11ਸਾਲਾ ਲੜਕੀ ਨੇ ਦਿੱਤੀ ਮੌਤ ਨੂੰ ਮਾਤ, ਚਮਤਕਾਰੀ ਢੰਗ ਨਾਲ ਕੀਤੀ ਰਿਕਵਰੀ

03/20/2018 1:17:18 PM

ਸਿਡਨੀ (ਬਿਊਰੋ)— ਆਸਟ੍ਰੇਲੀਆ ਦੇ ਸ਼ਹਿਰ ਪਰਥ ਦੀ ਇਲੈਕਟ੍ਰਿਕ ਸਦਮੇ ਦੀ ਸ਼ਿਕਾਰ ਡੇਨੀਸ਼ਰ ਵੁੱਡਜ਼ ਨੇ ਡਾਕਟਰਾਂ ਨੂੰ ਗਲਤ ਸਾਬਤ ਕਰਦਿਆਂ ਚਮਤਕਾਰੀ ਢੰਗ ਨਾਲ ਰਿਕਵਰੀ ਕੀਤੀ ਹੈ। ਡਾਕਟਰਾਂ ਨੇ ਉਸ ਦੀ ਹਾਲਤ ਨੂੰ ਦੇਖ ਕੇ ਕਿਹਾ ਸੀ ਕਿ ਉਸ ਦੇ ਬਚਣ ਦੀ ਕੋਈ ਉਮੀਦ ਨਹੀਂ। ਉੱਧਰ ਹਾਦਸੇ ਦੇ ਦੋ ਹਫਤੇ ਬਾਅਦ ਹੁਣ ਡੇਨੀਸ਼ਰ ਹਸਪਤਾਲ ਦੇ ਬੈੱਡ ਤੋਂ ਇਕ ਵ੍ਹੀਲਚੇਅਰ 'ਤੇ ਆ ਗਈ ਹੈ। 


11 ਸਾਲਾ ਡੇਨੀਸ਼ਰ ਨੂੰ 3 ਮਾਰਚ ਨੂੰ ਬੈਲਡਨ ਦੇ ਪਰਥ ਉਪਨਗਰੀ ਇਲਾਕੇ ਵਿਚ ਆਪਣੇ ਘਰ ਦੇ ਬਗੀਚੇ ਦੇ ਨਲ ਤੋਂ 240 ਵਾਲਟ ਦਾ ਕਰੰਟ ਲੱਗਾ ਸੀ। ਉਸ ਦੀ ਗੰਭੀਰ ਸਥਿਤੀ ਨੂੰ ਦੇਖਦਿਆਂ ਉਸ ਨੂੰ ਤੁਰੰਤ ਪ੍ਰਿੰਸੈੱਸ ਮਾਰਗਰੇਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਉੱਥੇ ਉਸ ਦੇ ਦਿਮਾਗ ਦੀ ਸਕੈਨਿੰਗ ਕੀਤੀ ਗਈ। ਉਸ ਦੀ ਰਿਪੋਰਟ ਦੇਖ ਕੇ ਡਾਕਟਰਾਂ ਨੇ ਪਰਿਵਾਰ ਨੂੰ ਦੱਸਿਆ ਕਿ ਡੇਨੀਸ਼ਰ ਦੇ ਦਿਮਾਗ ਵਿਚ ਡੂੰਘੀਆਂ ਸੱਟਾਂ ਲੱਗੀਆਂ ਹਨ। ਜੇ ਉਹ ਬੱਚ ਵੀ ਜਾਂਦੀ ਹੈ ਤਾਂ ਸਧਾਰਨ ਸਥਿਤੀ ਵਿਚ ਨਹੀਂ ਜੀਏਗੀ। ਡੇਨੀਸ਼ਰ ਨੇ ਡਾਕਟਰਾਂ ਨੂੰ ਗਲਤ ਸਾਬਤ ਕੀਤਾ ਅਤੇ ਜਲਦੀ ਹੀ ਸਕਾਰਾਤਮਕ ਸੰਕੇਤ ਦੇਣੇ ਸ਼ੁਰੂ ਕਰ ਦਿੱਤੇ। 


