World Hypertension Day : ‘ਦੇਸ਼ ਦੇ ਨਾਗਰਿਕਾਂ ’ਚ ਜਾਗਰੂਕਤਾ ਫੈਲਾਉਣ ਦਾ ਇਕ ਸਾਧਨ’

05/17/2020 12:02:37 PM

ਸੰਨ 2005 ਵਿਚ 17 ਮਈ ਨੂੰ ਪਹਿਲੀ ਵਾਰ 'ਵਿਸ਼ਵ ਹਾਈਪਰਟੈਨਸ਼ਨ ਡੇ' ਮਨਾਇਆ ਗਿਆ ਅਤੇ ਉਸ ਤੋਂ ਬਾਅਦ ਹਰ ਸਾਲ ਵਿਸ਼ਵ ਹਾਈਪਰਟੈਨਸ਼ਨ ਲੀਗ ਦੀ ਅਗਵਾਈ ਵਿਚ ਇਹ ਦਿਨ ਵਿਸ਼ਵ ਪੱਧਰ ’ਤੇ ਮਨਾਇਆ ਜਾਣ ਲੱਗਾ। ਇਸ ਦਿਨ ਨੂੰ ਮਨਾਉਣ ਦਾ ਮੁੱਖ ਉਦੇਸ਼ ਸਾਰੇ ਦੇਸ਼ਾਂ ਦੇ ਨਾਗਰਿਕਾਂ ਵਿਚ ਹਾਈਪਰਟੈਨਸ਼ਨ ਦੀ ਜਾਗਰੂਕਤਾ ਫੈਲਾਉਣਾ ਅਤੇ ਇਸ ਸਾਈਲੈਂਟ ਕਿਲਰ ਰੂਪੀ ਆਧੁਨਿਕ ਮਹਾਮਾਰੀ ਤੋਂ ਲੋਕਾਂ ਨੂੰ ਬਚਾਉਣਾ ਹੈ।

ਪਿਛਲੇ ਕੁਝ ਸਾਲਾਂ ਤੋਂ ਵੈਸ਼ਵਿਕ ਪੱਧਰ ’ਤੇ ਹਾਈਪਰਟੈਨਸ਼ਨ ਦੀ ਬੀਮਾਰੀ ਬਹੁਤ ਵੱਧ ਗਈ ਹੈ। ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਵਿਸ਼ਵ ਭਰ ਵਿਚ ਕਰੀਬ 1.13 ਬਿਲੀਅਨ ਲੋਕ ਹਾਈਪਰਟੈਨਸ਼ਨ ਨਾਲ ਪੀੜਤ ਹਨ। ਉਨ੍ਹਾਂ ਵਿਚੋਂ ਦੋ ਤਿਹਾਈ ਲੋਕ ਘੱਟ ਅਤੇ ਮੱਧਮ ਆਮਦਨ ਵਾਲੇ ਦੇਸ਼ਾਂ ਵਿਚ ਰਹਿੰਦੇ ਹਨ। ਸੰਨ 2015 ਵਿਚ ਕੀਤੇ ਗਏ ਸਰਵੇ ਮੁਤਾਬਕ ਹਰ ਚਾਰ ਵਿਚੋਂ ਇਕ ਆਦਮੀ ਅਤੇ ਹਰ 5 ਵਿਚੋਂ ਇਕ ਔਰਤ ਹਾਈਪਰਟੈਨਸ਼ਨ ਦੀ ਸ਼ਿਕਾਰ ਸੀ। ਹਾਈਪਰਟੈਨਸ਼ਨ ਵਿਸ਼ਵ ਪੱਧਰ ’ਤੇ ਹੋਣ ਵਾਲੀਆਂ ਅਚਨਚੇਤ ਮੌਤਾਂ ਤਾਂ ਦਾ ਮੁੱਖ ਕਾਰਣ ਹੈ।

