ਜਦੋਂ ਆਏ ਫਰਾਡ ਕਾਲ ਤਾਂ ਇਸ ਤਰ੍ਹਾਂ ਦਿਓ ਜਵਾਬ ਤੇ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

01/22/2019 12:52:42 PM

ਨਵੀਂ ਦਿੱਲੀ — ਸਟੇਟ ਬੈਂਕ ਆਫ ਇੰਡੀਆ ਆਪਣੇ ਗਾਹਕਾਂ ਨੂੰ ਫਰਾਡ ਜਾਂ ਧੋਖਾਧੜੀ ਤੋਂ ਬਚਾਉਣ ਦੀ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ। ਇਸੇ ਸਿਲਸਿਲੇ ਨੂੰ ਜਾਰੀ ਰੱਖਦੇ ਹੋਏ SBI ਨੇ ਟਵੀਟ ਕਰਕੇ ਗਾਹਕਾਂ ਨੂੰ ਨਵੀਂ ਸੂਚਨਾ ਦਿੱਤੀ ਹੈ। ਟਵੀਟ ਮੁਤਾਬਕ ਜੇਕਰ ਤੁਹਾਨੂੰ ਕਿਸੇ ਅਣਜਾਣ ਨੰਬਰ ਤੋਂ ਕਾਲ ਆਉਂਦੀ ਹੈ ਅਤੇ ਕੋਈ ਵਿਅਕਤੀ ਕਹਿੰਦਾ ਹੈ ਕਿ ਮੈਂ ਇਸ ਬੈਂਕ ਤੋਂ ਬੋਲ ਰਿਹਾ ਹਾਂ, ਤਾਂ ਤੁਸੀਂ ਉਸਨੂੰ ਅਜਿਹਾ ਜਵਾਬ ਦਿਓ ਕਿ ਉਹ ਦੁਬਾਰਾ ਤੁਹਾਨੂੰ ਕਾਲ ਕਰਨ ਤੋਂ ਪਹਿਲਾਂ ਕਈ ਵਾਰ ਸੋਚੇ।

ਇਸ ਤਰ੍ਹਾਂ ਦਿਓ ਜਵਾਬ

SBI ਦੇ ਟਵੀਟ ਅਨੁਸਾਰ ਅਣਜਾਣ ਨੰਬਰ ਤੋਂ ਕਾਲ ਕਰਨ ਵਾਲਾ ਵਿਅਕਤੀ ਜੇਕਰ ਤੁਹਾਡੇ ਕੋਲੋਂ ਡੈਬਿਟ ਕਾਰਡ ਦਾ ਵੇਰਵਾ ਮੰਗਦਾ ਹੈ ਤਾਂ ਤੁਸੀਂ ਕਹੋ, ' ਸੌਰੀ ਡੈਬਿਟ ਕਾਰਡ ਮੇਰੇ ਦੋਸਤ ਕੋਲ ਹੈ ਅਤੇ ਤੁਸੀਂ ਮੇਰੇ ਦੋਸਤ ਨੂੰ ਫੋਨ ਕਰਕੇ ਉਸ ਕੋਲੋਂ ਕਾਰਡ ਦਾ ਵੇਰਵਾ ਲੈ ਸਕਦੇ ਹੋ। ਫਿਰ ਤੁਸੀਂ ਉਸਨੂੰ 100 ਨੰਬਰ 'ਤੇ ਕਾਲ ਕਰਨ ਲਈ ਕਹੋ।'

ਇਸ ਤਰ੍ਹਾਂ ਬਚੋ ਧੋਖੇ ਤੋਂ

- ਕਿਸੇ ਨੂੰ ਵੀ ਆਪਣੇ ਕਾਰਡ ਦੇ ਦੋਵਾਂ ਪਾਸਿਆਂ ਦੀ ਫੋਟੋ ਕਾਪੀ ਨਾ ਦਿਓ। ਆਨ ਲਾਈਨ ਟਰਾਂਜੈਕਸ਼ਨ ਲਈ ਜ਼ਰੂਰੀ ਕਾਰਡ ਵੈਰੀਫਿਕੇਸ਼ਨ ਵੈਲਿਯੂ(ਸੀਵੀਵੀ) ਕਾਰਡ ਦੇ ਪਿੱਛੇ ਵੱਲ ਛੱਪਿਆ ਹੁੰਦਾ ਹੈ। ਇਸ ਲਈ ਕਾਰਡ ਨੰਬਰ ਦੇ ਨਾਲ ਕੋਈ ਵੀ ਇਸ ਦਾ ਗਲਤ ਇਸਤੇਮਾਲ ਕਰ ਸਕਦਾ ਹੈ।

