ਆਮਦਨ ਲੁਕਾਉਣ ਦੀ ਨਾ ਕਰੋ ਗਲਤੀ, 10 ਕੰਮ ਖੋਲ੍ਹ ਦੇਣਗੇ ਪੋਲ

11/01/2018 2:26:30 PM

ਨਵੀਂ ਦਿੱਲੀ — ਜੇਕਰ ਤੁਹਾਡੀ ਆਮਦਨ 2.5 ਲੱਖ ਤੋਂ ਜ਼ਿਆਦਾ ਹੈ ਤਾਂ ਤੁਹਾਡੇ ਲਈ ਇਨਕਮ ਟੈਕਸ ਭਰਨਾ ਜ਼ਰੂਰੀ ਹੋਵੇਗਾ। ਮਤਲਬ ਤੁਹਾਡੇ ਵਲੋਂ 2.5 ਲੱਖ ਤੋਂ ਜ਼ਿਆਦਾ ਦੀ ਆਮਦਨ ਲੁਕਾ ਕੇ ਰੱਖਣਾ ਗੈਰ-ਕਾਨੂੰਨੀ ਹੋਵੇਗਾ। ਆਮਤੌਰ 'ਤੇ ਲੋਕ ਇਸ ਨਿਯਮ ਨੂੰ ਹਲਕੇ 'ਚ ਲੈਂਦੇ ਹਨ। ਇਹ ਹੀ ਕਾਰਨ ਹੈ ਕਿ 130 ਕਰੋੜ ਤੋਂ ਜ਼ਿਆਦਾ ਆਬਾਦੀ ਵਾਲੇ ਭਾਰਤ ਦੇਸ਼ ਦੇ ਸਿਰਫ 6 ਕਰੋੜ ਲੋਕ ਹੀ ਇਨਕਮ ਟੈਕਸ ਰਿਟਰਨ ਫਾਈਲ ਕਰਦੇ ਹਨ। ਮਤਲਬ ਇਹ ਕਿ ਦੇਸ਼ ਦੇ 124 ਕਰੋੜ ਤੋਂ ਜ਼ਿਆਦਾ ਲੋਕ ਸਰਕਾਰ ਨੂੰ ਟੈਕਸ ਹੀ ਨਹੀਂ ਦਿੰਦੇ।

ਸਰਕਾਰ ਨੇ ਆਮਦਨ ਕਰ ਨੂੰ ਲੈ ਕੇ ਨਿਯਮ ਸਖਤ ਕਰਨ ਦਾ ਫੈਸਲਾ ਕੀਤਾ ਹੈ। ਪਿਛਲੇ ਦਿਨੀਂ ਸਰਕਾਰ ਨੇ ਇਸ ਤਰ੍ਹਾਂ ਦੇ ਕਈ ਫੈਸਲੇ ਕੀਤੇ ਜਿੰਨ੍ਹਾਂ ਦੀ ਸਹਾਇਤਾ ਨਾਲ ਇਹ ਪਤਾ ਲਗਾਉਣਾ ਅਸਾਨ ਹੋ ਗਿਆ ਕਿ ਕਿਸੇ ਖਾਸ ਵਿਅਕਤੀ ਦੀ ਆਮਦਨ ਕਿੰਨੀ ਹੈ ਅਤੇ ਇਹ ਵਿਅਕਤੀ ਆਮਦਨ ਟੈਕਸ ਭਰ ਰਿਹਾ ਹੈ ਜਾਂ ਨਹੀਂ। ਜੇਕਰ ਤੁਸੀਂ ਆਮਦਨ ਟੈਕਸ ਨਹੀਂ ਭਰਦੇ ਤਾਂ ਸਰਕਾਰ ਤੁਹਾਨੂੰ ਪੁੱਛ ਸਕਦੀ ਹੈ ਕਿ ਤੁਹਾਡੀ ਸਾਲਾਨਾ ਆਮਦਨ ਕਿੰਨੀ ਹੈ ਅਤੇ ਤੁਸੀਂ ਆਮਦਨ ਟੈਕਸ ਕਿਉਂ ਨਹੀਂ ਭਰ ਰਹੇ।

ਅਸੀਂ ਤੁਹਾਨੂੰ ਇਸ ਤਰ੍ਹਾਂ ਦੇ 10 ਕਦਮਾਂ ਬਾਰੇ ਦਸ ਰਹੇ ਹਾਂ ਜਿੰਨਾ ਦੀ ਸਹਾਇਤਾ ਨਾਲ ਸਰਕਾਰ ਤੁਹਾਡੀ ਆਮਦਨ ਅਤੇ ਇਨਕਮ ਟੈਕਸ ਰਿਟਰਨ ਦੇਖ ਸਕਦੀ ਹੈ।

