ਤਮਾਕੂ ਰੋਕਥਾਮ ਦਿਹਾੜਾ : ਇਟਲੀ 'ਚ 6 ਲੱਖ 30 ਹਜ਼ਾਰ ਲੋਕਾਂ ਨੇ ਛੱਡੀ ਸਿਗਰਟਨੋਸ਼ੀ

05/31/2020 9:08:23 AM

ਰੋਮ, (ਦਲਵੀਰ ਕੈਂਥ)- ਕੋਵਿਡ-19 ਤੋਂ ਬਚਣ ਲਈ ਹਰ ਦੇਸ਼ ਅੱਡੀਆਂ ਚੁੱਕ ਕੇ ਜ਼ੋਰ ਲਗਾ ਰਿਹਾ ਹੈ ਤਾਂ ਕਿ ਦੇਸ਼ ਦੇ ਨਾਗਰਿਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਇਆ ਜਾ ਸਕੇ ਪਰ ਕੋਵਿਡ-19 ਤੋਂ ਇਲਾਵਾ ਵੀ ਦੁਨੀਆ ਵਿੱਚ ਅਜਿਹੀਆਂ ਕਈ ਬੀਮਾਰੀਆਂ ਹਨ, ਜਿਹੜੀਆਂ ਕਿ ਮੁਨੱਖੀ ਜ਼ਿੰਦਗੀ ਨੂੰ ਹੌਲੀ-ਹੌਲੀ ਅੰਦਰੋਂ-ਅੰਦਰੀ ਘੁਣ ਵਾਂਗ ਖੋਖਲਾ ਕਰ ਰਹੀਆਂ ਹਨ। ਉਨ੍ਹਾਂ ਵਿੱਚ ਹੀ ਇੱਕ ਹੈ ਤਮਾਕੂ ਦਾ ਸੇਵਨ, ਜਿਹੜਾ ਕਿ ਆਪਣੇ ਪ੍ਰੇਮੀਆਂ ਨੂੰ ਪਿਆਰ ਦੇ ਬਦਲੇ ਕੈਂਸਰ ਵਰਗੀ ਨਾਮੁਰਾਦ ਬੀਮਾਰੀ ਦਿੰਦਾ ਹੈ । ਇਹ ਕੈਂਸਰ ਗਲੇ , ਮੂੰਹ  ਜਾਂ ਫੇਫੜਿਆਂ ਦਾ ਵਧੇਰੇ ਹੁੰਦਾ ਹੈ।

ਤਮਾਕੂ ਦਾ ਸੇਵਨ ਕਰਨ ਵਾਲੇ ਵਿਅਕਤੀ ਨੂੰ ਇਸ ਗੱਲ ਦੀ ਚੰਗੀ ਤਰ੍ਹਾਂ ਜਾਣਕਾਰੀ ਹੁੰਦੀ ਹੈ ਕਿ ਤਮਾਕੂ ਖਾਣ ਨਾਲ ਕੈਂਸਰ ਹੁੰਦਾ ਹੈ ਪਰ ਇਸ ਦੇ ਬਾਵਜੂਦ ਲੋਕ ਤਮਾਕੂ ਦੇ ਸੇਵਨ ਤੋਂ ਸੰਕੋਚ ਨਹੀਂ ਕਰਦੇ। ਵਿਸ਼ਵ ਸਿਹਤ ਸੰਗਠਨ ਅਨੁਸਾਰ ਦੁਨੀਆ ਭਰ ਵਿੱਚ 1 ਅਰਬ ਤੋਂ ਵੱਧ ਲੋਕ ਤਮਾਕੂ ਦਾ ਸੇਵਨ ਵੱਖ-ਵੱਖ ਢੰਗ ਤਰੀਕਿਆਂ ਨਾਲ ਕਰਦੇ ਹਨ, ਜਿਹੜਾ ਕਿ ਦੁਨੀਆ ਦੀ ਆਬਾਦੀ ਦਾ ਕਰੀਬ 20 ਫੀਸਦੀ ਹਿੱਸਾ ਮੰਨਿਆ ਜਾਂਦਾ ਹੈ। ਦੁਨੀਆ ਭਰ ਵਿੱਚ 800 ਮਿਲੀਅਨ ਮਰਦ ਤੇ 200 ਮਿਲੀਅਨ ਔਰਤਾਂ ਤਮਾਕੂ ਦਾ ਸੇਵਨ ਕਰਦੀਆਂ ਹਨ ਪਰ ਦੁੱਖ ਦੀ ਗੱਲ ਇਹ ਹੈ ਕਿ ਤਮਾਕੂ ਸੇਵਨ ਵਿੱਚ ਬੱਚਿਆਂ ਦਾ ਰੁਝਾਨ ਵੀ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ ਜਿਹੜਾ ਕਿ ਸਮੁੱਚੀ ਮਾਨਵਤਾ ਲਈ ਵਿਚਾਰਨਯੋਗ ਤੇ ਗੰਭੀਰ ਮੁੱਦਾ ਹੈ। ਦੁਨੀਆ ਭਰ ਵਿੱਚ ਹਰ ਰੋਜ਼ 1300 ਲੋਕ ਤਮਾਕੂ ਕਾਰਨ ਜਾਨ ਤੋਂ ਹੱਥ ਧੋ ਰਹੇ ਹਨ। ਇੱਕ ਸਰਵੇ ਮੁਤਾਬਕ ਹਰ ਰੋਜ਼ ਦੁਨੀਆ ਭਰ ਵਿੱਚ 80 ਤੋਂ 99 ਹਜ਼ਾਰ ਦੇ ਕਰੀਬ ਨਾਬਾਲਗ ਬੱਚੇ (ਜਿਨ੍ਹਾਂ ਵਿੱਚ ਵਿਦਿਆਰਥੀ ਵੀ ਸ਼ਾਮਲ ਹਨ) ਤਮਾਕੂ ਸੇਵਨ ਸ਼ੁਰੂ ਕਰ ਰਹੇ ਹਨ।

