ਨਹੀਂ ਚੁਕਾਇਆ ਹੋਮ ਲੋਨ ਤਾਂ ਜਾਣੋ ਕੀ ਕਰ ਸਕਦਾ ਹੈ ਬੈਂਕ ਤੇ ਕੀ ਹਨ ਤੁਹਾਡੇ ਅਧਿਕਾਰ

08/29/2019 1:19:26 PM

ਮੁੰਬਈ — ਕਿਸੇ ਵੀ ਇਨਸਾਨ ਦੇ ਜੀਵਨ ’ਚ ਮਾੜਾ ਸਮਾਂ ਕਦੇ ਦੱਸ ਕੇ ਨਹੀਂ ਆਉਂਦਾ। ਪੈਸੇ ਦੀ ਤੰਗੀ ਕਿਸੇ ਵੀ ਸਮੇਂ ਸਾਹਮਣੇ ਆ ਸਕਦੀ ਹੈ। ਕਿਸੇ ਵੀ ਕਾਰਨ ਜਾਂ ਕਿਸੇ ਵੀ ਸਥਿਤੀ ’ਚ ਜੇਕਰ ਤੁਸੀਂ ਆਪਣੇ ਹੋਮ ਲੋਨ ਦੀ ਪੇਮੈਂਟ ਕਰਨ ਦੇ ਅਸਮਰੱਥ ਹੋ ਜਾਂਦੇ ਹੋ ਤਾਂ ਇਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਰੰਤ ਤੁਹਾਡਾ ਘਰ ਤੁਹਾਡੇ ਕੋਲੋਂ ਖੋਹ ਲਿਆ ਜਾਵੇਗਾ ਅਤੇ ਬੈਂਕ ਜਾਂ ਕਰਜ਼ਦਾਤਾ ਉਸੇ ਸਮੇਂ ਉਸ ਘਰ ਨੂੰ ਵੇਚ ਕੇ ਆਪਣੇ ਪੈਸੇ ਲੈ ਲੈਣਗੇ। 

ਜੇਕਰ ਹੋਮ ਲੋਨ ਲੈਣ ਵਾਲਾ ਵਿਅਕਤੀ ਕਰਜ਼ੇ ਦਾ ਭੁਗਤਾਨ ਕਰਨ ਦੇ ਅਸਮਰੱਥ ਹੋ ਜਾਂਦਾ ਹੈ ਤਾਂ ਅਜਿਹਾ ਨਹੀਂ ਕਿ ਉਸ ਵਿਅਕਤੀ ਨੂੰ ਕਰਜ਼ੇ ਦਾ ਭੁਗਤਾਨ ਕਰਨ ਲਈ ਸਮਾਂ ਨਹੀਂ ਦਿੱਤਾ ਜਾਂਦਾ। ਅਜਿਹੀ ਸਥਿਤੀ ’ਚ ਕਰਜ਼ਦਾਰ ਨੂੰ ਕੁਝ ਸਮਾਂ ਦਿੱਤਾ ਜਾਂਦਾ ਹੈ ਅਤੇ ਜੇਕਰ ਉਹ ਵਿਅਕਤੀ ਦਿੱਤੀ ਗਈ ਮਿਆਦ ’ਚ ਭੁਗਤਾਨ ਕਰਨ ਦੇ ਅਸਮਰੱਥ ਹੁੰਦਾ ਹੈ ਤਾਂ ਹੀ ਬੈਂਕ ਜਾਂ ਕਰਜ਼ਦਾਰ ਅਗਲੀ ਕਾਰਵਾਈ ਕਰਦੇ ਹਨ। ਆਓ ਜਾਣਦੇ ਹਾਂ ਕਿ ਅਜਿਹੇ ਸਮੇਂ ’ਚ ਕਰਜ਼ਦਾਰ ਦੇ ਕੀ ਹੱਕ ਹੁੰਦੇ ਹਨ। 

60 ਦਿਨਾਂ ਦਾ ਨੋਟਿਸ 

ਜੇਕਰ ਕਰਜ਼ਦਾਰ ਤਿੰਨ ਮਹੀਨੇ ਤੱਕ ਈ.ਐਮ.ਆਈ.(EMI) ਦਾ ਭੁਗਤਾਨ ਨਹੀਂ ਕਰ ਪਾਉਂਦਾ ਤਾਂ ਇਸ ਲੋਨ ਖਾਤੇ ਨੂੰ ਗੈਰ-ਕਾਰਗੁਜ਼ਾਰੀ ਜਾਇਦਾਦ ਦੇ ਰੂਪ ’ਚ ਚੁਣ ਲਿਆ ਜਾਂਦਾ ਹੈ। ਜੇਕਰ ਕੋਈ ਖਾਤਾ NPA ਹੋ ਜਾਂਦਾ ਹੈ ਤਾਂ ਬੈਂਕ ਲੋਨ ਲੈਣ ਵਾਲੇ ਨੂੰ 60 ਦਿਨਾਂ ਦਾ ਨੋਟਿਸ ਜਾਰੀ ਕਰਦਾ ਹੈ। ਹੁਣ ਜੇਕਰ ਕਰਜ਼ਦਾਰ ਨੋਟਿਸ ਮਿਆਦ ਦੇ ਅੰਦਰ ਲੋਨ ਦਾ ਭੁਗਤਾਨ ਕਰਨ ’ਚ ਅਸਫਲ ਰਹਿੰਦਾ ਹੈ ਤਾਂ ਬੈਂਕ ਉਸਦੀ ਜਾਇਦਾਦ ਵੇਚਣ ਦਾ ਹੱਕਦਾਰ ਹੋ ਜਾਂਦਾ ਹੈ। ਮੰਨ ਲਓ ਜੇਕਰ ਬੈਂਕ ਉਸ ਜਾਇਦਾਦ ਨੂੰ ਵੇਚਣ ਜਾ ਰਿਹਾ ਹੈ ਤਾਂ ਬੈਂਕ ਸਭ ਤੋਂ ਪਹਿਲਾਂ ਬੈਂਕ ਵਿਕਰੀ ਦੇ ਡਿਟੇਲ ਬਾਰੇ ’ਚ ਦੱਸਦੇ ਹੋਏ 30 ਦਿਨਾਂ ਦਾ ਨੋਟਿਸ ਜਾਰੀ ਕਰੇਗਾ। 

