ਤੇਲ ਤੇ ਗੈਸ ਉਤਪਾਦਨ ਨੂੰ ਲੈ ਕੇ ਜ਼ੇਲੇਂਸਕੀ ਦੀ ਕਤਰ ਤੇ ਹੋਰ ਦੇਸ਼ਾਂ ਨੂੰ ਵੱਡੀ ਅਪੀਲ

03/26/2022 5:54:00 PM

ਦੋਹਾ (ਏ. ਪੀ.) : ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਸ਼ਨੀਵਾਰ ਨੂੰ ਕਤਰ ਦੇ ਦੋਹਾ ਫੋਰਮ ’ਚ ਇਕ ਵੀਡੀਓ ਲਿੰਕ ਰਾਹੀਂ ਅਚਾਨਕ ਹਾਜ਼ਰ ਹੋਏ। ਉਨ੍ਹਾਂ ਨੇ ਤੇਲ ਅਤੇ ਗੈਸ ਨਾਲ ਭਰਪੂਰ ਦੇਸ਼ (ਕਤਰ) ਅਤੇ ਹੋਰਾਂ ਦੇਸ਼ਾਂ ਨੂੰ ਆਪਣਾ ਉਤਪਾਦਨ ਵਧਾਉਣ ਦੀ ਅਪੀਲ ਕੀਤੀ ਤਾਂ ਕਿ ਰੂਸੀ ਊਰਜਾ ਸਪਲਾਈ ’ਚ ਕਮੀ ਨੂੰ ਪੂਰਾ ਕੀਤਾ ਜਾ ਸਕੇ। ਜ਼ੇਲੇਂਸਕੀ ਨੇ ਸੰਯੁਕਤ ਰਾਸ਼ਟਰ ਅਤੇ ਦੁਨੀਆ ਦੇ ਸ਼ਕਤੀਸ਼ਾਲੀ ਦੇਸ਼ਾਂ ਨੂੰ ਉਨ੍ਹਾਂ ਦੀ ਮਦਦ ਲਈ ਅੱਗੇ ਆਉਣ ਦੀ ਅਪੀਲ ਕੀਤੀ। ਜਿਵੇਂ ਕਿ ਯੂਕ੍ਰੇਨ ਦੇ ਰਾਸ਼ਟਰਪਤੀ ਨੇ 24 ਫਰਵਰੀ ਨੂੰ ਯੁੱਧ ਦੀ ਸ਼ੁਰੂਆਤ ਹੋਣ ਤੋਂ ਬਾਅਦ ਦੁਨੀਆ ਭਰ ਦੇ ਦੇਸ਼ਾਂ ਨੂੰ ਸਿਲਸਿਲੇਵਾਰ ਤਰੀਕੇ ਨਾਲ ਆਪਣੇ ਸੰਬੋਧਨ ਵਿਚ ਅਪੀਲ ਕੀਤੀ। ਉਨ੍ਹਾਂ ਨੇ ਮਾਰੀਓਪੋਲ ਸ਼ਹਿਰ ’ਚ ਹੋਈ ਤਬਾਹੀ ਨੂੰ ਸੀਰੀਆਈ ਯੁੱਧ ਦੌਰਾਨ ਅਲੇਪੋ ਸ਼ਹਿਰ ’ਚ ਹੋਈ ਤਬਾਹੀ ਦੇ ਬਰਾਬਰ ਦੱਸਿਆ। ਯੂਕ੍ਰੇਨ ’ਚ ਕਣਕ ਦੇ ਨੁਕਸਾਨ ਨੇ ਮਿਸਰ ਵਰਗੇ ਪੱਛਮੀ ਏਸ਼ੀਆਈ ਦੇਸ਼ਾਂ ਨੂੰ ਚਿੰਤਤ ਕੀਤਾ ਹੈ, ਜੋ ਉਥੋਂ ਇਸ ਦੀ ਬਰਾਮਦ ’ਤੇ ਨਿਰਭਰ ਹਨ। ਜ਼ੇਲੇਂਸਕੀ ਨੇ ਵੱਖ-ਵੱਖ ਦੇਸ਼ਾਂ ਨੂੰ ਆਪਣੀ ਊਰਜਾ (ਤੇਲ ਅਤੇ ਗੈਸ) ਦੀ ਬਰਾਮਦ ਵਧਾਉਣ ਦੀ ਅਪੀਲ ਕੀਤੀ। ਉਨ੍ਹਾਂ ਦੀ ਇਹ ਅਪੀਲ ਇਸ ਲਈ ਵੀ ਮਾਇਨੇ ਰੱਖਦੀ ਹੈ ਕਿ ਕਤਰ ਕੁਦਰਤੀ ਗੈਸ ਨਿਰਯਾਤ ਦੇ ਮਾਮਲੇ ’ਚ ਦੁਨੀਆ ਦਾ ਇਕ ਪ੍ਰਮੁੱਖ ਦੇਸ਼ ਹੈ।