ਤਾਲਾਬੰਦੀ ਦੌਰਾਨ 6 ਲੱਖ ਤੋਂ ਵੱਧ ਲੋਕਾਂ ਨੇ ਛੱਡੀ ਸਿਗਰਟਨੋਸ਼ੀ-
ਇਟਲੀ ਵਿੱਚ 25 ਸਾਲ ਤੋਂ 44 ਸਾਲ ਤੱਕ 11.6 ਮਿਲੀਅਨ ਮਰਦ ਅਤੇ ਔਰਤਾਂ ਸਿਗਰਟਾਂ ਪੀਣ ਦੇ ਸ਼ੌਕੀਨ ਸੀ ਪਰ ਬੀਤੇ ਦਿਨੀਂ ਕੋਵਿਡ-19 ਕਾਰਨ ਹੋਈ 60 ਦਿਨ ਦੀ ਤਾਲਾਬੰਦੀ ਕਾਰਨ ਕਰੀਬ 6 ਲੱਖ 30 ਹਜ਼ਾਰ ਲੋਕਾਂ ਨੇ ਸਿਗਰਟ ਪੀਣ ਦੀ ਆਦਤ ਨੂੰ ਤਿਆਗ ਦਿੱਤਾ ਹੈ ਜਿਹੜਾ ਕਿ ਇੱਕ ਬਹੁਤ ਹੀ ਚੰਗਾ ਉਪਰਾਲਾ ਮੰਨਿਆ ਜਾ ਰਿਹਾ ਹੈ ਪਰ ਤਾਲਾਬੰਦੀ ਕਾਰਨ ਲੋਕਾਂ ਦਾ ਭਾਰ ਜ਼ਰੂਰ ਪਹਿਲਾਂ ਨਾਲੋਂ ਵਧੀਆ ਹੈ। ਇਟਲੀ ਵਿੱਚ ਈ-ਸਿਗਰਟ ਪੀਣ ਲਈ ਲੋਕਾਂ ਦਾ ਰੁਝਾਨ ਵਧਿਆ ਹੈ। ਸਿਗਰਟ ਸ਼ੌਕੀਨ ਲੋਕ ਦੂਜਿਆਂ ਲਈ ਵੀ ਮੌਤ ਦਾ ਕਾਰਨ ਬਣ ਰਹੇ ਹਨ ਕਿਉਂਕਿ ਦੂਸ਼ਿਤ ਹਵਾ ਵਿੱਚ ਸਾਹ ਲੈਣ ਨਾਲ ਉਨ੍ਹਾਂ ਲੋਕਾਂ ਨੂੰ ਵੀ ਗੰਭੀਰ ਬੀਮਾਰੀਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ, ਜਿਨ੍ਹਾਂ ਨੇ ਕਦੇ ਤਮਾਕੂ ਦਾ ਸੇਵਨ ਹੀ ਨਹੀਂ ਕੀਤਾ।