ਜਾਇਦਾਦ ਦਾ ਉਚਿਤ ਮੁਲਾਂਕਣ

ਬੈਂਕ ਜਾਇਦਾਦ ਵੇਚਣ ਤੋਂ ਪਹਿਲਾਂ ਜਾਇਦਾਦ ਦੇ ਉਚਿਤ ਮੁੱਲ , ਉਸਦਾ ਰਿਜ਼ਰਵ ਮੁੱਲ, ਨਿਲਾਮੀ ਦਾ ਦਿਨ ਅਤੇ ਜਾਇਦਾਦ ਕਿਸ ਦਿਨ ਨਿਲਾਮ ਹੋਵੇਗੀ ਇਸ ਬਾਰੇ ਨੋਟਿਸ ਜਾਰੀ ਕਰਕੇ ਦੱਸਦਾ ਹੈ। ਉਸ ਘਰ ਦਾ ਉਚਿਤ ਮੁੱਲ ਕੀ ਹੋਵੇਗਾ ਇਸਦੀ ਗਣਨਾ ਬੈਂਕ ਦੇ ਮੁਲਾਂਕਣਕਰਤਾ ਕਰਦੇ ਹਨ। ਜੇਕਰ ਲੋਨ ਲੈਣ ਵਾਲੇ ਨੂੰ ਇਹ ਲੱਗਦਾ ਹੈ ਕਿ ਬੈਂਕ ਵਲੋਂ ਨਿਰਧਾਰਤ ਜਾਇਦਾਦ ਦਾ ਮੁੱਲ ਘੱਟ ਹੈ ਜਾਂ ਜਾਇਦਾਦ ਦਾ ਮੁਲਾਂਕਣ ਸਹੀ ਤਰੀਕੇ ਨਾਲ ਨਹੀਂ ਹੋ ਰਿਹਾ ਤਾਂ ਕਰਜ਼ਦਾਰ ਵਿਅਕਤੀ ਬੈਂਕ ਦੀ ਨਿਲਾਮੀ ’ਚ ਹਿੱਸਾ ਲੈ ਸਕਦਾ ਹੈ। ਅਜਿਹੇ ਮਾਮਲੇ ’ਚ ਕਰਜ਼ਦਾਰ ਨੂੰ ਨਵੇਂ ਖਰੀਦਦਾਰ ਦੀ ਭਾਲ ਕਰਨ ਅਤੇ ਉਸ ਨੂੰ ਕਰਜ਼ਦਾਤਾ ਦੇ ਬਾਰੇ ਦੱਸਣ ਦਾ ਅਧਿਕਾਰ ਹੈ। ਇਸ ਲਈ ਇਹ ਕਰਜ਼ਦਾਰ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਉਹ ਨਿਲਾਮੀ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਨਾਲ ਬੈਂਕ ਵਾਲਿਆਂ ’ਤੇ ਛੱਡਣ ਦੀ ਬਜਾਏ ਖੁਦ ਇਸ ਬਾਰੇ ਪੂਰੀ ਜਾਣਕਾਰੀ ਰੱਖੇ ਤਾਂ ਜੋ ਕਰਜ਼ਦਾਰ ਨੂੰ ਜ਼ਿਆਦਾ-ਜ਼ਿਆਦਾ ਰਕਮ ਬਚ ਸਕੇ।

ਕਰਜ਼ੇ ਦਾ ਭੁਗਤਾਨ ਕਰਨ ਦੇ ਬਾਅਦ ਬਚੇ ਪੈਸੇ ’ਤੇ ਕਰਜ਼ਦਾਰ ਦਾ ਅਧਿਕਾਰ

ਜੇਕਰ ਬੈਂਕ ਆਪਣੀ ਬਕਾਇਆ ਰਾਸ਼ੀ ਵਸੂਲਣ ਲਈ ਤੁਹਾਡੀ ਜਾਇਦਾਦ ਦੀ ਨਿਲਾਮੀ ਕਰਦਾ ਹੈ ਤਾਂ ਬੈਂਕ ਦੀ ਬਕਾਇਆ ਰਾਸ਼ੀ ਦੇ ਭੁਗਤਾਨ ਤੋਂ ਬਾਅਦ ਬਾਕੀ ਬਚੀ ਰਾਸ਼ੀ ’ਤੇ ਕਰਜ਼ਦਾਰ ਦਾ ਅਧਿਕਾਰ ਹੁੰਦਾ ਹੈ। ਇਸ ਲਈ ਕਰਜ਼ਦਾਰ ਨੂੰ ਨਿਲਾਮੀ ਦੀ ਪ੍ਰਕਿਰਿਆ ਵੱਲ ਖਾਸ ਧਿਆਨ ਰੱਖਣਾ ਚਾਹੀਦਾ ਹੈ।