- ਈ-ਮੇਲ ਲਿੰਕਸ 'ਤੇ ਕਲਿੱਕ ਨਾ ਕਰੋ ਜਿਨ੍ਹਾਂ 'ਚ ਤੁਹਾਡੇ ਖਾਤੇ ਦਾ ਵੇਰਵਾ ਮੰਗਿਆ ਗਿਆ ਹੋਵੇ, ਇਹ ਧੋਖੇਬਾਜ਼ਾਂ ਦੇ ਫਿਸ਼ਿੰਗ ਮੇਲ ਹੋ ਸਕਦੇ ਹਨ। ਜ਼ਿਆਦਾਤਰ ਮਸ਼ਹੂਰ ਕੰਪਨੀਆਂ ਸਿੱਧੇ ਆਪਣੀ ਵੈਬਸਾਈਟ 'ਤੇ ਜਾਣ ਲਈ ਕਹਿੰਦੀਆਂ ਹਨ। ਕਾਰਡ ਜ਼ਰੀਏ ਭੁਗਤਾਨ ਕਰਦੇ ਸਮੇਂ ਇਹ ਚੰਗੀ ਤਰ੍ਹਾਂ ਜਾਂਚ ਲਓ ਕਿ ਵੈਬਸਾਈਟ ਸੁਰੱਖਿਅਤ ਹੈ ਜਾਂ ਨਹੀਂ । ਜੇਕਰ ਤੁਹਾਨੂੰ ਜ਼ਰਾ ਜਿਹਾ ਵੀ ਸ਼ੱਕ ਹੁੰਦਾ ਹੈ ਤਾਂ ਕਿਸੇ ਮਾਹਰ ਦੀ ਸਲਾਹ ਲਓ ਜਾਂ ਫਿਰ ਵੈਬਸਾਈਟ ਬਾਰੇ ਇੰਟਰਨੈੱਟ 'ਤੇ ਸਰਚ ਕਰੋ। ਫੋਨ 'ਤੇ ਕਦੇ ਵੀ ਕਿਸੇ ਨੂੰ ਵੀ ਆਪਣੇ ਬੈਂਕ ਖਾਤੇ ਦਾ ਵੇਰਵਾ ਨਾ ਦਿਓ। ਖਾਸਤੌਰ 'ਤੇ ਟੈਲੀਮਾਰਕਿੰਟਿੰਗ ਕੰਪਨੀਆਂ ਨੂੰ।

- ਜੇਕਰ ਤੁਹਾਨੂੰ ਆਪਣੇ ਕ੍ਰੈਡਿਟ ਜਾਂ ਡੈਬਿਟ ਕਾਰਡ ਦਾ ਸਟੇਟਮੈਂਟ ਸਮੇਂ 'ਤੇ ਨਹੀਂ ਮਿਲਦਾ ਤਾਂ ਇਸ ਦੀ ਜਾਣਕਾਰੀ ਆਪਣੇ ਬੈਂਕ ਨੂੰ ਦਿਓ। ਇਸ ਦੇ ਨਾਲ ਹੀ ਜੇਕਰ ਤੁਹਾਡਾ ਕਾਰਡ ਕਿਤੇ ਗੁੰਮ ਹੋ ਜਾਂਦਾ ਹੈ ਤਾਂ ਬਿਨਾਂ ਦੇਰ ਕੀਤੇ ਬੈਂਕ ਨੂੰ ਇਸ ਦੀ ਸੂਚਨਾ ਦਿਓ ਅਤੇ ਗੁੰਮ ਹੋਏ ਕਾਰਡ ਨੂੰ ਕੈਂਸਲ ਕਰਵਾ ਦਿਓ। ਪੁਰਾਣੀ ਬੈਂਕ ਸਟੇਟਮੈਂਟ, ਕ੍ਰੈਡਿਟ ਕਾਰਡ ਐਪਲੀਕੇਸ਼ਨ, ਬਿੱਲ ਆਦਿ ਨੂੰ ਛੋਟੇ-ਛੋਟੇ ਟੁਕੜਿਆਂ 'ਚ ਫਾੜ ਕੇ ਹੀ ਸੁੱਟੋ। ਨਹੀਂ ਤਾਂ ਕਿਸੇ ਗਲਤ ਹੱਥ ਲੱਗ ਜਾਣ ਕਾਰਨ ਇਨ੍ਹਾਂ ਦਾ ਗਲਤ ਇਸਤੇਮਾਲ ਹੋ ਸਕਦਾ ਹੈ।
- ਇਸ ਦੇ ਬਾਵਜੂਦ ਜੇਕਰ ਬੈਂਕ ਧੋਖਾਧੜੀ ਹੁੰਦੀ ਹੈ ਤਾਂ ਇਸ ਦੀ ਜਾਣਕਾਰੀ ਤੁਰੰਤ ਬੈਂਕ ਨੂੰ ਦਿਓ ਅਤੇ ਬਣਦੀ ਕਾਰਵਾਈ ਕਰੋ।