ਹਾਈਪਰਟੈਨਸ਼ਨ ਕੀ ਹੈ? 
ਹਾਈਪਰਟੈਨਸ਼ਨ ਨੂੰ ਹਾਈ ਬਲੱਡ ਪ੍ਰੈਸ਼ਰ ਵੀ ਕਹਿੰਦੇ ਹਨ। ਜਦੋਂ ਧਮਣੀਆਂ ਵਿਚ ਖੂਨ ਦਾ ਦਬਾਅ ਵੱਧਦਾ ਹੈ ਤਾਂ ਦਿਲ ਨੂੰ ਪਹਿਲਾਂ ਨਾਲੋਂ ਜ਼ਿਆਦਾ ਕੰਮ ਕਰਨਾ ਪੈਂਦਾ ਹੈ। ਇਸ ਜ਼ਿਆਦਾ ਦਬਾਅ ਨੂੰ ਹੀ ਹਾਈ ਬਲੱਡ ਪ੍ਰੈਸ਼ਰ ਕਿਹਾ ਜਾਂਦਾ ਹੈ। ਜਦੋਂ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਵੱਧ ਹੋਵੇ ਉਦੋਂ ਹਾਈਪਰਟੈਨਸ਼ਨ ਹੁੰਦਾ ਹੈ। ਬਲੱਡ ਪ੍ਰੈਸ਼ਰ ਨੂੰ ਸਿਸਟੋਲਿਕ ਅਤੇ ਡਾਇਸਟੋਲਿਕ ਨੰਬਰ ਦੇ ਰੂਪ ਵਿਚ ਮਾਪਿਆ ਜਾਂਦਾ ਹੈ। ਸਿਸਟੋਲਿਕ ਦਰਸਾਉਂਦਾ ਹੈ ਖੂਨ ਦੀਆਂ ਧਮਣੀਆਂ ਵਿਚ ਉਹ ਦਬਾਅ ਜਦੋਂ ਦਿਲ ਸੁੰਗੜਦਾ ਹੈ ਜਾਂ ਧੜਕਦਾ ਹੈ। ਡਾਇਸਟੋਲਿਕ ਉਸ ਦਬਾਅ ਨੂੰ ਦਰਸਾਉਂਦਾ ਹੈ ਜਦੋਂ ਦਿਲ ਧੜਕਨ ਦੇ ਵਿਚਕਾਰ ਆਰਾਮ ਕਰਦਾ ਹੈ। ਜਦੋਂ ਸਿਸਟੋਲਿਕ ਮਾਪ 140 mmHg ਤੋਂ ਵੱਧ ਅਤੇ ਡਾਇਸਟੋਲਿਕ ਮਾਪ 90 mmHg ਤੋਂ ਜ਼ਿਆਦਾ ਹੋਵੇ ਤਾਂ ਇਸ ਨੂੰ ਹਾਇਪਰਟੈਨਸ਼ਨ ਕਹਿੰਦੇ ਹਨ।

ਹਾਈਪਰਟੈਨਸ਼ਨ ਦੇ ਮੁੱਖ ਕਾਰਣ -
1. ਸਿਗਰੇਟ ਜਾਂ ਬੀੜੀ ਪੀਣਾ।
2. ਮੋਟਾਪਾ ਜਾਂ ਭਾਰ ਦਾ ਵੱਧ ਹੋਣਾ।
3. ਸਰੀਰਕ ਕਸਰਤ ਦੀ ਕਮੀ।
4. ਭੋਜਨ ਵਿਚ ਨਮਕ ਦੀ ਜਿਆਦਾ ਮਾਤਰਾ ਲੈਣਾ।
5. ਬਹੁਤ ਜ਼ਿਆਦਾ ਸ਼ਰਾਬ ਪੀਣਾ।
6. ਤਣਾਅ।
7. ਫਾਸਟ ਫੂਡ ਦਾ ਜ਼ਿਆਦਾ ਪ੍ਰਯੋਗ ਕਰਨਾ।

ਹਾਈਪਰਟੈਨਸ਼ਨ ਨਾਲ ਹੋਣ ਵਾਲੀਆਂ ਸਰੀਰਕ ਸਮੱਸਿਆਵਾਂ- 
1. ਦਿਲ ਦੀ ਬੀਮਾਰੀ ਭਾਵ ਕੋਰੋਨਾਰੀ ਆਰਟਰੀ ਡਿਸੀਜ਼।
2. ਬ੍ਰੇਨ ਸਟ੍ਰੋਕ-ਜ਼ਿਆਦਾ ਹਾਈ ਬਲੱਡ ਪ੍ਰੈਸ਼ਰ ਨਾਲ ਦਿਮਾਗ ਦੇ ਇਕ ਹਿੱਸੇ ਵਿਚ ਆਕਸੀਜਨ ਦੀ ਸਪਲਾਈ ਪ੍ਰਭਾਵਿਤ ਹੁੰਦੀ ਹੈ ਸਟ੍ਰੋਕ ਦਾ ਕਾਰਨ ਬਣਦੀ ਹੈ।
3. ਡਿਮੈਨਸੀਆ ਜਾਂ ਭੁੱਲਣ ਦੀ ਬੀਮਾਰੀ।
4. ਬ੍ਰੇਨ ਹੈਮਰੇਜ ਦਾ ਖਤਰਾ 50 % ਵੱਧ ਜਾਂਦਾ ਹੈ।
5. ਕਿਡਨੀ ਤਕ ਜਾਣ ਵਾਲੀਆਂ ਧਮਨੀਆਂ ਨੂੰ ਨੁਕਸਾਨ ਪਹੁੰਚਦਾ ਹੈ ਅਤੇ ਕਿਡਨੀ ਫੇਲ ਹੋ ਜਾਂਦੀ ਹੈ।
6. ਅੱਖਾਂ ਵਿਚ ਰੇਟੀਨਾ ਤੱਕ ਖੂਨ ਨਹੀਂ ਪਹੁੰਚ ਪਾਉਂਦਾ, ਜਿਸ ਨਾਲ ਅੱਖਾਂ ਦੀ ਰੌਸ਼ਨੀ ਜਾ ਸਕਦੀ ਹੈ।

