ਪਾਕਿ 'ਚ ਜ਼ੈਨਬ ਬਲਾਤਕਾਰ ਤੇ ਹੱਤਿਆ ਮਾਮਲੇ ਦੇ ਦੋਸ਼ੀ ਨੂੰ ਹੋਈ ਫਾਂਸੀ

10/17/2018 11:09:15 AM

ਲਾਹੌਰ (ਬਿਊਰੋ)— ਪਾਕਿਸਤਾਨ ਵਿਚ 7 ਸਾਲਾ ਮਾਸੂਮ ਜ਼ੈਨਬ ਅੰਸਾਰੀ ਨਾਲ ਬਲਾਤਕਾਰ ਦੇ ਬਾਅਦ ਬੇਰਹਿਮੀ ਨਾਲ ਹੱਤਿਆ ਦੇ ਮਾਮਲੇ ਵਿਚ ਦੋਸ਼ੀ ਇਮਰਾਨ ਅਲੀ ਨੂੰ ਬੁੱਧਵਾਰ ਸਵੇਰੇ 5:30 ਵਜੇ ਫਾਂਸੀ ਦੇ ਦਿੱਤੀ ਗਈ। ਇਮਰਾਨ ਨੂੰ ਲਾਹੌਰ ਦੀ ਲਖਪਤ ਜੇਲ ਵਿਚ ਮਜਿਸਟ੍ਰੇਟ ਆਦਿਲ ਸਰਵਰ ਅਤੇ ਜ਼ੈਨਬ ਦੇ ਪਿਤਾ ਮੁਹੰਮਦ ਆਮੀਨ ਦੀ ਮੌਜੂਦਗੀ ਵਿਚ ਫਾਂਸੀ ਦਿੱਤੀ ਗਈ। ਪਾਕਿਸਤਾਨ ਵਿਚ ਮੁੰਹਮਦ ਨੇ ਇਮਰਾਨ ਨੂੰ ਸਾਰਿਆਂ ਸਾਹਮਣੇ ਫਾਂਸੀ ਦੇਣ ਦੀ ਮੰਗ ਕੀਤੀ ਸੀ ਪਰ ਸੁਪਰੀਮ ਕੋਰਟ ਨੇ ਇਸ ਮੰਗ ਨੂੰ ਖਾਰਿਜ਼ ਕਰ ਦਿੱਤਾ ਸੀ।

ਇਕ ਸਮਾਚਾਰ ਏਜੰਸੀ ਦੀ ਮੁਤਾਬਕ ਇਮਰਾਨ ਅਲੀ ਦੇ ਭਰਾ ਅਤੇ ਦੋ ਦੋਸਤਾਂ ਨਾਲ ਇੱਥੇ ਇਕ ਐਂਬੂਲੈਂਸ ਵੀ ਮੌਜੂਦ ਸੀ। ਇਮਰਾਨ ਨੂੰ ਫਾਂਸੀ 'ਤੇ ਚੜ੍ਹਾਉਣ ਤੋਂ ਪਹਿਲਾਂ ਮੰਗਲਵਾਰ ਨੂੰ ਜੇਲ ਪ੍ਰਸ਼ਾਸਨ ਨੇ ਅਲੀ ਅਤੇ ਉਸ ਦੇ ਪਰਿਵਾਰ ਦੀ 45 ਮਿੰਟ ਦੀ ਮੁਲਾਕਾਤ ਦੀ ਵਿਵਸਥਾ ਕਰਵਾਈ ਸੀ। ਅੰਸਾਰੀ ਨੇ ਪਰਿਵਾਰ ਨੂੰ ਤੇਜ਼ੀ ਨਾਲ ਇਨਸਾਫ ਮਿਲਣ 'ਤੇ ਨਿਆਂਪਾਲਿਕਾ ਦਾ ਸ਼ੁਕਰੀਆ ਅਦਾ ਕੀਤਾ। ਇਮਰਾਨ ਇਕ ਸੀਰੀਅਲ ਕਿੱਲਰ ਸੀ। ਜ਼ੈਨਬ ਤੋਂ ਪਹਿਲਾਂ ਉਸ ਨੇ 8 ਬੱਚਿਆਂ ਦੀ ਹੱਤਿਆ ਕੀਤੀ ਸੀ। ਗ੍ਰਿਫਤਾਰੀ ਦੇ ਬਾਅਦ ਉਸ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ ਸੀ। ਫਾਂਸੀ ਮਗਰੋਂ ਅਲੀ ਦੇ ਪਰਿਵਾਰ ਨੂੰ ਉਸ ਦੀ ਲਾਸ਼ ਕਸੂਰ ਲੈ ਜਾਣ ਲਈ ਸੌਂਪ ਦਿੱਤੀ ਗਈ। ਉਨ੍ਹਾਂ ਨਾਲ ਪੁਲਸ ਦੀ ਇਕ ਟੁਕੜੀ ਵੀ ਭੇਜੀ ਗਈ।

