ਨੈਸ਼ਨਲ ਧਰਮ ਪ੍ਰਚਾਰ ਕਮੇਟੀ ਇਟਲੀ ਵੱਲੋਂ ਰੋਮ ''ਚ ਹੋਵੇਗੀ 2021 ਦੀ ਪਹਿਲੀ ਬੈਠਕ

01/25/2021 4:39:56 PM

ਰੋਮ, (ਕੈਂਥ)- ਪਿਛਲੇ ਕਰੀਬ ਦੋ ਦਹਾਕਿਆਂ ਤੋਂ ਇਟਲੀ ਵਿਚ ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣ ਲਈ ਜੱਦੋ-ਜਹਿਦ ਕਰ ਰਹੀ ਇਟਲੀ ਦੀ ਸਿਰਮੌਰ ਸਿੱਖ ਜੱਥੇਬੰਦੀ ਨੈਸ਼ਨਲ ਧਰਮ ਪ੍ਰਚਾਰ ਕਮੇਟੀ (ਰਜਿ:) ਵੱਲੋਂ ਸਿੱਖ ਧਰਮ ਦੀ ਰਜਿਸਟਰਡ ਕਰਵਾਉਣ ਦੀ ਪ੍ਰਕਿਰਿਆ ਸਬੰਧੀ ਕੋਸ਼ਿਸ਼ਾਂ ਚੱਲ ਰਹੀਆਂ ਹਨ। ਲਾਸੀਓ ਸੂਬੇ ਵਿਚ ਮੀਟਿੰਗ ਕਰਨ ਲਈ ਇਲਾਕੇ ਦੀਆਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਮੂਹ ਸਿੱਖ ਸੰਗਤਾਂ ਅਤੇ ਸਮੂਹ ਸਿੱਖ ਜਥੇਬੰਦੀਆਂ ਨੂੰ ਇਕ ਅਪੀਲ ਕਰਦਿਆਂ ਧਰਮ ਪ੍ਰਚਾਰ ਕਮੇਟੀ ਨੇ ਕਿਹਾ ਕਿ ਇਟਲੀ ਵਿਚ ਸਿੱਖ ਧਰਮ ਦੀ ਸਰਕਾਰੀ ਤੌਰ 'ਤੇ ਮਨਜ਼ੂਰੀ ਲਈ ਆਉਣ ਵਾਲੇ ਦਿਨਾਂ ਵਿਚ ਇਕ ਮੀਟਿੰਗ ਰੋਮ ਦੇ ਇਲਾਕੇ ਬੋਰਗੋ ਹਰਮਾਦਾ (ਲਾਤੀਨਾ) ਦੇ ਗੁਰਦੁਆਰਾ ਸਾਹਿਬ ਵਿਖੇ ਕੀਤੀ ਜਾਵੇਗੀ। 

ਇਹ ਜਾਣਕਾਰੀ ਇਟਾਲੀਅਨ ਪੰਜਾਬੀ ਪ੍ਰੈੱਸ ਨੂੰ ਲਾਸੀਓ ਦੇ ਗੁਰਦੁਆਰਾ ਸਾਹਿਬਾਨਾਂ ਦੇ ਪ੍ਰਬੰਧਕਾਂ ‘ਚ ਗੁਰਮੁੱਖ ਸਿੰਘ ਹਜਾਰਾ, ਹਰਪਾਲ ਸਿੰਘ ਪੁਨਤੀਨੀਆ, ਰਾਜਬੀਰ ਸਿੰਘ ਰਾਜਾ, ਕੁਲਵਿੰਦਰ ਸਿੰਘ ਅਟਵਾਲ, ਰਘਵਿੰਦਰ ਸਿੰਘ ਤੈਰਨੀ, ਰੂਪ ਸਿੰਘ ਅਪ੍ਰੀਲੀਆ, ਅਤੇ ਹਰਦੀਪ ਸਿੰਘ ਵਿਲੇਤਰੀ ਨੇ ਆਪਸੀ ਵਿਚਾਰ-ਵਟਾਂਦਰੇ ਕਰਨ ਤੋਂ ਬਾਅਦ ਦਿੱਤੀ।

ਪ੍ਰਬੰਧਕਾਂ ਨੇ ਕਿਹਾ ਕਿ ਕੋਵਿਡ ਦੇ ਚੱਲਦਿਆਂ ਸਰਕਾਰੀ ਹਿਦਾਇਤਾਂ ਦਾ ਵੀ ਖਿਆਲ ਰੱਖਣਾ ਬਹੁਤ ਹੀ ਜ਼ਰੂਰੀ ਹੈ। ਇਸ ਲਈ ਆਉਣ ਵਾਲੇ ਦਿਨਾਂ ਵਿਚ ਹਾਲਾਤਾਂ ਨੂੰ ਦੇਖਦੇ ਹੋਏ ਮੀਟਿੰਗ ਦੀ ਤਾਰੀਖ਼ ਦਾ ਐਲਾਨ ਜਲਦ ਕੀਤਾ ਜਾਵੇਗਾ, ਜਿਸ ਵਿਚ ਸੈਂਟਰ ਇਟਲੀ ਅਤੇ ਸਾਊਥ ਇਟਲੀ ਦੇ ਸਮੂਹ ਗੁਰਦੁਆਰਾ ਸਾਹਿਬਾਨਾਂ ਦੇ ਪ੍ਰਬੰਧਕਾਂ ਅਤੇ ਸਮੂਹ ਸੰਗਤਾਂ ਨੂੰ ਸ਼ਾਮਲ ਹੋਣ ਲਈ ਪੁਰਜ਼ੋਰ ਅਪੀਲ ਹੈ । ਉਨ੍ਹਾਂ ਕਿਹਾ ਕਿ ਇਹ ਕਾਰਜ ਕਿਸੇ ਇਕੱਲੇ ਦਾ ਨਹੀਂ ਹੈ, ਸਭ ਸੰਗਤ ਦਾ ਸਾਂਝਾ ਹੈ, ਇਸ ਕਰਕੇ ਆਓ ਆਪਾਂ ਸਾਰੇ ਰਲ ਮਿਲ ਕੇ, ਏਕਤਾ ਦਾ ਸਬੂਤ ਦਿੰਦੇ ਹੋਏ ਇਕੱਠੇ ਹੋ ਕਰਕੇ ਸਰਕਾਰੀ ਕਾਗਜ਼ੀ ਕਾਰਵਾਈਆਂ ਨੂੰ ਪੂਰਿਆਂ ਕਰੀਏ ਤਾਂ ਜੋ ਗੁਰੂ ਸਾਹਿਬਾਨਾਂ ਦੀਆਂ ਬਖਸ਼ਿਸ਼ਾਂ ਸਦਕਾ ਇਟਲੀ ਵਿਚ ਸਿੱਖ ਧਰਮ ਦੀ ਸਰਕਾਰੀ ਤੌਰ 'ਤੇ ਮਨਜ਼ੂਰੀ ਮਿਲ ਸਕੇ।


Lalita Mam

Content Editor

Related News