ਹਾਈਪਰਟੈਨਸ਼ਨ ਦੇ ਲੱਛਣ- 
1. ਸਵੇਰ ਸਮੇਂ ਸਿਰ ਦਰਦ ਦੀ ਸ਼ਿਕਾਇਤ।
2. ਨੱਕ ਵਿਚੋਂ ਖੂਨ ਵਹਿਣਾ।
3. ਅਨਿਯਮਿਤ ਦਿਲ ਦੀ ਧੜਕਨ।
4. ਅੱਖਾਂ ਦੀ ਰੌਸ਼ਨੀ ਘੱਟਣਾ।
5. ਥਕਾਵਟ।
6. ਸਿਰ ਚਕਰਾਉਣਾ।
7. ਛਾਤੀ ਵਿਚ ਦਰਦ।
8. ਤਣਾਅ ਮਹਿਸੂਸ ਕਰਨਾ।
9. ਮਾਸਪੇਸ਼ੀਆਂ ਵਿਚ ਕੰਬਣੀ ਮਹਿਸੂਸ ਹੋਣਾ।

ਹਾਈਪਰਟੈਨਸ਼ਨ ਤੋਂ ਬਚਾਅ ਦੇ ਉਪਾਅ-
1. ਨਮਕ ਦੀ ਮਾਤਰਾ ਘਟਾਉਣਾ। ਰੋਜ਼ਾਨਾ 5 ਗ੍ਰਾਮ ਤੋਂ ਘੱਟ ਨਮਕ ਦਾ ਸੇਵਨ ਕਰਨਾ ਚਾਹੀਦਾ ਹੈ।
2. ਜ਼ਿਆਦਾ ਫ਼ਲ ਅਤੇ ਸਬਜ਼ੀਆਂ ਦਾ ਸੇਵਨ ਕਰਨਾ।
3. ਦਲੀਆ, ਅੰਕੁਰਿਤ ਅਨਾਜ, ਬਾਜਰਾ, ਜਵਾਰ ਆਦਿ ਦਾ ਸੇਵਨ ਵਧਾਉਣਾ।
4. ਸਰੀਰਕ ਰੂਪ ਵਿਚ ਚੁਸਤ ਰਹਿਣ ਲਈ ਰੋਜ਼ ਪ੍ਰਾਣਾਯਾਮ ਅਤੇ ਕਸਰਤ ਕਰਨਾ। 
5. ਤੰਬਾਕੂ ਦਾ ਸੇਵਨ ਬੰਦ ਕਰਨਾ।
6. ਸ਼ਰਾਬ ਦੀ ਮਾਤਰਾ ਘਟਾਉਣਾ।
7. ਹਰ ਰੋਜ਼ ਘੱਟੋ-ਘੱਟ 10 ਗਿਲਾਸ ਪਾਣੀ ਪੀਣਾ।
8. ਤਣਾਅ ਨੂੰ ਦੂਰ ਕਰਨ ਲਈ ਸੰਗੀਤ ਸੁਣਨਾ ਜਾਂ ਮੈਡੀਟੇਸ਼ਨ ਕਰਨਾ।
9. ਫਾਸਟ ਫੂਡ ਜਿਵੇਂ ਮੈਗੀ, ਬਰਗਰ, ਪੀਜ਼ਾ, ਚਿਪਸ, ਚਾਕਲੇਟ, ਦੇਸੀ ਘਿਓ ਆਦਿ ਖਾਣ ਤੋਂ ਬਚਣਾ।

