ਬੈਂਕ ਖਾਤੇ ਸੰਬੰਧੀ ਜਾਣਕਾਰੀ ਕਿਵੇਂ ਰੱਖੀਏ ਸੁਰੱਖਿਅਤ, ਜਾਣੋ ਟਿਪਸ

02/15/2019 1:06:42 PM

ਨਵੀਂ ਦਿੱਲੀ — ਬੈਂਕ ਖਾਤਾ ਰੱਖਣਾ ਅੱਜ ਹਰ ਕਿਸੇ ਦੀ ਜ਼ਰੂਰਤ ਬਣ ਗਿਆ ਹੈ। ਇਸ ਦੇ ਨਾਲ ਹੀ ਮਿਲਣ ਵਾਲੀਆਂ ਸਹੂਲਤਾਂ ਜਿਵੇਂ ਏ.ਟੀ.ਐਮ., ਕ੍ਰੈਡਿਟ ਕਾਰਡ ਆਨ ਲਾਈਨ ਸੇਵਾਵਾਂ ਬੈਂਕਿੰਗ ਪ੍ਰਣਾਲੀ ਨੂੰ ਹੋਰ ਅਸਾਨ ਬਣਾ ਦਿੰਦੀਆਂ ਹਨ। ਪਰ ਮਿਲਣ ਵਾਲੀਆਂ ਇਨ੍ਹਾਂ ਸਹੂਲਤਾਂ ਦੌਰਾਨ ਵਰਤੀ ਗਈ ਛੋਟੀ ਜਿਹੀ ਵੀ ਲਾਪਰਵਾਹੀ ਵੀ ਵੱਡੇ ਨੁਕਸਾਨ ਦਾ ਕਾਰਨ ਬਣ ਸਕਦੀ ਹੈ। ਲਗਾਤਾਰ ਵਧ ਰਹੀਆਂ ਆਨਲਾਈਨ ਧੋਖਾਧੜੀਆਂ ਤੋਂ ਸਾਵਧਾਨ ਰਹਿਣਾ ਬਹੁਤ ਜ਼ਰੂਰੀ ਹੋ ਗਿਆ ਹੈ। ਇਸ ਤੋਂ ਇਲਾਵਾ ਕਿਹੜੀਆਂ ਗੱਲਾਂ ਦਾ ਰੱਖਿਆ ਜਾਵੇ ਧਿਆਨ ਆਓ ਜਾਣਦੇ ਹਾਂ।

ਆਪਣੇ ਲੈਣ-ਦੇਣ 'ਤੇ ਰੱਖੋ ਨਜ਼ਰ 

ਖਾਤੇ ਨਾਲ ਜੁੜੀ ਜਾਣਕਾਰੀ ਕਿਤੇ ਲੀਕ ਤਾਂ ਨਹੀਂ ਹੋਈ ਇਹ ਪਤਾ ਲਗਾਉਣ ਲਈ ਸਭ ਤੋਂ ਜ਼ਰੂਰੀ ਹੈ ਆਪਣੀ ਟਰਾਂਜੈਕਸ਼ਨ 'ਤੇ ਨਜ਼ਰ ਰੱਖਣਾ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਹਾਡਾ ਪੈਸਾ ਕਿਥੋਂ ਆਇਆ ਹੈ ਅਤੇ ਕਿੱਥੇ ਜਾ ਰਿਹਾ ਹੈ। ਅਜਿਹਾ ਨਹੀਂ ਕਰੋਗੇ ਤਾਂ ਕਿਸੇ ਸ਼ੱਕੀ ਟਰਾਂਸਫਰ ਬਾਰੇ ਤੁਹਾਨੂੰ ਪਤਾ ਨਹੀਂ ਚੱਲੇਗਾ।

