ਭਾਰਤੀ ਦੂਤਘਰ ਵਲੋਂ ਬ੍ਰਿਸਬੇਨ ''ਚ ਮਨਾਇਆ ਗਿਆ ''ਅੰਤਰਰਾਸ਼ਟਰੀ ਯੋਗਾ ਦਿਵਸ''

07/07/2019 8:13:14 AM

ਬ੍ਰਿਸਬੇਨ, (ਸਤਵਿੰਦਰ ਟੀਨੂੰ)— ਪਿਛਲੇ ਦਿਨੀਂ ਆਸਟ੍ਰੇਲੀਆ ਦੇ ਕੁਈਨਜ਼ਲੈਂਡ ਸੂਬੇ ਦੇ ਖੂਬਸੂਰਤ ਸ਼ਹਿਰ ਬ੍ਰਿਸਬੇਨ ਵਿਖੇ ਇੱਕ 'ਅੰਤਰਰਾਸ਼ਟਰੀ ਯੋਗਾ ਦਿਵਸ' ਦਾ ਆਯੋਜਿਤ ਕੀਤਾ ਗਿਆ ਹੈ । ਇਹ ਯੋਗਾ ਦਿਵਸ ਲੀਡਰਜ਼ ਇੰਸਟੀਚਿਊਟ, ਅਮੈਰਿਕਨ ਕਾਲਜ ਅਤੇ ਵਨ ਵਰਲਡ ਮਾਈਗ੍ਰੇਸ਼ਨ ਦੇ ਸਹਿਯੋਗ ਨਾਲ ਬੌਟੈਨੀਕਲ ਪਾਰਕ ਬ੍ਰਿਸਬੇਨ ਸਿਟੀ ਵਿਖੇ ਲਗਾਇਆ ਗਿਆ । ਇਸ ਸਮਾਗਮ ਵਿੱਚ ਮਾਣਯੋਗ ਸ਼੍ਰੀ ਅਜੇ ਗੋਂਡਾਨੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ । ਉਨ੍ਹਾਂ ਆਪਣੇ ਸੰਖੇਪ ਭਾਸ਼ਣ ਵਿੱਚ ਕਿਹਾ ਕਿ ਯੋਗਾ ਮਨੁੱਖੀ ਸਰੀਰ ਨੂੰ ਖੂਬਸੂਰਤ ਤੇ ਨਿਰੋਗ ਬਣਾਉਣ ਲਈ ਬਹੁਤ ਹੀ ਲਾਭਦਾਇਕ ਹੈ । 
ਉਨ੍ਹਾਂ 'ਜਗ ਬਾਣੀ' ਨਾਲ ਖਾਸ ਮਿਲਣੀ ਵਿੱਚ ਦੱਸਿਆ ਕਿ ਯੋਗਾ ਸਭ ਤੋਂ ਪਹਿਲਾਂ ਭਾਰਤ ਵਿਚ ਸ਼ੁਰੂ ਹੋਇਆ ਅਤੇ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਦੁਨੀਆ ਭਰ ਦੇ ਹਰ ਦੇਸ਼ ਵਿੱਚ ਮਨਾਇਆ ਜਾ ਰਿਹਾ ਹੈ । ਉਨ੍ਹਾਂ ਅੱਗੇ ਕਿਹਾ ਕਿ 'ਅੰਤਰਰਾਸ਼ਟਰੀ ਯੋਗਾ ਦਿਵਸ' ਆਸਟ੍ਰੇਲੀਆ 'ਚ ਮੈਲਬੌਰਨ, ਸਿਡਨੀ, ਪਰਥ,ਐਡੀਲੇਡ, ਗੋਲਡ ਕੋਸਟ ਆਦਿ ਸ਼ਹਿਰਾਂ ਵਿੱਚ ਵੀ ਆਯੋਜਿਤ ਕੀਤਾ ਗਿਆ। ਉਨ੍ਹਾਂ ਨੇ ਇਸ ਸਮਾਗਮ ਵਿੱਚ ਭਾਗ ਲੈਣ ਲਈ ਸਭ ਦਾ ਧੰਨਵਾਦ ਕੀਤਾ । ਇਸ ਸਮਾਗਮ 'ਚ ਹੋਰਨਾਂ ਤੋਂ ਇਲਾਵਾ ਸ਼੍ਰੀ ਬਰਨਾਰਡ ਮਲਿਕ ਡਾਇਰੈਕਟਰ ਅਮੈਰਿਕਨ ਕਾਲਜ, ਰੋਡ ਸੈਂਟ ਹਿੱਲ ਸੀ. ਈ. ਓ. ਲੀਡਰਜ਼ ਇੰਸਟੀਚਿਊਟ, ਦਮਨ ਮਲਿਕ ਵਨ ਵਰਲਡ ਮਾਈਗ੍ਰੇਸ਼ਨ, ਅਰਚਨਾ ਸਿੰਘ ਆਨਰੇਰੀ ਕੌਂਸਲਰ ਫਾਰ ਇੰਡੀਆ ਬ੍ਰਿਸਬੇਨ, ਪਿੰਕੀ ਸਿੰਘ ਲਿਬਰਲ ਨੈਸ਼ਨਲ ਪਾਰਟੀ ਆਸਟ੍ਰੇਲੀਆ, ਵਿਵਿਅਨ ਲੋਬੋ, ਡਾਕਟਰ ਹੈਰੀ, ਹਰਵਿੰਦਰ ਸਿੰਘ, ਹਨੀ ਸਿੰਘ ਆਦਿ ਹਾਜ਼ਰ ਸਨ ।