ਕਾਰ ਖਰੀਦਣ ਜਾਂ ਵੇਚਣ ਸਮੇਂ

ਤੁਸੀਂ ਜਦੋਂ ਵੀ ਕਾਰ ਖਰੀਦਦੇ ਹੋ ਜਾਂ ਵੇਚਦੇ ਹੋ ਤਾਂ ਤੁਹਾਨੂੰ ਆਪਣਾ ਪੈਨ ਨੰਬਰ(ਪਰਮਾਨੈਂਟ ਅਕਾਊਂਟ ਨੰਬਰ) ਦੇਣ ਪਵੇਗਾ।  ਤੁਹਾਡੇ ਪੈਨ ਨੰਬਰ ਤੋਂ ਸਰਕਾਰ ਇਹ ਜਾਣ ਸਕੇਗੀ ਕਿ ਤੁਸੀਂ ਕਾਰ ਖਰੀਦੀ ਹੈ । ਇਸ ਤੋਂ ਬਾਅਦ ਤੁਸੀਂ ਸਰਕਾਰ ਦੀਆਂ ਨਜ਼ਰਾਂ ਵਿਚ ਆ ਸਕਦੇ ਹੋ।

10 ਲੱਖ ਤੋਂ ਜ਼ਿਆਦਾ ਦੀ ਅਚਲ ਜਾਇਦਾਦ ਖਰੀਦਣ ਜਾਂ ਵੇਚਣ ਸਮੇਂ

ਨਵੇਂ ਨਿਯਮਾਂ ਦੇ ਤਹਿਤ ਹੁਣ ਤੁਹਾਨੂੰ 10 ਲੱਖ ਤੋਂ ਜ਼ਿਆਦਾ ਦੀ ਜਾਇਦਾਦ ਜਿਵੇਂ ਫਲੈਟ ਜਾਂ ਪਲਾਟ ਖਰੀਦਣ 'ਤੇ ਪੈਨ ਨੰਬਰ ਦੇਣਾ ਹੋਵੇਗਾ। ਤੁਹਾਡੀ ਪੈਨ ਡਿਟੇਲ ਤੋਂ ਸਰਕਾਰ ਨੂੰ ਪਤਾ ਲੱਗ ਜਾਵੇਗਾ ਕਿ ਤੁਸੀਂ 10 ਲੱਖ ਤੋਂ ਜ਼ਿਆਦਾ ਦੀ ਜਾਇਦਾਦ ਖਰੀਦੀ ਜਾਂ ਵੇਚੀ ਹੈ। ਆਮਦਨ ਕਰ ਨਹੀਂ ਭਰ ਰਹੇ ਤਾਂ ਸਰਕਾਰ ਦੀ ਨਜ਼ਰ 'ਚ ਆ ਸਕਦੇ ਹੋ।

ਕ੍ਰੈਡਿਟ ਕਾਰਡ ਤੋਂ ਖਰੀਦਦਾਰੀ

ਜੇਕਰ ਤੁਸੀਂ ਇਕ ਸਾਲ 'ਚ ਕ੍ਰੈਡਿਟ ਕਾਰਡ ਦੇ ਜ਼ਰੀਏ 1 ਲੱਖ ਜਾਂ ਇਸ ਤੋਂ ਜ਼ਿਆਦਾ ਦੀ ਖਰੀਦਦਾਰੀ ਕਰਦੇ ਹੋ ਤਾਂ ਇਸ ਦੇ ਵੇਰਵੇ ਵੀ ਸਰਕਾਰ ਕੋਲ ਪਹੁੰਚ ਰਹੇ ਹਨ। ਇਸ ਤੋਂ ਬਾਅਦ ਤੁਸੀਂ ਸਰਕਾਰ ਤੁਹਾਡੇ ਕੋਲੋਂ ਪੁੱਛਗਿੱਛ ਕਰ ਸਕਦੀ ਹੈ।

