ਵਿੱਤੀ ਟੀਚਾ ਹਾਸਲ ਕਰਨ ''ਚ ਆ ਰਹੀ ਹੈ ਪਰੇਸ਼ਾਨੀ, ਤਾਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

11/04/2019 12:22:07 PM

ਨਵੀਂ ਦਿੱਲੀ — ਅੱਜ ਕੱਲ੍ਹ ਪੜ੍ਹਾਈ ਪੂਰੀ ਹੁੰਦੇ ਹੀ ਨੌਕਰੀ ਤਾਂ ਹਰ ਕੋਈ ਕਰਦਾ ਹੀ ਹੈ। ਪਰ ਆਪਣੇ ਸੁਪਨਿਆਂ ਨੂੰ ਕੋਈ ਵਿਰਲਾ ਹੀ ਪੂਰਾ ਕਰ ਪਾਉਂਦਾ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਕਈ ਲੋਕ ਆਰਥਿਕ ਬੀਮਾਰੀਆਂ ਦਾ ਸ਼ਿਕਾਰ ਹੁੰਦੇ ਹਨ। ਇਨ੍ਹਾਂ 'ਚ ਕੁਝ ਅਜਿਹੇ ਲੋਕ ਹਨ ਜਿਨ੍ਹਾਂ ਦੀ ਤਨਖਾਹ ਤਾਂ ਵਧਦੀ ਹੈ ਪਰ ਖਰਚੇ ਪੂਰੇ ਨਹੀਂ ਹੁੰਦੇ। ਇਸ ਲਈ ਜੇਕਰ ਤੁਸੀਂ ਬਿਨਾਂ ਕਿਸੇ ਵਿੱਤੀ ਪਰੇਸ਼ਾਨੀ ਦੇ ਜੀਵਨ ਬਤੀਤ ਕਰਨਾ ਚਾਹੁੰਦੇ ਹੋ ਤਾਂ ਇਹ ਸਮਝਣਾ ਹੋਵੇਗਾ ਕਿ ਜ਼ਿਆਦਾ ਪੈਸਾ ਕਮਾਉਣ ਦੇ ਬਾਵਜੂਦ ਵੀ ਤੁਸੀਂ ਪੈਸਾ ਕਿਉਂ ਨਹੀਂ ਬਚਾ ਪਾਉਂਦੇ। ਜ਼ਿਕਰਯੋਗ ਹੈ ਕਿ ਅਧਿਐਨ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਪਹਿਲਾਂ ਦੇ ਮੁਕਾਬਲੇ ਅੱਜ ਕੱਲ੍ਹ ਦੇ ਨੌਜਵਾਨ ਨਿਵੇਸ਼ ਘੱਟ ਕਰਦੇ ਹਨ ਅਤੇ ਖਰਚਾ ਜ਼ਿਆਦਾ ਕਰ ਰਹੇ ਹਨ। ਜੇਕਰ ਤੁਹਾਡੇ ਨਾਲ ਵੀ ਅਜਿਹਾ ਹੁੰਦਾ ਹੈ ਤਾਂ ਤੁਸੀਂ ਵੀ 'ਮਨੀ ਡਿਸਆਰਡਰ' ਦੇ ਸ਼ਿਕਾਰ ਹੋ। ਆਓ ਜਾਣਦੇ ਇਸ ਬਾਰੇ ਕੁਝ ਹੋਰ ਗੱਲਾਂ।

