ਇਟਲੀ 'ਚ ਯੂਰਪ ਕਬੱਡੀ ਚੈਂਪੀਅਨਸ਼ਿਪ 9 ਜੁਲਾਈ ਨੂੰ, ਅਹੁਦੇਦਾਰਾਂ ਦੀ ਹੋਈ ਭਾਰੀ ਇਕੱਤਰਤਾ

06/18/2023 1:47:11 AM

ਮਿਲਾਨ/ਇਟਲੀ (ਸਾਬੀ ਚੀਨੀਆ) : ਇਟਾਲੀਅਨ ਕਬੱਡੀ ਐਸੋਸੀਏਸ਼ਨ ਇਟਲੀ ਵੱਲੋਂ ਪਿਛਲੇ ਸਾਲ ਕਰਵਾਈ ਯੂਰਪ ਕਬੱਡੀ ਚੈਂਪੀਅਨਸ਼ਿਪ ਦੀ ਸਫਲਤਾ ਤੋਂ ਬਾਅਦ ਕਬੱਡੀ ਪ੍ਰੇਮੀਆਂ ਦੀ ਮੰਗ 'ਤੇ 9 ਜੁਲਾਈ ਨੂੰ ਬੈਰਗਾਮੋਂ ਜ਼ਿਲ੍ਹੇ ਦੇ ਵਰਦੇਲੋ 'ਚ ਓਪਨ ਕਬੱਡੀ ਚੈਂਪੀਅਨਸ਼ਿਪ ਕਰਵਾਉਣ ਲਈ ਪ੍ਰੋਗਰਾਮ ਉਲੀਕਿਆ ਗਿਆ ਹੈ। ਇਸ ਦੀਆਂ ਚੱਲ ਰਹੀਆਂ ਤਿਆਰੀਆਂ ਸਬੰਧੀ ਇਟਾਲੀਅਨ ਕਬੱਡੀ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਭਾਰੀ ਇਕੱਤਤਰਤਾ ਹੋਈ, ਜਿਸ ਦੀ ਪ੍ਰਧਾਨਗੀ ਵਰਲਡ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਅਸ਼ੋਕ ਦਾਸ ਵੱਲੋਂ ਕੀਤੀ ਗਈ। ਫੈਡਰੇਸ਼ਨ ਦੇ ਦਫ਼ਤਰ ਪਲਾਸੋਲੋ ਸੁਲ ਓਲੀਓ ਵਿਖੇ ਕਬੱਡੀ ਕੱਪ ਨੂੰ ਕਰਵਾਉਣ ਲਈ ਵੱਖ-ਵੱਖ ਵਿਚਾਰਾਂ ਕੀਤੀਆਂ ਤੇ ਡਿਊਟੀਆਂ ਵੰਡੀਆਂ ਗਈਆਂ।

ਇਹ ਵੀ ਪੜ੍ਹੋ : ਚੰਗੇ ਭਵਿੱਖ ਦੀ ਤਲਾਸ਼ 'ਚ ਨਿਕਲੇ 750 ਲੋਕਾਂ ਦਾ ਭੂਮੱਧ ਸਾਗਰ ਦੀਆਂ ਲਹਿਰਾਂ ਨੇ ਡੋਬ ਦਿੱਤਾ ਵਰਤਮਾਨ

ਕਬੱਡੀ ਐਸੋਸੀਏਸ਼ਨ ਇਟਲੀ ਦੇ ਪ੍ਰਧਾਨ ਸੁਖਮੰਦਰ ਸਿੰਘ ਜੌਹਲ ਨੇ ਦੱਸਿਆ ਕਿ 9 ਜੁਲਾਈ ਨੂੰ ਨੈਸ਼ਨਲ ਅਤੇ ਸਰਕਲ ਕਬੱਡੀ ਦੀਆਂ 24 ਟੀਮਾਂ ਹਿੱਸਾ ਲੈ ਰਹੀਆਂ ਹਨ, ਜਿਨ੍ਹਾਂ 'ਚ ਪਹਿਲਾ ਇਨਾਮ 3100 ਯੂਰੋ ਤੇ ਦੂਜਾ ਇਨਾਮ 2500 ਯੂਰੋ ਦਿੱਤਾ ਜਾਵੇਗਾ। ਕੁੜੀਆਂ ਦੀ ਨੈਸ਼ਨਲ ਕਬੱਡੀ ਦੇ ਮੁਕਾਬਲੇ ਵੀ ਕਰਵਾਏ ਜਾਣਗੇ। ਇਸ ਕੱਪ ਵਿੱਚ 40 ਸਾਲ ਤੋਂ  ਉੱਪਰ ਦੇ ਖਿਡਾਰੀਆਂ ਦਾ ਸ਼ੋਅ ਮੈਚ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਵਿਚਾਲੇ ਹੋਵੇਗਾ। ਬੱਚਿਆਂ ਦੇ ਮੁਕਾਬਲੇ ਅਤੇ ਅੰਡਰ-20 ਸਾਲ ਦੇ ਖਿਡਾਰੀਆਂ ਦੇ ਮੁਕਾਬਲੇ ਕਰਵਾਏ ਜਾਣਗੇ।

ਇਹ ਵੀ ਪੜ੍ਹੋ : ਭਾਰਤੀ ਬੱਚੀ ਅਰੀਹਾ ਸ਼ਾਹ ਦੇ ਮਾਂ-ਬਾਪ ਲਈ ਵੱਡਾ ਝਟਕਾ, ਬਰਲਿਨ ਦੀ ਅਦਾਲਤ ਨੇ ਸੁਣਾਇਆ ਇਹ ਫ਼ੈਸਲਾ

ਫੈਡਰੇਸ਼ਨ ਵੱਲੋਂ ਇਟਲੀ ਰਹਿੰਦੇ ਭਾਰਤੀਆਂ ਨੂੰ ਸੱਦਾ ਦਿੱਤਾ ਗਿਆ ਹੈ ਕਿ ਪਰਿਵਾਰਾਂ ਸਮੇਤ ਟੂਰਨਾਮੈਂਟ ਵਿੱਚ ਪਹੁੰਚ ਕੇ ਕਬੱਡੀ ਦਾ ਆਨੰਦ ਮਾਣਿਆ ਜਾਵੇ। ਬੱਚਿਆਂ ਅਤੇ ਔਰਤਾਂ ਦੇ ਬੈਠਣ ਲਈ ਵਿਸ਼ੇਸ਼ ਤੌਰ 'ਤੇ ਵੱਖਰਾ ਪ੍ਰਬੰਧ ਕੀਤਾ ਗਿਆ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਚੈਨ ਸਿੰਘ ਠੀਕਰੀਵਾਲਾ, ਸੁਰਜੀਤ ਸਿੰਘ ਜੌਹਲ, ਚੌਧਰੀ ਅਮਜ਼ਦ ਅਲੀ, ਦਲਜੀਤ ਸਿੰਘ ਜੱਗੀ, ਗੁਰਦਿਆਲ ਸਿੰਘ ਚਾਹਲ, ਕੁਲਵਿੰਦਰ ਸਿੰਘ ਚੌਧਰੀ ਆਦਿ ਹਾਜ਼ਰ ਸਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Mukesh

This news is Content Editor Mukesh