50,000 ਰੁਪਏ 'ਤੋਂ ਜ਼ਿਆਦਾ ਹੋਟਲ ਜਾਂ ਰੈਸਟੋਰੈਂਟ ਦਾ ਬਿੱਲ ਅਦਾ ਕਰਨ 'ਤੇ 

ਜੇਕਰ ਤੁਸੀਂ ਇਕ ਸਮੇਂ 'ਚ ਹੋਟਲ ਜਾਂ ਰੈਸਟੋਰੈਂਟ ਦਾ 50,000 ਦਾ ਬਿੱਲ ਅਦਾ ਕਰਦੇ ਹੋ ਤਾਂ ਪੈਨ ਦਾ ਨੰਬਰ ਦੇਣਾ ਹੋਵੇਗਾ। ਜੇਕਰ ਤੁਹਾਡਾ ਟਰਾਂਜੈਕਸ਼ਨ ਸਰਕਾਰ ਦੀ ਨਜ਼ਰ ਵਿਚ ਆ ਜਾਂਦਾ ਹੈ ਤਾਂ ਭਵਿੱਖ ਵਿਚ ਸਰਕਾਰ ਤੁਹਾਡੇ ਕੋਲੋਂ ਪੁੱਛ ਸਕਦੀ ਹੈ ਕਿ ਤੁਹਾਡੀ ਸਾਲਾਨਾ ਆਮਦਨ ਕਿੰਨੀ ਹੈ।

ਬੈਂਕ ਵਿਚ ਵਿਦਡ੍ਰਾਅਲ ਹਿਸਟਰੀ ਨਾ ਹੋਣ 'ਤੇ

ਜੇਕਰ ਤੁਸੀਂ ਬੈਂਕ ਵਿਚ ਪੈਸਾ ਜਮ੍ਹਾ ਕਰਵਾ ਰਹੇ ਹੋ ਪਰ ਬੈਂਕ ਵਿਚੋਂ ਪੈਸੇ ਕਢਵਾ ਨਹੀਂ ਰਹੇ ਤਾਂ ਵੀ ਤੁਸੀਂ ਸਰਕਾਰ ਦੀ ਨਜ਼ਰ ਵਿਚ ਆ ਸਕਦੇ ਹੋ। ਸਰਕਾਰ ਤੁਹਾਡੇ ਕੋਲੋਂ ਪੁੱਛ ਸਕਦੀ ਹੈ ਕਿ ਤੁਸੀਂ ਬੈਂਕ ਵਿਚੋਂ ਪੈਸੇ ਨਹੀਂ ਕਢਵਾ ਰਹੇ ਤਾਂ ਤੁਹਾਡਾ ਕਿਹੜੇ ਸ੍ਰੋਤਾਂ ਤੋਂ ਪੂਰਾ ਹੋ ਰਿਹਾ ਹੈ।

ਵਿਦੇਸ਼ ਯਾਤਰਾ

ਜੇਕਰ ਤੁਸੀਂ ਵਿਦੇਸ਼ ਯਾਤਰਾ 'ਤੇ ਜਾਂਦੇ ਹੋ ਤਾਂ ਵੀ ਤੁਸੀਂ ਸਰਕਾਰ ਦੀ ਨਜ਼ਰ ਵਿਚ ਆ ਸਕਦੇ ਹੋ। ਆਮਦਨ ਕਰ ਵਿਭਾਗ ਅਜਿਹੇ ਲੋਕਾਂ ਦਾ ਵੀ ਵੇਰਵਾ ਰੱਖਦਾ ਹੈ ਜਿਹੜੇ ਆਮ ਤੌਰ 'ਤੇ ਵਿਦੇਸ਼ ਯਾਤਰਾ 'ਤੇ ਜਾਂਦੇ ਰਹਿੰਦੇ ਹਨ।

ਤੁਹਾਡੇ ਖਾਤੇ ਵਿਚ ਜਮ੍ਹਾ ਹੋਏ ਜ਼ਿਆਦਾ ਪੈਸੇ

ਜੇਕਰ ਤੁਹਾਡੇ ਖਾਤੇ ਵਿਚ ਆਮ ਨਾਲੋਂ ਜ਼ਿਆਦਾ ਪੈਸੇ ਜਮ੍ਹਾ ਹੁੰਦੇ ਹਨ ਤਾਂ ਵੀ ਵਿਭਾਗ ਤੁਹਾਡੇ ਕੋਲੋਂ ਪੁੱਛ ਸਕਦਾ ਹੈ ਕਿ ਤੁਹਾਡੇ ਖਾਤੇ ਵਿਚ ਇੰਨਾ ਪੈਸਾ ਕਿੱਥੋਂ ਆਇਆ ਅਤੇ ਇਸ ਪੈਸੇ ਨੂੰ ਡਿਕਲਿਅਰ ਕੀਤਾ ਹੈ ਜਾਂ ਨਹੀਂ।

