ਦੂਜੀ ਵਿਸ਼ਵ ਜੰਗ ਦੇ ਮਿਲੇ ਬੰਬ ਨੇ ਜਰਮਨ ਪੁਲਸ ਨੂੰ ਪਾਈਆਂ ਭਾਜੜਾਂ, ਦੋ ਸ਼ਹਿਰ ਕਰਵਾਏ ਖਾਲੀ

09/04/2017 5:13:52 PM

ਬਰਲਿਨ— ਜਰਮਨੀ ਦੇ ਸ਼ਹਿਰ ਫ੍ਰੈਂਕਫਰਟ 'ਚ ਬੰਬ ਰੋਕੂ ਮਾਹਰਾਂ ਨੇ ਦੂਜੀ ਵਿਸ਼ਵ ਜੰਗ ਦੇ ਬਹੁਤ ਵੱਡੇ ਬਿਨ ਫਟੇ ਬੰਬ ਨੂੰ ਸਫਲਤਾਪੂਰਵਕ ਡਿਫਿਊਜ਼ ਕਰ ਦਿੱਤਾ ਹੈ। ਰਿਪੋਰਟ ਮੁਤਾਬਕ ਇਸ ਖਬਰ ਨੇ ਉਨ੍ਹਾਂ 65000 ਲੋਕਾਂ ਨੂੰ ਰਾਹਤ ਦਿੱਤੀ ਹੈ ਜਿਨ੍ਹਾਂ ਨੇ ਮਾਹਰਾਂ ਨੇ ਬੰਬ ਨੂੰ ਡਿਫਿਊਜ਼ ਕਰਨ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਆਪਣੇ ਘਰਾਂ ਨੂੰ ਛੱਡ ਦਿਤਾ। ਜਰਮਨੀ 'ਚ ਦੂਜੀ ਵਿਸ਼ਵ ਜੰਗ ਦੇ ਦੋ ਬੰਬਾਂ ਨੂੰ ਡਿਫਿਊਜ਼ ਕਰਨ ਲਈ ਦੋ ਸ਼ਹਿਰਾਂ ਦੇ ਤਕਰੀਬਨ 80000 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜਿਆ ਗਿਆ। ਇਸ ਦੇਸ਼ ਦੀ ਉਦਯੋਗਿਕ ਰਾਜਧਾਨੀ ਫ੍ਰੈਂਕਫਰਟ 'ਚ ਇਕ ਇਮਾਰਤ ਨੇੜੇ ਪਿਛਲੇ ਹਫਤੇ ਮਿਲੇ 1600 ਕਿਲੋ ਦੇ ਬ੍ਰਿਟਿਸ਼ ਬੰਬ ਨੂੰ ਡਿਫਿਊਜ਼ ਕੀਤਾ ਗਿਆ। ਨਾਲ ਹੀ ਕੋਬਲੇਂਜ 'ਚ ਪਾਏ ਗਏ 500 ਕਿਲੋ ਭਾਰੇ ਬੰਬ ਨੂੰ ਵੀ ਸਫਲਤਾਪੂਰਵਕ ਡਿਫਿਊਜ਼ ਕਰ ਦਿੱਤਾ ਗਿਆ। ਫ੍ਰੈਂਕਫਰਟ 'ਚ ਵੈਸਟਲੈਂਡ ਉਪਨਗਰ 'ਚ ਬੈਂਕ ਮੁਲਾਜ਼ਮਾਂ ਦੇ ਘਰਾਂ ਨੇੜੇ ਇਹ ਸ਼ਕਤੀਸ਼ਾਲੀ ਬੰਬ ਮਿਲਿਆ ਸੀ। ਇਸ ਖੇਤਰ 'ਚ ਦੇਸ਼ ਦਾ ਕੇਂਦਰੀ ਬੈਂਕ ਹੈ, ਜਿਸ 'ਚ 70 ਅਰਬ ਡਾਲਰ ਦਾ ਸੋਨਾ ਰੱਖਿਆ ਹੋਇਆ ਹੈ। ਬੰਬ ਮਿਲਣ ਤੋਂ ਬਾਅਦ ਲਗਭਗ 80000 ਲੋਕਾਂ ਨੂੰ ਆਪਣਾ ਘਰ ਛੱਡਣ ਲਈ ਮਜਬੂਰ ਹੋਣਾ ਪਿਆ। ਕਈ ਨਾਗਰਿਕ ਹੁਣ ਆਪਣੇ ਘਰਾਂ ਨੂੰ ਪਰਤਣ ਦੀ ਉਡੀਕ ਕਰ ਰਹੇ ਹਨ। ਲੋਕਾਂ ਨੂੰ ਐਤਵਾਰ ਸਵੇਰੇ ਇਥੋਂ ਨਿਕਲ ਕੇ ਸੁਰੱਖਿਅਤ ਥਾਵਾਂ 'ਤੇ ਲਿਜਾਣ ਦੀ ਕਾਰਵਾਈ ਜੰਗ ਤੋਂ ਬਾਅਦ ਜਰਮਨੀ ਦੇ ਇਤਿਹਾਸ ਦੀ ਸਭ ਤੋਂ ਵੱਡੀ ਨਿਕਾਸੀ ਪ੍ਰਕਿਰਿਆ ਸੀ, ਜਿਸ 'ਚ ਸੈਂਕੜੇ ਅਧਿਕਾਰੀ ਸ਼ਾਮਲ ਸਨ। ਪੁਲਸ ਨੇ ਹਰ ਨਿਸ਼ਾਨ ਲੱਗੇ ਘਰ ਦੀ ਹੀਟ-ਡਿਟੈਕਸ਼ਨ ਤਕਨੀਕ ਨਾਲ ਜਾਂਚ ਕੀਤੀ ਤਾਂ ਜੋ ਇਹ ਯਕੀਨੀ ਹੋ ਸਕੇ ਕਿ ਹਰ ਵਿਅਕਤੀ ਘਰ ਦੇ ਬਾਹਰ ਹੈ। ਵੇਸਟੇਂਡ ਜ਼ਿਲੇ ਦੇ ਇਸ ਇਲਾਕੇ 'ਚ ਜਰਮਨੀ ਦਾ ਸੈਂਟਰਲ ਬੈਂਕ, ਪੁਲਸ ਥਾਣੇ, ਹੇਸੀ ਰੇਡੀਓ ਅਤੇ ਟੀ.ਵੀ. ਪ੍ਰਸਾਰਣ ਦਾ ਦਫਤਰ, ਪਾਮੇਨਗਾਰਟੇਨ ਵਨਸਪਤੀ, ਦੋ ਹਸਪਤਾਲ ਅਤੇ 20 ਆਸ਼ਰਮ ਹਨ।