ਆਇਆ ਹੈ ਇਨਕਮ ਟੈਕਸ ਦਾ ਨੋਟਿਸ ਤਾਂ ਘਬਰਾਓ ਨਾ, ਇਸ ਤਰ੍ਹਾਂ ਦਿਓ ਜਵਾਬ

06/15/2019 1:03:42 PM

ਨਵੀਂ ਦਿੱਲੀ — ਅੱਜ ਦੇ ਸਮੇਂ 'ਚ ਆਮਦਨ ਟੈਕਸ ਵਿਭਾਗ ਦੇ ਅਫਸਰ ਇਨਕਮ ਟੈਕਸ ਰਿਟਰਨ 'ਚ ਛੋਟੀ-ਮੋਟੀ ਗਲਤੀ ਲਈ ਵੀ ਨੋਟਿਸ ਭੇਜ ਦਿੰਦੇ ਹਨ। ਇਨਕਮ ਟੈਕਸ ਨੋਟਿਸ ਦੇ ਪ੍ਰਕਾਰ ਅਤੇ ਉਸਦਾ ਕਾਰਨ ਸਮਝੇ ਬਿਨਾਂ ਹੀ ਕਈ ਵਾਰ ਟੈਕਸਦਾਤਾ ਡਰ ਜਾਂਦੇ ਹਨ। ਪਰ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਜ਼ਿਆਦਾਤਰ ਨੋਟਿਸ 'ਚ ਟੈਕਸਦਾਤਾ ਕੋਲੋਂ ਸਪੱਸ਼ਟੀਕਰਣ ਮੰਗਣ ਲਈ ਭੇਜਿਆ ਜਾਂਦਾ ਹੈ। ਅੱਜ ਅਸੀਂ ਟੈਕਸ ਦਾਤਿਆਂ ਨੂੰ ਆਉਣ ਵਾਲੇ 4 ਵੱਖ-ਵੱਖ ਤਰ੍ਹਾਂ ਦੇ ਨੋਟਿਸ ਅਤੇ ਉਨ੍ਹਾਂ ਨੋਟਿਸ ਦੇ ਜਵਾਬ ਦੇਣ ਦੇ ਤਰੀਕੇ ਬਾਰੇ ਦੱਸ ਰਹੇ ਹਾਂ। 

ਧਾਰਾ 131(1ਏ) ਦੇ ਤਹਿਤ ਨੋਟਿਸ

ਜੇਕਰ ਅਸੈਸਿੰਗ ਅਫਸਰ(AO) ਨੂੰ ਲੱਗਦਾ ਹੈ ਕਿ ਤੁਸੀਂ ਆਪਣੀ ਆਮਦਨ ਛੁਪਾ ਰਹੇ ਹੋ ਤਾਂ ਤੁਹਾਨੂੰ ਨੋਟਿਸ ਮਿਲ ਸਕਦਾ ਹੈ। ਇਹ ਇਕ ਤਰ੍ਹਾਂ ਦੀ ਜਾਣਕਾਰੀ ਹੈ ਕਿ AO ਮਾਮਲੇ ਦੀ ਜਾਣਕਾਰੀ ਸ਼ੁਰੂ ਕਰ ਰਿਹਾ ਹੈ। ਟੈਕਸਦਾਤਾ www.incometaxindiaefilling.gov.in ਦੀ ਵੈਬਸਾਈਟ 'ਤੇ ਲਾਗਇਨ ਕਰਕੇ ਇਸ ਟੈਕਸ ਨੋਟਿਸ ਦਾ ਜਵਾਬ ਦੇ ਸਕਦੇ ਹਨ। ਜੇਕਰ ਤੁਹਾਡੇ ਕੋਲ ਸਾਰੇ ਦਸਤਾਵੇਜ਼ ਨਹੀਂ ਹਨ ਤਾਂ ਤੁਹਾਡੇ ਕੋਲ ਜੋ ਵੀ ਹੈ ਉਨ੍ਹਾਂ ਨੂੰ ਦਿੱਤੀ ਮਿਆਦ ਅੰਦਰ ਅਰਜ਼ੀ ਦੇ ਨਾਲ ਭੇਜੋ ਅਤੇ ਜ਼ਰੂਰਤ ਦੇ ਹਿਸਾਬ ਨਾਲ ਸਮੇਂ ਦੀ ਮੰਗ ਕਰੋ।