ਬੀਤੇ ਹਫਤੇ ਡੇਨੀਸ਼ਰ ਨੂੰ ਲਾਈਫ ਸਪੌਰਟ 'ਤੇ ਰੱਖਿਆ ਗਿਆ ਸੀ ਅਤੇ ਸੋਮਵਾਰ ਨੂੰ ਉਸ ਨੂੰ ਆਈ. ਸੀ. ਯੂ. ਵਿਚੋਂ ਵੀ ਸ਼ਿਫਟ ਕਰ ਦਿੱਤਾ ਗਿਆ। ਹੁਣ ਉਹ ਆਪਣੇ ਆਪ ਸਾਹ ਲੈ ਰਹੀ ਹੈ। ਉਹ ਕੋਮਾ ਵਿਚੋਂ ਬਾਹਰ ਆ ਗਈ ਹੈ ਅਤੇ ਕਦੇ-ਕਦਾਈਂ ਆਪਣੀਆਂ ਅੱਖਾਂ ਖੋਲਦੀ ਹੈ। ਉਸ ਦੀ ਸਥਿਤੀ ਵਿਚ ਸੁਧਾਰ ਦੇਖਦੇ ਹੋਏ ਕੱਲ ਡੇਨੀਸ਼ਰ ਨੂੰ ਵਿਸ਼ੇਸ਼ ਤੌਰ 'ਤੇ ਤਿਆਰ ਕੀਤੀ ਗਈ ਵ੍ਹੀਲਚੇਅਰ 'ਤੇ ਬਿਠਾਇਆ ਗਿਆ। ਮਾਂ ਲੈਸੀ ਹੈਰੀਸਨ ਨੇ ਦੱਸਿਆ,''ਉਸ ਦੀ ਬੇਟੀ ਦੀ ਸਥਿਤੀ ਵਿਚ ਸੁਧਾਰ ਹੋ ਰਿਹਾ ਹੈ। ਬੀਤੀ ਰਾਤ ਉਹ ਪਹਿਲੀ ਵਾਰੀ ਰੋਈ।''


ਪੱਛਮੀ ਆਸਟ੍ਰੇਲੀਆ ਦੇ ਪਬਲਿਕ ਹਾਊਸਿੰਗ ਮੰਤਰੀ ਨੇ ਘਟਨਾ ਦੀ ਪੂਰੀ ਤਰ੍ਹਾਂ ਜਾਂਚ ਕਰਨ ਦਾ ਵਾਅਦਾ ਕੀਤਾ ਹੈ। ਉਨ੍ਹਾਂ ਮੁਤਾਬਕ ਇਸ ਜਾਂਚ ਵਿਚ ਸਮਾਂ ਲੱਗ ਸਕਦਾ ਹੈ ਪਰ ਹੈਰੀਸਨ ਚਾਹੁੰਦੀ ਹੈ ਕਿ ਜਾਂਚ ਦਾ ਕੰਮ ਤੇਜ਼ੀ ਨਾਲ ਕੀਤਾ ਜਾਵੇ ਤਾਂ ਜੋ ਉਸ ਦੇ ਪਰਿਵਾਰ ਦਾ ਕੋਈ ਹੋਰ ਮੈਂਬਰ ਇਸ ਤਰ੍ਹਾਂ ਦੇ ਹਾਦਸੇ ਦਾ ਸ਼ਿਕਾਰ ਨਾ ਹੋਵੇ। ਉੱਧਰ ਡੇਨੀਸ਼ਰ ਹੌਲੀ-ਹੌਲੀ ਪਰ ਸਥਿਰ ਰਿਕਵਰੀ ਕਰ ਰਹੀ ਹੈ। ਪੂਰੀ ਤਰ੍ਹਾਂ ਠੀਕ ਹੋਣ ਲਈ ਡੇਨੀਸ਼ਰ ਨੂੰ 6 ਮਹੀਨੇ ਹੋਰ ਹਸਪਤਾਲ ਵਿਚ ਰਹਿਣਾ ਪਵੇਗਾ।