ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ, ਨਾ ਉੱਚ ਵਿੱਦਿਆ ਅਤੇ ਨਾ ਹੀ ਰੋਜ਼ਗਾਰ

01/14/2017 1:59:02 PM

ਡੇਰਾ ਬਾਬਾ ਨਾਨਕ — ਹਲਕਾ ਡੇਰਾ ਬਾਬਾ ਨਾਨਕ ''ਚ ਭਾਵੇਂ ਕੁਝ ਵਿਕਾਸ ਦੇ ਕੰਮ ਹਲਕਾ ਇੰਚਾਰਜ ਸੁੱਚਾ ਸਿੰਘ ਲੰਗਾਹ ਵਲੋਂ ਕੀਤੇ ਗਏ ਹਨ ਪਰ ਇਸ ਦੇ ਬਾਵਜੂਦ ਕਈ ਚੀਜ਼ਾ ਜਿਵੇਂ ਲੜਕੀਆਂ ਦੇ ਲਈ ਕਾਲਜ, ਕਲਾਨੌਰ ''ਚ ਛਾਉਣੀ, ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਆਦਿ ਕਈ ਮੰਗਾਂ ਹਨ ਜੇ ਹਾਲੇ ਤੱਕ 10 ਸਾਲਾਂ ਤੋਂ ਅਕਾਲੀ-ਭਾਜਪਾ ਸਰਕਾਰ ਦੁਆਰਾ ਪੂਰੇ ਨਹੀਂ ਕੀਤੇ ਜਾ ਸਕੇ। ਜਿਸ ਦੇ ਕਾਰਨ ਇਲਾਕੇ ਦੇ ਨੌਜਵਾਨਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੇਂਡੂ ਹਲਕਾ ਹੋਣ ਦੇ ਕਾਰਨ ਇਥੇ ਪੜਾਈ ਅਤੇ ਰੋਜ਼ਗਾਰ ਦੇ ਬਹੁਤ ਘੱਟ ਮੌਕੇ ਉਪਲੱਬਧ ਹਨ, ਜਿਸ ਕਾਰਨ ਸਰਕਾਰ ਨੂੰ ਇਸ ਪਾਸੇ ਖਾਸ ਧਿਆਨ ਦੇਣ ਦੀ ਜ਼ਰੂਰਤ ਹੈ। ਭਾਵੇਂ ਲਾਈਟਾਂ, ਸੜਕਾਂ ਸੀਵਰੇਜ, ਪੀਣ ਵਾਲੇ ਪਾਣੀ ਆਦਿ ਵਰਗੀਆਂ ਸਮੱਸਿਆਵਾਂ ਦਾ ਕੁਝ ਹੱਦ ਤੱਕ ਨਿਪਟਾਰਾ ਹੋਇਆ ਹੈ ਪਰੰਤੂ ਹਾਲੇ ਵੀ ਬਹੁਤ ਸਾਰੀਆਂ ਸਮੱਸਿਅਵਾਂ ਦੇ ਕਾਰਨ ਇਲਾਕਾ ਨਿਵਾਸੀ ਪਰੇਸ਼ਾਨ ਹਨ।