 ਇਹ ਵੀ ਪੜ੍ਹੋ : ਸ਼ਰਮਨਾਕ: ਪਾਕਿ ’ਚ ਵਿਆਹ ਦੌਰਾਨ ਪਾਪੜ ਵੈਂਡਰ ਦਾ ਕਤਲ, ਲਾਸ਼ ਕੋਲ ਦਾਅਵਤ ਖਾਂਦੇ ਰਹੇ ਮਹਿਮਾਨ

ਜ਼ੇਲੇਂਸਕੀ ਨੇ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਕਰਨ ਦੀ ਧਮਕੀ ਨੂੰ ਲੈ ਕੇ ਰੂਸ ਦੀ ਆਲੋਚਨਾ ਕਰਦਿਆਂ ਕਿਹਾ ਕਿ ਰੂਸ ਜਾਣਬੁੱਝ ਕੇ ਇਹ ਧਮਕੀ ਦੇ ਰਿਹਾ ਹੈ ਕਿ ਉਹ ਪ੍ਰਮਾਣੂ ਹਥਿਆਰਾਂ ਨਾਲ ਨਾ ਸਿਰਫ਼ ਇਕ ਦੇਸ਼ ਵਿੱਚ ਸਗੋਂ ਪੂਰੀ ਧਰਤੀ ਨੂੰ ਤਬਾਹ ਕਰ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਆਉਣ ਵਾਲੇ ਰਮਜ਼ਾਨ ਮਹੀਨੇ ’ਚ ਯੂਕ੍ਰੇਨ ’ਚ ਮੁਸਲਮਾਨਾਂ ਨੂੰ ਲੜਨਾ ਪਵੇਗਾ। ਇਸ ਦੌਰਾਨ ਕਤਰ ’ਚ ਸੱਤਾਧਾਰੀ ਅਮੀਰ ਨੇ ਪਿਛਲੇ 70 ਸਾਲਾਂ ’ਚ ਫਲਸਤੀਨੀ ਲੋਕਾਂ ਨਾਲ ਕੀਤੇ ਗਏ ਸਲੂਕ ਲਈ ਇਜ਼ਰਾਈਲ ਦੀ ਆਲੋਚਨਾ ਕਰਦਿਆਂ ਵਿਸ਼ਵ ’ਚ ਵਧ ਰਹੇ ਗਲੋਬਲ ਫੌਜੀਕਰਨ ਦੇ ਵਿਰੁੱਧ ਖੜ੍ਹੇ ਹੋਣ ਦੀ ਅਪੀਲ ਕੀਤੀ ਹੈ, ਜੋ ਯੂਕਰੇਨ ’ਚ ਰੂਸੀ ਹਮਲੇ ’ਚ ਆਪਣੇ ਸਿਖਰ ’ਤੇ ਹੈ। ਸ਼ੇਖ ਤਮੀਮ ਬਿਨ ਅਲ ਥਾਨੀ ਨੇ ਕਿਹਾ, ‘‘ਮੈਂ ਤੁਹਾਨੂੰ ਯਾਦ ਦਿਵਾਉਣਾ ਚਾਹਾਂਗਾ ਕਿ ਸੱਤ ਦਹਾਕਿਆਂ ਤੋਂ ਵੱਧ ਸਮੇਂ ਤੋਂ ਆਪਣੇ ਖੇਤਰ ’ਤੇ ਇਜ਼ਰਾਈਲ ਦੇ ਕਬਜ਼ੇ ਤੋਂ ਪੀੜਤ ਲੱਖਾਂ ਫਲਸਤੀਨੀਆਂ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਬਹੁਤ ਸਾਰੇ ਹੋਰ ਲੋਕ ਵੀ ਹਨ, ਜਿਵੇਂ ਕਿ ਸੀਰੀਆਈ ਅਤੇ ਅਫਗਾਨ, ਜਿਨ੍ਹਾਂ ਨੂੰ ਅੰਤਰਰਾਸ਼ਟਰੀ ਭਾਈਚਾਰਾ ਨਿਆਂ ਦਿਵਾਉਣ ’ਚ ਅਸਫਲ ਰਿਹਾ ਹੈ। ਇਸ ’ਤੇ ਇਜ਼ਰਾਈਲ ਵੱਲੋਂ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਗਈ। 


Manoj

Content Editor

Related News