ਪਿਨ ਨੂੰ ਰੱਖੋ ਸੁਰੱਖਿਅਤ

ਲਗਭਗ ਸਾਰੇ ਬੈਂਕ ਏ.ਟੀ.ਐਮ. ਦੀ ਸਹੂਲਤ ਦਿੰਦੇ ਹਨ। ਜਦੋਂ ਵੀ ਨਵਾਂ ਖਾਤਾ ਖੁਲ੍ਹਵਾਉਣਾ ਹੋਵੇ ਅਤੇ ਏ.ਟੀ.ਐਮ. ਦੀ ਸਹੂਲਤ ਲਵੋ ਤਾਂ ਸਾਵਧਾਨੀ ਵਰਤੋ। ਏ.ਟੀ.ਐਮ. ਨਾਲ ਪਿਨ ਨੂੰ ਜ਼ਰੂਰ ਬਦਲ ਲਵੋ। ਇੰਨਾ ਹੀ ਨਹੀਂ ਉਸ ਪਿਨ ਨੂੰ ਕਿਤੇ ਲਿਖਣ ਦਾ ਥਾਂ ਯਾਦ ਰੱਖੋ। ਕਿਸੇ ਨੂੰ ਵੀ ਆਪਣੇ ਕਾਰਡ ਦਾ ਪਿਨ ਨਾ ਦੱਸੋ। ਅਜਿਹੀ ਸਾਵਧਾਨੀ ਕ੍ਰੈਡਿਟ ਕਾਰਡ ਇਸਤੇਮਾਲ ਕਰਦੇ ਸਮੇਂ ਵੀ ਵਰਤਣੀ ਚਾਹੀਦੀ ਹੈ। ਇਸ ਦੇ ਨਾਲ ਹੀ ਪਾਸਵਰਡ ਅਜਿਹਾ ਰੱਖੋ ਜਿਸਦਾ ਕੋਈ ਅਸਾਨੀ ਨਾਲ ਅੰਦਾਜ਼ਾ ਨਾ ਲਗਾ ਸਕੇ।

ਕਿਸੇ ਨਾਲ ਵੀ ਸਾਂਝੀ ਨਾ ਕਰੋ ਇਹ ਜਾਣਕਾਰੀ

ਫਰਾਡ ਕਰਨ ਵਾਲੇ ਸਿਰਫ ਫੋਨ ਕਾਲ ਦੇ ਜ਼ਰੀਏ ਵੀ ਪੈਸਾ ਉਡਾ ਸਕਦੇ ਹਨ। ਇਸ ਲਈ ਬੈਂਕ ਦੇ ਨਾਮ 'ਤੇ ਆਉਣ ਵਾਲੀਆਂ ਫਰਜ਼ੀ ਕਾਲ ਤੋਂ ਸਾਵਧਾਨ ਰਹੋ। ਕੋਈ ਵੀ ਬੈਂਕ ਫੋਨ ਕਰਕੇ ਤੁਹਾਡੇ ਖਾਤੇ ਦੀ ਅਹਿਮ ਜਾਣਕਾਰੀ ਤੁਹਾਡੇ ਕੋਲੋਂ ਕਦੇ ਵੀ ਨਹੀਂ ਮੰਗੇਗਾ। ਜੇਕਰ ਤੁਹਾਡੇ ਕੋਲ ਅਜਿਹਾ ਫੋਨ ਆਉਂਦਾ ਵੀ ਹੈ ਤਾਂ ਸਮਝ ਲਓ ਕਿ ਇਹ ਫਰਜ਼ੀ ਕਾਲ ਹੀ ਹੈ ਅਤੇ ਕੋਈ ਤੁਹਾਨੂੰ ਠੱਗਣ ਦੀ ਕੋਸ਼ਿਸ਼ ਕਰ ਰਿਹਾ ਹੈ।

ਕਾਰਡ ਆਪਣੇ ਸਾਹਮਣੇ ਕਰਵਾਓ ਸਵਾਈਪ, ਪਿਨ ਕਿਸੇ ਨੂੰ ਨਾ ਦਿਖਾਓ

ਕੋਈ ਦੁਕਾਨਦਾਰ ਜੇਕਰ ਕਹੇ ਕਿ ਕਾਰਡ ਮੈਨੂੰ ਦਿਓ ਅਤੇ ਪਾਸਵਰਡ ਦੱਸ ਦਿਓ ਮੈਂ ਪੈਸੇ ਲਿਆ ਕੇ ਦੇ ਦਿੰਦਾ ਹਾਂ, ਤਾਂ ਬੇਝਿਜਕ ਇਨਕਾਰ ਕਰ ਦਿਓ ਅਤੇ ਕਾਰਡ ਨੂੰ ਆਪਣੇ ਸਾਹਮਣੇ ਖੁਦ ਹੀ ਸਵਾਈਪ ਕਰੋ। ਇਸ ਦੇ ਨਾਲ ਹੀ ਕਾਰਡ ਨੂੰ ਕਿਤੇ ਵੀ ਸਵਾਈਪ ਕਰਦੇ ਹੋਏ ਲੁਕਾ ਜ਼ਰੂਰ ਲਵੋ।