ਇਸ ਤੋਂ ਇਲਾਵਾ ਕੁਝ ਘਰੇਲੂ ਉਪਾਅ ਵੀ ਹਨ ਜਿਨ੍ਹਾਂ ਨਾਲ ਹਾਈ ਬਲੱਡ ਪ੍ਰੈਸ਼ਰ ਤੋਂ ਬਚਿਆ ਜਾ ਸਕਦਾ ਹੈ-
1. ਸਵੇਰੇ ਖਾਲੀ ਪੇਟ ਘੀਏ ਦਾ ਜੂਸ ਪੀਣਾ ਫਾਇਦੇਮੰਦ ਹੁੰਦਾ ਹੈ।
2. ਇਕ ਛੋਟਾ ਚਮਚ ਆਂਵਲੇ ਦੇ ਰਸ ਵਿਚ ਥੋੜਾ ਸ਼ਹਿਦ ਮਿਲਾ ਕੇ ਸਵੇਰੇ-ਸ਼ਾਮ ਲੈਣ ਨਾਲ ਫਾਇਦਾ ਹੁੰਦਾ ਹੈ।
3. ਅੱਧਾ ਚੱਮਚ ਦਾਲਚੀਨੀ ਪਾਊਡਰ ਨੂੰ ਰੋਜ਼ ਗਰਮ ਪਾਣੀ ਨਾਲ ਲਿਆ ਜਾ ਸਕਦਾ ਹੈ।
4. ਸੌਣ ਤੋਂ ਪਹਿਲਾਂ 1 ਚਮਚ ਮੇਥੀ ਦਾਣੇ ਗਰਮ ਪਾਣੀ ਵਿੱਚ ਭਿਉਂ ਕੇ ਸਵੇਰੇ ਉਸੇ ਪਾਣੀ ਨੂੰ ਖਾਲੀ ਪੇਟ ਪੀਣਾ ਅਤੇ ਮੇਥੀ ਦਾਣਿਆਂ ਨੂੰ ਚਬਾ-ਚਬਾ ਕੇ ਖਾਣਾ ਫਾਇਦੇਮੰਦ ਰਹਿੰਦਾ ਹੈ।
5. ਤਰਬੂਜ ਦੇ ਬੀਜ ਦੀ ਗਿਰੀ ਅਤੇ ਖਸਖਸ ਬਰਾਬਰ ਮਾਤਰਾ ਵਿੱਚ ਪੀਸ ਕੇ ਰੋਜ਼ਾਨਾ ਸਵੇਰੇ ਇਕ ਚਮਚ ਲੈਣਾ ਫਾਇਦੇਮੰਦ ਹੈ।

ਇਸ ਲਈ ਸਾਡਾ ਸਾਰਿਆਂ ਦਾ ਫਰਜ਼ ਹੈ ਕਿ ਅੱਜ ਵਿਸ਼ਵ ਹਾਈਪਰਟੈਨਸ਼ਨ ਦਿਵਸ ਦੇ ਮੌਕੇ ’ਤੇ ਆਪਣੀ ਸਿਹਤ ਪ੍ਰਤੀ ਸੁਚੇਤ ਹੁੰਦੇ ਹੋਏ ਆਪਣੇ ਬਲੱਡ ਪ੍ਰੈਸ਼ਰ ਦੀ ਨਿਯਮਿਤ ਜਾਂਚ ਕਰਨ ਦਾ ਪ੍ਰਣ ਕਰੀਏ। ਇਸ ਦੇ ਨਾਲ ਆਪਣੇ ਖਾਣ-ਪੀਣ ਦੀਆਂ ਆਦਤਾਂ ਵਿਚ ਸੁਧਾਰ ਕਰਦੇ ਹੋਏ ਪ੍ਰਾਣਾਯਾਮ ਅਤੇ ਮੈਡੀਟੇਸ਼ਨ ਨੂੰ ਆਪਣੀ ਜ਼ਿੰਦਗੀ ਦਾ ਅਹਿਮ ਹਿੱਸਾ ਬਣਾਈਏ ਤਾਂ ਜੋ ਅਸੀਂ ਸਾਰੇ ਇਸ ਸਾਈਲੈਂਟ ਕਿਲਰ ਤੋਂ ਨਿਜਾਤ ਪਾ ਸਕੀਏ ਅਤੇ ਸਿਹਤ ਭਰੀ ਜ਼ਿੰਦਗੀ ਬਤੀਤ ਕਰੀਏ।

ਪੂਜਾ ਸ਼ਰਮਾ
ਅੰਗਰੇਜ਼ੀ ਲੈਕਚਰਾਰ
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨਵਾਂਸ਼ਹਿਰ
ਸ਼ਹੀਦ ਭਗਤ ਸਿੰਘ ਨਗਰ
9914459033

rajwinder kaur

This news is Content Editor rajwinder kaur