ਵਿਆਹ ਮੌਕੇ ਜ਼ਿਆਦਾ ਖਰਚਾ

ਜੇਕਰ ਤੁਹਾਡੇ ਪਰਿਵਾਰ ਵਿਚ ਕਿਸੇ ਦਾ ਵਿਆਹ ਹੈ ਅਤੇ ਤੁਸੀਂ ਵਿਆਹ ਵਿਚ ਜ਼ਿਆਦਾ ਖਰਚਾ ਕਰ ਲੈਂਦੇ ਹੋ ਤਾਂ ਵੀ ਆਮਦਨ ਕਰ ਵਿਭਾਗ  ਤੁਹਾਨੂੰ ਆਪਣੀ ਜਾਂਚ ਦਾ ਕੇਂਦਰ ਬਣਾ ਸਕਦਾ ਹੈ। ਆਮਦਨ ਕਰ ਵਿਭਾਗ ਦੇ ਫੀਲਡ 'ਚ ਮੌਜੂਦ ਕਰਮਚਾਰੀ ਅਜਿਹੀਆਂ ਗਤੀਵਿਧਿਆਂ 'ਤੇ ਨਜ਼ਰ ਰੱਖਦੇ ਹਨ। ਵਿਆਹ ਸਮਾਰੋਹ ਵਿਚ ਹੋਇਆ ਖਰਚ ਤੁਹਾਡੀ ਇਨਕਮ ਪ੍ਰੋਫਾਈਲ ਨਾਲ ਮੈਚ ਨਹੀਂ ਕਰਦਾ ਤਾਂ ਵਿਭਾਗ ਤੁਹਾਡੇ ਕੋਲੋਂ ਪੁੱਛਗਿੱਛ ਕਰ ਸਕਦਾ ਹੈ।

ਅਚਾਨਕ ਲਾਈਫ-ਸਟਾਈਲ 'ਚ ਆਇਆ ਬਦਲਾਅ

ਜੇਕਰ ਅਚਾਨਕ ਤੁਹਾਡੇ ਲਾਈਫ-ਸਟਾਈਲ 'ਚ ਬਦਲਾਅ ਆਇਆ ਹੈ ਅਤੇ ਤੁਸੀਂ ਜ਼ਿਆਦਾ ਪੈਸੇ ਖਰਚ ਕਰਨ ਲੱਗ ਜਾਂਦੇ ਹੋ ਤਾਂ ਵਿਭਾਗ ਤੁਹਾਡੀ ਗੁਪਤ ਜਾਂਚ ਕਰ ਸਕਦਾ ਹੈ। ਜੇਕਰ ਉਨ੍ਹਾਂ ਨੂੰ ਲੱਗਦਾ ਹੈ ਕਿ ਤੁਹਾਡਾ ਲਾਈਫ ਸਟਾਈਲ ਤੁਹਾਡੇ ਇਨਕਮ ਟੈਕਸ ਪ੍ਰੋਫਾਈਲ ਨਾਲ ਮੈਚ ਨਹੀਂ ਕਰਦਾ ਤਾਂ ਵਿਭਾਗ ਤੁਹਾਡੇ ਕੋਲੋਂ ਪੁੱਛਗਿੱਛ ਕਰ ਸਕਦਾ ਹੈ।

50 ਹਜ਼ਾਰ ਤੋਂ ਜ਼ਿਆਦਾ ਮਿਊਚੁਅਲ ਫੰਡ ਖਰੀਦਣ ਸਮੇਂ

ਜੇਕਰ ਤੁਸੀਂ ਇਕ ਹੀ ਸਮੇਂ 50 ਹਜ਼ਾਰ ਤੋਂ ਜ਼ਿਆਦਾ ਮਿਊਚੁਅਲ ਫੰਡ ਦੀ ਖਰੀਦ ਕਰਦੇ ਹੋ ਤਾਂ ਤੁਹਾਨੂੰ ਆਪਣੀ ਪੈਨ ਡਿਟੇਲ ਦੇਣੀ ਲਾਜ਼ਮੀ ਹੋਵੇਗੀ। ਤੁਹਾਡੇ ਪੈਨ ਨੰਬਰ ਤੋਂ ਸਰਕਾਰ ਨੂੰ ਪਤਾ ਲੱਗ ਜਾਵੇਗਾ ਕਿ ਤੁਸੀਂ ਮਿਊਚੁਅਲ ਫੰਡ ਵਿਚ ਨਿਵੇਸ਼ ਕੀਤਾ ਹੈ।