ਧਾਰਾ 139(9) ਦੇ ਤਹਿਤ ਨੋਟਿਸ

ਜੇਕਰ AO ਨੂੰ ਲੱਗਦਾ ਹੈ ਕਿ ਟੈਕਸਦਾਤਾ ਵਲੋਂ ਦਾਇਰ ITR ਗਲਤ ਹੈ ਤਾਂ ਅਜਿਹੇ ਨੋਟਿਸ ਜਾਰੀ ਕੀਤੇ ਜਾ ਸਕਦੇ ਹਨ। ਅਜਿਹੀ ਸਥਿਤੀ ਵਿਚ AO ਗਲਤੀ ਬਾਰੇ ਦੱਸਦਾ ਹੈ ਅਤੇ ਉਸਨੂੰ ਠੀਕ ਕਰਨ ਦਾ ਤਰੀਕਾ ਵੀ ਦੱਸਦਾ ਹੈ। ਇਸ ਦੇ ਜਵਾਬ ਲਈ 15 ਦਿਨਾਂ ਦਾ ਸਮਾਂ ਮਿਲਦਾ ਹੈ। ਜੇਕਰ ਤੈਅ ਸਮੇਂ 'ਚ ਨੋਟਿਸ ਦਾ ਜਵਾਬ ਨਹੀਂ ਦਿੱਤਾ ਜਾਂਦਾ ਤਾਂ ਰਿਟਰਨ ਰੱਦ ਹੋ ਜਾਂਦੀ ਹੈ।

ਧਾਰਾ 142(1) ਦੇ ਤਹਿਤ ਨੋਟਿਸ

ਅਜਿਹੇ ਨੋਟਿਸ ਅਨੁਮਾਨ ਤੋਂ ਪਹਿਲਾਂ ਜਾਂਚ ਲਈ ਇਕ ਸੂਚਨਾ ਦੇ ਤੌਰ 'ਤੇ ਭੇਜੇ ਜਾਂਦੇ ਹਨ। ਜੇਕਰ ਤੁਸੀਂ ਕਿਸੇ ਅਸੈਸਮੈਂਟ ਸਾਲ ਲਈ ਰਿਟਰਨ ਸਮੇਂ 'ਤੇ ਨਹੀਂ ਦਾਖਲ ਕੀਤਾ ਹੈ ਤਾਂ ਵੀ ਤੁਹਾਨੂੰ ਇਹ ਨੋਟਿਸ ਮਿਲ ਸਕਦਾ ਹੈ। ਇਸ ਨੋਟਿਸ ਵਿਚ ਅੱਗੇ ਦੀ ਜਾਣਕਾਰੀ ਅਤੇ ਦਸਤਾਵੇਜ਼ਾਂ ਦੀ ਮੰਗ ਕੀਤੀ ਜਾਂਦੀ ਹੈ। ਅਜਿਹੀ ਸਥਿਤੀ ਵਿਚ ਜਿਹੜੇ ਦਸਤਾਵੇਜ਼ਾਂ ਦੀ ਮੰਗ ਕੀਤੀ ਜਾਂਦੀ ਹੈ ਉਨ੍ਹਾਂ ਨੂੰ ਤੈਅ ਸਮੇਂ ਅੰਦਰ ਜਮ੍ਹਾ ਕਰਵਾਉਣਾ ਜ਼ਰੂਰੀ ਹੁੰਦਾ ਹੈ। 

ਧਾਰਾ 143(1) ਦੇ ਤਹਿਤ ਨੋਟਿਸ

ਅਜਿਹੇ ਨੋਟਿਸ ਟੈਕਸਦਾਤਾ ਨੂੰ ਉਸ ਸਮੇਂ ਭੇਜੇ ਜਾਂਦੇ ਹਨ ਜਦੋਂ ਕੋਈ ਟੈਕਸ ਜਾਂ ਵਿਆਜ ਭੁਗਤਾਉਣਯੋਗ ਜਾਂ ਵਾਪਸੀ ਦੇ ਲਾਇਕ ਹੈ। ਜੇਕਰ ਰਿਟਰਨ ਦੇ ਮੁਲਾਂਕਣ 'ਚ ਕੋਈ ਗਲਤੀ ਹੈ ਤਾਂ ਇਹ ਜ਼ਿਆਦਾ ਟੈਕਸ ਜਾਂ ਹੋਰ ਜ਼ਰੂਰੀ ਬਦਲਾਵਾਂ ਦੀ ਮੰਗ ਲਈ ਨੋਟਿਸ ਜਾਰੀ ਕੀਤਾ ਜਾਂਦਾ ਹੈ। ਅਜਿਹੀ ਸਥਿਤੀ ਵਿਚ ਤੁਹਾਡੇ ਵਲੋਂ ਦਾਇਰ ਰਿਟਰਨ ਦੀ ਜਾਣਕਾਰੀ ਅਤੇ AO ਵਲੋਂ ਕੀਤੀ ਗਈ ਗਣਨਾ ਸ਼ਾਮਲ ਹੋਵੇਗੀ। ਇਸ ਨੋਟਿਸ ਦਾ ਜਵਾਬ ਤੁਹਾਨੂੰ 30 ਦਿਨਾਂ ਦੇ ਅੰਦਰ ਦੇਣਾ ਹੋਵੇਗਾ।