੈਂਕ ਫੋਟੋਕਾਪੀ ਨਾਲ ਇਸ ਦੀ ਤਸਦੀਕ ਕੀਤੀ ਜਾ ਸਕੇ।

ਜੇਕਰ ਤੁਹਾਨੂੰ ਆਪਣਾ ਪੈਨ ਨੰਬਰ ਯਾਦ ਨਹੀਂ ਹੈ, ਤਾਂ ਤੁਸੀਂ ਆਪਣਾ ਆਧਾਰ ਕਾਰਡ ਨੰਬਰ ਵੀ ਦੇ ਸਕਦੇ ਹੋ ਕਿਉਂਕਿ ਦੋਵੇਂ ਦਸਤਾਵੇਜ਼ ਜ਼ਰੂਰੀ ਹਨ। ਹਾਲਾਂਕਿ ਜੇਕਰ ਤੁਸੀਂ ਪੈਨ ਦੀ ਬਜਾਏ ਗਲਤ ਆਧਾਰ ਨੰਬਰ ਦਿੰਦੇ ਹੋ, ਤਾਂ ਵੀ ਤੁਹਾਨੂੰ 10,000 ਰੁਪਏ ਜੁਰਮਾਨਾ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਲੈਣਦੇਣ ਵਿਚ ਪੈਨ ਜਾਂ ਆਧਾਰ ਨੰਬਰ ਦਾ ਜ਼ਿਕਰ ਨਾ ਕਰਨ ਦੇ ਦੋਸ਼ 'ਚ ਵੀ ਜ਼ੁਰਮਾਨਾ ਲਗਾਇਆ ਜਾ ਸਕਦਾ ਹੈ।                

ਦੋ ਪੈਨ ਕਾਰਡ ਹੋਣ ਦੀ ਸਥਿਤੀ 'ਚ

ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਸਥਿਤੀ 'ਚ ਦੋ ਪੈਨ ਕਾਰਡ ਰੱਖਣ ਦੀ ਆਗਿਆ ਨਹੀਂ ਹੈ। ਇਨਕਮ ਟੈਕਸ ਐਕਟ, 1961 ਦੀ ਧਾਰਾ 272 ਬੀ ਦੇ ਤਹਿਤ, ਇਨਕਮ ਟੈਕਸ ਵਿਭਾਗ ਗਲਤ ਪੈਨ ਨੰਬਰ ਦੇਣ 'ਤੇ 10,000 ਰੁਪਏ ਜੁਰਮਾਨਾ ਲਗਾ ਸਕਦਾ ਹੈ।
ਜੇਕਰ ਗਲਤੀ ਨਾਲ ਦੋ ਕਾਰਡ ਬਣ ਵੀ ਗਏ ਹਨ ਤਾਂ ਵਿਭਾਗ ਦੀ ਨਜ਼ਰ 'ਚ ਆਉਣ ਤੋਂ ਪਹਿਲਾਂ ਦੂਜੇ ਕਾਰਡ ਨੂੰ ਵਾਪਸ ਕਰ ਦਿਓ। ਜੇਕਰ ਪੈਨ ਆਧਾਰ ਨਾਲ ਲਿੰਕ ਨਹੀਂ ਹੈ ਤਾਂ 31 ਦਸੰਬਰ ਤੋਂ ਬਾਅਦ ਆਮਦਨ ਟੈਕਸ ਵਿਭਾਗ ਵਲੋਂ ਗੈਰਕਾਨੂੰਨੀ ਘੋਸ਼ਿਤ ਕੀਤੇ ਜਾਣ ਦੀ ਸੰਭਾਵਨਾ ਹੈ।