ਇਟਲੀ : ਡਾ. ਬੀ. ਆਰ. ਅੰਬੇਡਕਰ ਐਸੋਸੀਏਸ਼ਨ ਇਟਲੀ ਨੇ ਕਰਵਾਈ ਵਿਸ਼ਵ ਪੱਧਰੀ ਆਨਲਾਈਨ ਵਿਚਾਰ-ਗੋਸ਼ਟੀ

04/20/2021 3:48:27 PM

ਰੋਮ (ਕੈਂਥ)-ਡਾ. ਬੀ. ਆਰ. ਅੰਬੇਡਕਰ ਐਸੋਸੀਏਸ਼ਨ ਇਟਲੀ ਵਲੋਂ ਜੋਤਿਬਾ ਫੂਲੇ ਜੀ, ਬਹੁਜਨ ਨਾਇਕ ਸਾਹਿਬ ਕਾਂਸ਼ੀ ਰਾਮ ਜੀ ਅਤੇ ਬਾਬਾ ਸਾਹਿਬ ਡਾ. ਅੰਬੇਡਕਰ ਜੀ ਨੂੰ ਸਮਰਪਿਤ ਵਿਸ਼ਵ ਪੱਧਰੀ ਆਨਲਾਈਨ ਵਿਚਾਰ-ਗੋਸ਼ਟੀ ਕਰਵਾਈ ਗਈ, ਜਿਸ ’ਚ ਜਿੱਥੇ ਇਟਲੀ ਦੀਆਂ ਸ੍ਰੀ ਗੁਰੂ ਰਵਿਦਾਸ ਸਭਾਵਾਂ ਨੇ ਸ਼ਮੂਲੀਅਤ ਕੀਤੀ, ਉੱਥੇ ਹੀ ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਸਮਾਜ ਸ਼ਾਸਤਰ ਵਿਭਾਗ ਦੇ ਹੈੱਡ ਡਾ. ਵਿਵੇਕ ਕੁਮਾਰ ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਲਗਵਾਈ।

PunjabKesari

ਡਾ. ਵਿਵੇਕ ਕੁਮਾਰ ਇਕ ਉੱਘੇ ਸਮਾਜ ਸ਼ਾਸਤਰੀ ਹਨ, ਜਿਨ੍ਹਾਂ ਨੇ ਭਾਰਤ ਹੀ ਨਹੀਂ, ਅਮਰੀਕਾ ਤੇ ਜਰਮਨ ’ਚ ਵੀ ਪੜ੍ਹਾਇਆ ਹੈ। ਡਾ. ਵਿਵੇਕ ਅਮਰੀਕਾ ਦੀ ਕੋਲੰਬੀਆ ਯੂਨੀਵਰਸਿਟੀ, ਜਿਸ ’ਚ ਡਾ. ਅੰਬੇਡਕਰ ਜੀ ਨੇ ਪੜ੍ਹਾਈ ਕੀਤੀ ਹੈ, ਵਿੱਚ ਵੀ ਪੜ੍ਹਾ ਚੁੱਕੇ ਹਨ। ਉਨ੍ਹਾਂ ਨੇ ਬਹੁਤ ਸਾਰੀਆਂ ਕਿਤਾਬਾਂ ਵੀ ਲਿਖੀਆਂ ਅਤੇ ਹੁਣ ਤੱਕ 75 ਤੋਂ ਵੱਧ ਵਿਦਿਆਰਥੀ ਉਨ੍ਹਾਂ ਦੀ ਅਗਵਾਈ ’ਚ ਐੱਮ. ਫਿਲ., ਪੀਐੱਚ. ਡੀ. ਕਰ ਚੁੱਕੇ ਹਨ । ਉਨ੍ਹਾਂ ਦੀ ਅਗਵਾਈ ’ਚ ਹੀ ਜੇ. ਐੱਨ. ਯੂ. ਦੇ ਸਮਾਜ ਸ਼ਾਸਤਰ ਵਿਭਾਗ ਨੂੰ ਅਮਰੀਕਾ ਦੀ ਕਿਊ. ਐੱਸ. ਰੈਂਕਿੰਗ ’ਚ ਪੂਰੇ ਭਾਰਤ ’ਚੋਂ ਪਹਿਲਾ ਰੈਂਕ ਮਿਲਿਆ ਹੈ।

PunjabKesari

ਆਪਣੇ ਲੈਕਚਰ ’ਚ ਡਾ. ਵਿਵੇਕ ਕੁਮਾਰ ਨੇ ਇਤਿਹਾਸ ਦੀਆਂ ਉਨ੍ਹਾਂ ਸ਼ਖਸੀਅਤਾਂ ਤੋਂ ਜਾਣੂ ਕਰਵਾਇਆ, ਜਿਨ੍ਹਾਂ ਨੇ ਆਪਣੀ ਸਾਰੀ ਉਮਰ ਔਰਤਾਂ, ਗਰੀਬਾਂ ਅਤੇ ਅਨਿਆਂ ਸਹਿ ਰਹੇ ਲੋਕਾਂ ਦੇ ਭਲੇ ਲਈ ਲਾ ਦਿੱਤੀ। ਉਨ੍ਹਾਂ ਨੇ ਲੋਕਾਂ ਨੂੰ ਆਪਣੇ ਇਤਿਹਾਸ ਨੂੰ ਪੜ੍ਹਨ ਅਤੇ ਜਾਣਨ ਲਈ ਪ੍ਰੇਰਿਆ ਤਾਂ ਜੋ ਲੋਕਾਂ ’ਚ ਗਿਆਨ ,ਉਤਸ਼ਾਹ ਅਤੇ ਭਾਈਚਾਰਾ ਵਧੇ।

PunjabKesari

ਉਨ੍ਹਾਂ ਨੇ ਦੱਸਿਆ ਕਿ ਵਿਚਾਰ-ਚਰਚਾ ਹਮੇਸ਼ਾ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਵਿਚਾਰ-ਚਰਚਾ ਦੇ ਖ਼ਤਮ ਹੋ ਜਾਣ ਨਾਲ ਵਿਚਾਰਕ ਖ਼ਤਮ ਹੋ ਜਾਂਦੇ ਹਨ, ਵਿਚਾਰਕਾਂ ਦੇ ਖ਼ਤਮ ਹੋਣ ਨਾਲ ਇਤਿਹਾਸ ਮੁੱਕ ਜਾਂਦਾ ਹੈ, ਇਤਿਹਾਸ ਮੁੱਕਣ ਨਾਲ ਲੋਕਾਂ ਦਾ ਮਨੋਬਲ ਡਿੱਗ ਜਾਂਦਾ ਹੈ, ਜਿਸ ਕਾਰਣ ਕੌਮਾਂ ਨਿਘਾਰ ਵੱਲ ਜਾਂਦੀਆਂ ਹਨ। ਆਪਣੇ ਇਤਿਹਾਸ ਤੋਂ ਸੇਧ ਲੈ ਕੇ ਹੀ ਲੋਕ ਅੱਗੇ ਵਧ ਸਕਦੇ ਹਨ। ਇਸ ਕਾਨਫਰੰਸ ’ਚ ਸੈਂਕੜੇ ਲੋਕਾਂ ਨੇ ਹਿੱਸਾ ਲਿਆ ਅਤੇ ਡਾ. ਸਾਹਿਬ ਨੇ ਲੋਕਾਂ ਦੇ ਵੱਖ-ਵੱਖ ਸਵਾਲਾਂ ਦੇ ਜੁਆਬ ਵੀ ਦਿੱਤੇ ।


Manoj

Content Editor

Related News