ਪੈਸੇ ਦਾ ਸਹੀ ਇਸਤੇਮਾਲ ਨਾ ਕਰਨਾ

ਆਪਣੇ ਪੈਸੇ ਦਾ ਸਹੀ ਇਸਤੇਮਾਲ ਨਾ ਕਰਨਾ ਆਰਥਿਕ ਚਿੰਤਾ ਦੀ ਨਿਸ਼ਾਨੀ ਹੋ ਸਕਦੀ ਹੈ। ਅੱਜ ਕੱਲ੍ਹ ਕ੍ਰੈਡਿਟ ਕਾਰਡ ਲਗਭਗ ਹਰ ਕਿਸੇ ਕੋਲ ਹੈ ਪਰ ਲੋਕ ਪੈਸਾ ਹੋਣ ਦੇ ਬਾਵਜੂਦ ਉਸ ਦਾ ਬਿੱਲ ਭਰਨ 'ਚ ਅਣਗਹਿਲੀ ਕਰ ਦਿੰਦੇ ਹਨ। ਇਹ 'ਫਾਇਨੈਸ਼ਿਅਲ ਡਿਨਾਈਲ' ਦੀ ਨਿਸ਼ਾਨੀ ਹੈ। ਮਤਲਬ ਪੈਸਾ ਹੋਣ ਦੇ ਬਾਵਜੂਦ ਉਸ ਦਾ ਸਹੀ ਥਾਂ ਇਸਤੇਮਾਨ ਨਾ ਕਰਨਾ। ਇਸੇ ਤਰ੍ਹਾਂ ਕਈ ਲੋਕ ਟੈਕਸ ਵਰਗੇ ਜ਼ਰੂਰੀ ਭੁਗਤਾਨ ਕਰਨ 'ਚ ਵੀ ਅਣਗਹਿਲੀ ਕਰਦੇ ਹਨ। ਸਿਰਫ ਇੰਨਾ ਹੀ ਨਹੀਂ ਪੈਸਾ ਹੋਣ ਦੇ ਬਾਵਜੂਦ ਉਸ ਦਾ ਨਿਵੇਸ਼ ਨਾ ਕਰਨਾ ਅਤੇ ਬੈਂਕ 'ਚ ਪੈਸਾ ਜਮ੍ਹਾਂ ਰੱਖਣਾ ਵੀ ਮਨੀ ਡਿਸਆਰਡਰ ਦੀ ਨਿਸ਼ਾਨੀ ਹੈ। ਇਸ ਲਈ ਜੇਕਰ ਤੁਸੀਂ ਫਾਇਨਾਂਸ਼ਿਅਲ ਪਲਾਨਿੰਗ ਕਰੋਗੇ ਤਾਂ ਤੁਹਾਨੂੰ ਸਹੀ ਸਮੇਂ 'ਤੇ ਸਹੀ ਥਾਂ ਪੈਸੇ ਖਰਚ ਕਰਨ 'ਚ ਸਹਾਇਤਾ ਮਿਲੇਗੀ। ਇਸ ਤਰ੍ਹਾਂ ਨਾਲ ਤੁਸੀਂ ਭਵਿੱਖ 'ਚ ਆਉਣ ਵਾਲੇ ਆਰਥਿਕ ਸੰਕਟ ਤੋਂ ਬਚ ਸਕਦੇ ਹੋ।

ਸਹੀ ਥਾਂ ਖਰਚ ਕਰੋ ਪੈਸਾ

ਇਸ ਤੋਂ ਇਲਾਵਾ ਅੱਜ ਕੱਲ੍ਹ ਨੌਜਵਾਨ ਅਸਾਨੀ ਨਾਲ ਆਪਣਾ ਪੈਸਾ ਕਿਸੇ ਨੂੰ ਵੀ ਦੇ ਦਿੰਦੇ ਹਨ। ਇਸ ਨਾਲ ਆਰਥਿਕ ਟੀਚਾ ਹਾਸਲ ਕਰਨ 'ਚ ਰੁਕਾਵਟ ਪੈਦਾ ਹੋ ਸਕਦੀ ਹੈ। ਅਜਿਹਾ ਇਸ ਲਈ ਕਿਉਂਕਿ ਮਹੀਨੇ ਦੇ ਆਖਿਰ 'ਚ ਉਨ੍ਹਾਂ ਕੋਲ ਜ਼ਰੂਰੀ ਖਰਚੇ ਲਈ ਪੈਸਾ ਨਹੀਂ ਬਚਦਾ। ਇਸ ਨੂੰ ਤੁਸੀਂ ਫਾਉਨਾਂਸ਼ਿਅਲ ਰਿਜੈਕਸ਼ਨ ਵੀ ਕਹਿ ਸਕਦੇ ਹੋ। ਇਸ ਤੋਂ ਬਚਣ ਲਈ ਤੁਹਾਨੂੰ ਆਪਣਾ ਪੈਸਾ ਕਿਸੇ ਅਜਿਹੇ ਵਿਅਕਤੀ ਨੂੰ ਦੇਣਾ ਚਾਹੀਦਾ ਹੈ ਜਿਹੜਾ ਕਿ ਤੁਹਾਡੇ ਪੈਸੇ ਨੂੰ ਸਹੀ ਥਾਂ ਖਰਚ ਕਰ ਸਕੇ ਜਿਵੇਂ ਕਿ ਤੁਹਾਡੇ ਮਾਤਾ-ਪਿਤਾ, ਪਤੀ ਜਾਂ ਪਤਨੀ।

