ਲੇਖਕ ਦੀ ਗਲਤ ਸਾਬਤ ਹੋਈ ਬ੍ਰਿਟੇਨ ਚੋਣ ਨਤੀਜਿਆਂ ਦੀ ਭਵਿੱਖਬਾਣੀ, ਆਪਣੀ ਗੱਲ ''ਤੇ ਖਰਾ ਉਤਰਿਆ ਤੇ...

06/11/2017 7:07:34 PM

ਲੰਡਨ— ਬ੍ਰਿਟੇਨ ਦਾ ਇਕ ਲੇਖਕ ਸਿੱਧੇ ਪ੍ਰਸਾਰਿਤ ਹੋ ਰਹੇ ਟੀ. ਵੀ. ਸ਼ੋਅ ਦੌਰਾਨ ਆਪਣੀ ਕਿਤਾਬ ਖਾ ਗਿਆ, ਕਿਉਂਕਿ ਉਸ ਨੇ ਲੰਡਨ 'ਚ ਹੋਈਆਂ ਸੰਸਦੀ ਚੋਣਾਂ 'ਚ ਜੋ ਭਵਿੱਖਬਾਣੀ ਕੀਤੀ ਸੀ, ਉਹ ਗਲਤ ਸਾਬਤ ਹੋ ਗਈ। ਲੇਖਕ ਨੇ ਸੰਸਦੀ ਚੋਣਾਂ 'ਚ ਲੇਬਰ ਪਾਰਟੀ ਦੇ 38 ਫੀਸਦੀ ਤੋਂ ਘੱਟ ਵੋਟਾਂ ਹਾਸਲ ਕਰਨ ਦੀ ਭਵਿੱਖਬਾਣੀ ਕੀਤੀ ਸੀ ਪਰ ਉਸ ਦੀ ਇਹ ਭਵਿੱਖਬਾਣੀ ਗਲਤ ਸਾਬਤ ਹੋ ਗਈ। 
ਯੂਨੀਵਰਸਿਟੀ ਆਫ ਕੈਂਟ ਦੇ ਪ੍ਰੋਫੈਸਰ ਮੈਥਿਊ ਗੁਡਵਿਨ (35) ਜੋ ਕਿ 'ਬ੍ਰੈਗਜ਼ਿਟ ਵਾਈ ਬ੍ਰਿਟੇਨ ਵੋਟੇਡ ਟੂ ਲੀਵ ਯੂਰਪੀ ਸੰਘ' ਦੇ ਸਹਿ-ਲੇਖਕ ਹਨ। ਇਸ ਲੇਖਕ ਨੇ ਪਿਛਲੇ ਮਹੀਨੇ ਟਵੀਟ ਕੀਤਾ ਸੀ ਕਿ ਉਨ੍ਹਾਂ ਨੇ ਇਹ ਨਹੀਂ ਸੋਚਿਆ ਸੀ ਕਿ ਜੇਰੇਮੀ ਕਾਰਬੀਨ ਦੀ ਲੇਬਰ ਪਾਰਟੀ ਨੂੰ 8 ਜੂਨ ਨੂੰ ਹੋਈਆਂ ਚੋਣਾਂ ਵਿਚ 38 ਫੀਸਦੀ ਵੋਟਾਂ ਮਿਲਣਗੀਆਂ। ਫਿਲਹਾਲ ਚੋਣਾਂ 'ਚ ਲੇਬਰ ਪਾਰਟੀ ਨੂੰ 40.3 ਫੀਸਦੀ ਵੋਟਾਂ ਹਾਸਲ ਹੋਈਆਂ। ਆਪਣੇ ਟਵੀਟ 'ਚ ਗੁਡਵਿਨ ਨੇ ਕਿਹਾ ਸੀ, ''ਮੈਂ ਇਹ ਉੱਚੇ ਸੂਰ ਵਿਚ ਕਹਿ ਰਿਹਾ ਹਾਂ। ਮੈਨੂੰ ਨਹੀਂ ਲੱਗਦਾ ਕਿ ਲੇਬਰ ਪਾਰਟੀ ਨੂੰ 38 ਫੀਸਦੀ ਵੋਟਾਂ ਮਿਲਣਗੀਆਂ। ਜੇਕਰ ਉਨ੍ਹਾਂ ਨੂੰ ਇੰਨੀਆਂ ਵੋਟ ਮਿਲ ਗਈਆਂ ਤਾਂ ਮੈਂ ਆਪਣੀ ਨਵੀਂ ਕਿਤਾਬ ਖੁਸ਼ੀ-ਖੁਸ਼ੀ ਖਾ ਜਾਵਾਂਗਾ।''
ਨਤੀਜੇ ਆਉਣ ਤੋਂ ਬਾਅਦ ਗੁਡਵਿਨ 'ਤੇ ਲੇਬਰ ਪਾਰਟੀ ਦੇ ਸਮਰਥਕਾਂ ਨੇ ਨਿਸ਼ਾਨਾ ਵੰਨ੍ਹਿਆ ਅਤੇ ਕਿਹਾ ਕਿ ਕੀ ਹੋਇਆ ਤੁਹਾਡੀ ਭਵਿੱਖਬਾਣੀ ਦਾ। ਗੁਡਵਿਨ ਕੱਲ ਭਾਵ ਸ਼ਨੀਵਾਰ ਨੂੰ ਇਕ ਨਿਊਜ਼ ਚੈਲਨ ਦੇ ਸ਼ੋਅ 'ਚ ਸ਼ਾਮਲ ਹੋਏ ਅਤੇ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਉਹ ਆਪਣੀ ਗੱਲ 'ਤੇ ਖਰਾ ਉਤਰਨਗੇ। ਇਸ ਸਵਾਲ ਤੋਂ ਤੁਰੰਤ ਬਾਅਦ ਗੁਡਵਿਨ ਨੇ ਆਪਣੀ ਕਿਤਾਬ ਦੇ ਪੰਨੇ ਫਾੜੇ ਅਤੇ ਖਾ ਗਏ। ਬਾਅਦ 'ਚ ਨਿਊਜ਼ ਚੈਨਲ ਦੇ ਇਕ ਪ੍ਰੋਡਿਊਸਰ ਨੇ ਟਵੀਟ ਕੀਤਾ ਕਿ ਗੁਡਵਿਨ ਨੇ ਕਿਤਾਬ ਦੇ ਪੰਨਿਆਂ ਨੂੰ ਚਬਾਇਆ ਪਰ ਨਿਗਲਿਆ ਨਹੀਂ।