ਮੁੱਖ ਮੁੱਦਾ
ਡੇਰਾ ਬਾਬਾ ਨਾਨਕ ਇਕ ਬਾਰਡਰ ਵਾਲਾ ਇਲਾਕਾ ਹੈ ਜੋ ਕਿ ਭਾਰਤ-ਪਾਕਿਸਤਾਨ ਦੀ ਸਰਹੱਦ ਨਾਲ ਲੱਗਦਾ ਹੈ। ਜਿਸ ਜੇ ਕਾਰਨ ਇੱਥੇ ਨਾ ਤਾਂ ਕੋਈ ਵੱਡੀ ਇੰਡਸਟਰੀ ਹੈ ਅਤੇ ਨਾ ਹੀ ਸਕੂਲ-ਕਾਲਜ। ਜਿਸ ਦੇ ਕਾਰਨ ਇਹ ਇਲਾਕਾ ਬੇਰੋਜ਼ਗਾਰੀ ਦੀ ਸਮੱਸਿਆ ਨਾਲ ਵੀ ਜੂਝ ਰਿਹਾ ਹੈ। ਕੰਮ-ਕਾਰ ਨਾ ਹੋਣ ਦੇ ਕਾਰਨ ਇਥੋਂ ਦੇ ਨੌਜਵਾਨ ਨਸ਼ੇ ਦੇ ਆਦੀ ਹਨ ਅਤੇ ਇਸ ਨਸ਼ੇ ''ਚ ਆਪਣੀ ਜਵਾਨੀ ਬਰਬਾਦ ਕਰਨ ''ਚ ਲੱਗੇ ਹੋਏ ਹਨ। ਇਸ ਇਲਾਕੇ ਦਾ ਮੁੱਖ ਮੁੱਦਾ ਹੀ ਇਹ ਹੈ ਕਿ ਇਥੇ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣ ਅਤੇ ਨਸ਼ੇ ਵਰਗੇ ਕੌਹੜ ਨੂੰ ਖਤਮ ਕੀਤਾ ਜਾਵੇ। ਇਸ ਤੋਂ ਇਲਾਵਾ ਇਥੇ ਸਿਹਤ ਸਬੰਧੀ ਸਹੂਲਤਾਂ ਵੱਲ ਵੀ ਧਿਆਨ ਦੇਣ ਦੀ ਜ਼ਰੂਰਤ ਹੈ ਕਿਉਂਕਿ ਸਰਕਾਰੀ ਹਸਪਤਾਲ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਹਨ ਅਤੇ ਜੇਕਰ ਕਿਸੇ ਵੇਲੇ ਕੋਈ ਰੋਗੀ ਅਮਰਜੈਂਸੀ ''ਚ ਆਉਂਦਾ ਹੈ ਤਾਂ ਉਸਨੂੰ ਅੰਮ੍ਰਿਤਸਰ ਜਾਂ ਗੁਰਦਾਸਪੁਰ ਰੈਫਰ ਕਰ ਦਿੱਤਾ ਜਾਂਦਾ ਹੈ। ਇਸ ਹਲਕੇ ਨਾਲ ਇਕ ਹੋਰ ਵਿਤਕਰਾ ਕੀਤਾ ਗਿਆ ਹੈ ਕਿ ਇਸ ਹਲਕੇ ''ਚ ਪੈਂਦੇ ਕਸਬੇ ਕਲਾਨੌਰ ਜਿਸ ਨੂੰ ਚੋਣਾਂ ਦੇ ਮੱਦੇਨਜ਼ਰ ਸਬ-ਡਵੀਜ਼ਨ ਦਾ ਦਰਜਾ ਦਿੱਤਾ ਗਿਆ ਹੈ। ਜਿਥੇ ਨਾ ਤਾਂ ਕੋਈ ਬੱਚਿਆਂ ਲਈ ਡਿਗਰੀ ਕਾਲਜ ਹੈ ਅਤੇ ਨਾ ਹੀ ਵਿੱਦਿਆ ਪ੍ਰਾਪਤ ਕਰਨ ਲਈ ਕੋਈ ਉੱਚ ਵਿੱਦਿਆ ਦਾ ਪ੍ਰਬੰਧ। ਬੱਚਿਆਂ ਨੂੰ ਉੱਚ ਵਿੱਦਿਆ ਪ੍ਰਾਪਤ ਕਰਨ ਲਈ ਬਟਾਲਾ ਜਾਂ ਅੰਮ੍ਰਿਤਸਰ ਦੇ ਕਾਲਜਾਂ ''ਚ ਦਾਖਲਾ ਲੈਣ ਲਈ ਜਾਣਾ ਪੈਂਦਾ ਹੈ।