ਜ਼ਰੂਰੀ ਖਰਚਿਆਂ ਨੂੰ ਫਜ਼ੂਲ ਮੰਨਣਾ ਸਹੀ ਨਹੀਂ

ਅੱਜ ਕੱਲ੍ਹ ਦੇ ਨੌਜਵਾਨ ਜਾਂ ਤਾਂ ਫਜ਼ੂਲ ਖਰਚ ਕਰਦੇ ਹਨ ਜਾਂ ਫਿਰ ਪੈਸੇ ਨੂੰ ਖਰਚ ਕਰਨਾ ਹੀ ਫਜ਼ੂਲ ਮੰਨਦੇ ਹਨ। ਬਹੁਤ ਘੱਟ ਅਜਿਹੇ ਨੌਜਵਾਨ ਹੁੰਦੇ ਹਨ ਜਿਹੜੇ ਪੈਸੇ ਨੂੰ ਸਹੀ ਥਾਂ ਇਸਤੇਮਾਲ ਕਰਦੇ ਹਨ। ਅੰਡਰਸਪੇਂਡਿੰਗ ਯਾਨੀ ਕਿ ਬਿਲਕੁੱਲ ਵੀ ਪੈਸਾ ਨਾ ਖਰਚ ਕਰਨਾ ਵੀ ਤੁਹਾਡੇ ਲਈ ਸੰਕਟ ਖੜ੍ਹਾ ਕਰ ਸਕਦਾ ਹੈ। ਅਜਿਹਾ ਇਸ ਲਈ ਕਿਉਂਕਿ ਜੇਕਰ ਤੁਸੀਂ ਆਪਣੇ ਪਰਿਵਾਰ ਲਈ ਪੈਸਾ ਖਰਚ ਨਹੀਂ ਕਰ ਰਹੇ ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਬਹੁਤ ਹੀ ਗਲਤ ਢੰਗ ਨਾਲ ਜ਼ਿੰਦਗੀ ਜੀਅ ਰਹੇ ਹੋ। ਇਸ ਲਈ ਪਰਿਵਾਰ ਦੀਆਂ ਜ਼ਰੂਰਤਾਂ ਲਈ ਖਰਚ ਕਰਨਾ ਵੀ ਜ਼ਰੂਰੀ ਹੈ। 

ਫਾਲਤੂ ਖਰਚਿਆਂ ਤੋਂ ਬਚੋ

ਤਨਖਾਹ ਆਉਂਦੇ ਹੀ ਕੁਝ ਲੋਕ ਉਸਨੂੰ ਫਾਲਤੂ ਦੇ ਖਰਚਿਆਂ 'ਚ ਖਰਚ ਕਰ ਦਿੰਦੇ ਹਨ ਅਤੇ ਮਹੀਨੇ ਦੇ ਆਖਿਰ 'ਚ ਜ਼ਰੂਰੀ ਖਰਚਿਆਂ ਲਈ ਪੈਸੇ ਨਹੀਂ ਬਚਦੇ। ਬਜ਼ਾਰ 'ਚ ਇਕ ਚੀਜ਼ ਲੈਣ ਜਾਂਦੇ ਹਨ ਉਸ ਦੇ ਨਾਲ ਚਾਰ ਚੀਜ਼ਾਂ ਹੋਰ ਲੈ ਆਉਂਦੇ ਹਨ। ਅਜਿਹੀ ਸਥਿਤੀ 'ਚ ਉਨ੍ਹਾਂ ਦਾ ਬਜਟ ਵੀ ਵਿਗੜ ਸਕਦਾ ਹੈ । ਇਸ ਲਈ ਹਰੇਕ ਨੂੰ ਸੋਚ ਸਮਝ ਕੇ ਹੀ ਖਰਚਾ ਕਰਨਾ ਚਾਹੀਦਾ ਹੈ।