21 ਦੋਸ਼ਾਂ ਦੇ ਤਹਿਤ ਮਿਲੀ ਮੌਤ ਦੀ ਸਜ਼ਾ
ਗੌਰਤਲਬ ਹੈ ਕਿ ਇਸੇ ਸਾਲ ਫਰਵਰੀ ਵਿਚ ਇਮਰਾਨ ਅਲੀ ਨੂੰ ਅੱਤਵਾਦ ਵਿਰੋਧੀ ਅਦਾਲਤ (ਏ.ਟੀ.ਸੀ.) ਨੇ 21 ਦੋਸ਼ਾਂ ਦੇ ਤਹਿਤ ਮੌਤ ਦੀ ਸਜ਼ਾ ਸੁਣਾਈ ਸੀ। 23 ਦੋਸ਼ਾਂ ਵਿਚ ਉਸ ਨੂੰ ਉਮਰਕੈਦ ਦੀ ਸਜ਼ਾ ਹੋਈ ਸੀ। ਇਮਰਾਨ ਨੇ ਜ਼ੈਨਬ ਦਾ ਬਲਾਤਕਾਰ ਕਰ ਕੇ ਉਸ ਦੀ ਹੱਤਿਆ ਕਰ ਦਿੱਤੀ ਸੀ। 4 ਜਨਵਰੀ ਨੂੰ ਜ਼ੈਨਬ ਆਪਣੇ ਇਕ ਰਿਸ਼ਤੇਦਾਰ ਘਰੋਂ ਲਾਪਤਾ ਹੋ ਗਈ ਸੀ। 9 ਜਨਵਰੀ ਨੂੰ ਜ਼ੈਨਬ ਦੀ ਲਾਸ਼ ਪੰਜਾਬ ਸੂਬੇ ਦੇ ਕਸੂਰ ਵਿਚ ਕੂੜੇ ਦੇ ਢੇਰ ਵਿਚ ਮਿਲੀ ਸੀ। ਜ਼ੈਨਬ ਦੀ ਲਾਸ਼ ਮਿਲਣ ਦੇ ਬਾਅਦ ਪੋਸਟਮਾਰਟਮ ਰਿਪੋਰਟ ਵਿਚ ਇਸ ਗੱਲ ਦੀ ਪੁਸ਼ਟੀ ਹੋਈ ਸੀ ਕਿ ਉਸ ਨਾਲ ਬਲਾਤਕਾਰ ਕੀਤਾ ਗਿਆ ਸੀ। ਇਮਰਾਨ ਨੂੰ ਜ਼ੈਨਬ ਦੀ ਹੱਤਿਆ ਦੇ 2 ਹਫਤੇ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ। ਇਸ ਘਟਨਾ ਦੇ ਸਾਹਮਣੇ ਆਉਣ ਦੇ ਬਾਅਦ ਕਸੂਰ ਵਿਚ 'ਜਸਟਿਸ ਫੌਰ ਜ਼ੈਨਬ' ਨਾਮ ਦੀ ਇਕ ਰੈਲੀ ਕੀਤੀ ਗਈ। ਇਸ ਰੈਲੀ ਵਿਚ ਦੰਗਾ ਭੜਕਨ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਸੀ। ਇਸ ਮਗਰੋਂ ਪੂਰੇ ਪਾਕਿਸਤਾਨ ਵਿਚ ਕਸੂਰ ਸਮੇਤ ਪੂਰੇ ਦੇਸ਼ ਵਿਚ ਵੱਡੇ ਪੱਧਰ 'ਤੇ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਕੀਤੇ ਸਨ।