ਇਹ ਬੱਚੇ ਜ਼ਿਆਦਾਤਰ ਉਨ੍ਹਾਂ ਦੇਸ਼ਾਂ ਨਾਲ ਸੰਬਧ ਰੱਖਦੇ ਹਨ ਜਿਹੜੇ ਕਿ ਮਿਡਲ ਕਲਾਸ ਜਾਂ ਘੱਟ ਆਮਦਨ ਵਾਲੇ ਦੇਸ਼ ਹਨ। ਵਿਸ਼ਵ ਸਿਹਤ ਸੰਗਠਨ ਵੱਲੋਂ ਹਰ ਸਾਲ 31 ਮਈ ਨੂੰ ਵਿਸ਼ਵ ਤਮਾਕੂ ਰੋਕੂ ਦਿਵਸ ਮਨਾਇਆ ਜਾਂਦਾ ਹੈ। ਇਸ ਵਾਰ ਵਿਸ਼ਵ ਸਿਹਤ ਸੰਗਠਨ ਵੱਲੋਂ 13 ਤੋਂ 17 ਸਾਲ ਦੇ ਵਿਦਿਆਰਥੀਆਂ ਨੂੰ ਤਮਾਕੂ ਪ੍ਰਤੀ ਜਾਗਰੂਕ ਕਰਨ ਲਈ ਵਿਸ਼ੇਸ਼ ਜਾਗਰੂਕ ਕਿੱਟ ਲਾਂਚ ਕੀਤੀ ਜਾ ਰਹੀ ਹੈ। ਵਿਸ਼ਵ ਸਿਹਤ ਸੰਗਠਨ ਬਹੁਤ ਹੀ ਸੰਜੀਦਾ ਢੰਗ ਨਾਲ ਤਮਾਕੂ ਦੇ ਸੇਵਨ ਨੂੰ ਰੋਕਣ ਲਈ ਤਾਣਾ-ਬਾਣਾ ਬੁਣ ਰਹੀ ਹੈ ਜਿਸ ਦੀ ਸਭ ਨੂੰ ਭਰਪੂਰ ਹਮਾਇਤ ਕਰਨੀ ਚਾਹੀਦੀ ਹੈ ।

ਅੱਜ ਦੁਨੀਆ ਭਰ ਵਿਚ ਕੋਵਿਡ-19 ਨੇ ਉਨ੍ਹਾਂ ਲੋਕਾਂ ਨੂੰ ਵੀ ਵਧੇਰੇ ਪ੍ਰਭਾਵਿਤ ਕੀਤਾ ਜਿਹੜੇ ਕਿ ਤਮਾਕੂ ਸੇਵਨ ਕਾਰਨ ਪਹਿਲਾਂ ਹੀ ਕਿਸੇ ਨਾ ਕਿਸੇ ਬੀਮਾਰੀ ਨਾਲ ਲੜ ਰਹੇ ਹਨ। ਜੇਕਰ ਇਹ ਲੋਕ ਤਮਾਕੂ ਸੇਵਨ ਦੇ ਸ਼ੌਕੀਨ ਨਾ ਹੁੰਦੇ ਤਾਂ ਇਨ੍ਹਾਂ ਦੇ ਕੋਵਿਡ-19 ਤੋਂ ਪ੍ਰਭਾਵਿਤ ਹੋਣ ਦੀ ਬਹੁਤ ਘੱਟ ਆਸ ਪ੍ਰਗਟਾਈ ਜਾ ਰਹੀ ਹੈ ਕਿਉਂਕਿ ਤਮਾਕੂ ਨੇ ਸੰਬਧਤ ਮਰੀਜ਼ਾਂ ਦੀ ਅੰਦਰੂਨੀ ਸ਼ਕਤੀ ਨੂੰ ਵੱਡੇ ਪਧੱਰ ਤੇ ਖੋਰਾ ਲਾਇਆ ਹੈ। ਜਿਹੜੇ ਦੇਸ਼ਾਂ ਵਿੱਚ ਸਿੱਖਿਆ ਪ੍ਰਣਾਲੀ ਦਾ ਜ਼ਿਆਦਾ ਪ੍ਰਸਾਰ ਹੇਠਲੇ ਪੱਧਰ ਤੱਕ ਨਹੀਂ, ਉੱਥੋਂ ਦੇ ਵਸਨੀਕਾਂ ਦਾ ਤਮਾਕੂ ਸੇਵਨ ਕਰਨਾ ਕਿਸੇ ਹੱਦ ਤੱਕ ਜਾਇਜ਼ ਮੰਨਿਆ ਜਾ ਸਕਦਾ ਹੈ ਪਰ ਤਮਾਕੂ ਸੇਵਨ ਵਿੱਚ ਯੂਰਪੀਅਨ ਦੇਸ਼ ਵੀ ਪਿੱਛੇ ਨਹੀਂ ਹਨ। ਇੱਕ ਸਰਵੇ ਅਨੁਸਾਰ ਇੱਕ 15 ਸਾਲ ਦਾ ਨਾਬਾਲਿਗ ਯੂਰਪੀਅਨ ਨੌਜਵਾਨ ਹਰ ਰੋਜ 20 ਸਿਗਰਟਾਂ ਪੀ ਲੈਂਦਾ ਹੈ । 

Lalita Mam

This news is Content Editor Lalita Mam