ਅਮਰੀਕਾ ਦੌਰੇ ਦੀ ਕਾਮਯਾਬੀ ਹੋਈ ਛੂ-ਮੰਤਰ, ਵਰਲਡ ਬੈਂਕ ਨੇ ਇਮਰਾਨ ਖਾਨ ਨੂੰ ਦਿੱਤਾ ਝਟਕਾ

07/26/2019 5:17:36 PM

ਨਵੀਂ ਦਿੱਲੀ — ਅਮਰੀਕਾ ਦੇ ਤਿੰਨ ਦਿਨਾਂ ਦੌਰੇ ਤੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੀਰਵਾਰ ਨੂੰ ਵਰਲਡ ਕੱਪ ਜਿੱਤਣ ਵਰਗੀ ਫੀਲਿੰਗ ਲੈ ਕੇ ਪਰਤੇ। ਪਾਕਿਸਤਾਨ 'ਚ ਇਮਰਾਨ ਦੇ ਅਮਰੀਕਾ ਦੌਰੇ ਦੀ ਕਮਯਾਬੀ ਦੇ ਚਰਚੇ ਅਜੇ ਖਤਮ ਵੀ ਨਹੀਂ ਹੋਏ ਕਿ ਵਰਲਡ ਬੈਂਕ ਨੇ ਪਾਕਿਸਤਾਨ ਨੂੰ ਨਵਾਂ ਝਟਕਾ ਦਿੱਤਾ ਹੈ। ਵਰਲਡ ਬੈਂਕ ਦੇ ਮੁਲਾਂਕਣ ਵਿਚ ਪਾਕਿਸਤਾਨ ਸਰਕਾਰ ਦੇ ਬਜਟ ਨੇ ਆਪਣੀ ਭਰੋਸੇਯੋਗਤਾ ਗਵਾ ਲਈ ਹੈ ਅਤੇ ਵਰਲਡ ਬੈਂਕ ਨੇ ਇਸ ਦਾ ਵਿੱਤੀ ਪ੍ਰਬੰਧਨ ਪੂਰੀ ਤਰ੍ਹਾਂ ਨਾਲ ਅਸਫਲ ਕਰਾਰ ਦਿੱਤਾ ਗਿਆ ਹੈ। ਪਾਕਿਸਤਾਨ ਦੇ ਪ੍ਰਮੁੱਖ ਅਖਬਾਰ 'ਦ ਐਕਸਪ੍ਰੈੱਸ ਟ੍ਰਿਬਿਊਨ' ਦੀ ਰਿਪੋਰਟ ਮੁਤਾਬਕ ਵਰਲਡ ਬੈਂਕ ਦੀ ਡਰਾਫਟ ਰਿਪੋਰਟ ਵਿਚ ਆਰਥਿਕ ਪ੍ਰਬੰਧਨ ਦੇ ਸਾਰੇ 31 ਪੈਮਾਨਿਆਂ ਦੀ ਰੈਂਕਿੰਗ ਬੁਰੀ ਤਰ੍ਹਾਂ ਡਿੱਗ ਗਈ ਹੈ। 

ਵਿਸ਼ਵ ਬੈਂਕ ਨੇ ਜੂਨ ਮਹੀਨੇ 'ਚ ਪਾਕਿਸਤਾਨ ਦੇ ਵਿੱਤ ਮੰਤਰਾਲੇ ਦੇ ਨਾਲ 'ਜਨਤਕ ਖਰਚ ਅਤੇ ਜਿੰਮੇਵਾਰੀ' (PEFA) ਦੁਆਰਾ ਤਿਆਰ ਕੀਤੇ ਗਏ ਫਾਈਨਲ ਡਰਾਫਟ ਨੂੰ ਸ਼ੇਅਰ ਕੀਤਾ ਹੈ। ਇਸ ਰਿਪੋਰਟ ਵਿਚ ਵਿੱਤੀ ਸਾਲ 2015-16 ਤੋਂ ਲੈ ਕੇ 2017-18 ਦੇ ਦੌਰਾਨ ਪਾਕਿਸਤਾਨ ਦੇ ਬਜਟ ਅਤੇ ਆਰਥਿਕ ਪ੍ਰਬੰਧਨ ਦਾ ਮੁਲਾਂਕਣ ਕੀਤਾ ਗਿਆ ਹੈ। 

ਇਸ ਰਿਪੋਰਟ ਤੋਂ ਪਤਾ ਲੱਗਦਾ ਹੈ ਕਿ ਪਾਕਿਸਤਾਨ ਦੇ ਵਿੱਤ ਮੰਤਰਾਲੇ ਦਾ ਪ੍ਰਦਰਸ਼ਨ ਬਹੁਤ ਖਰਾਬ ਰਿਹਾ ਹੈ। ਮੰਤਰਾਲਾ ਆਪਣੀ ਵਿੱਤੀ ਜ਼ਿੰਮੇਵਾਰੀ ਨਿਭਾਉਣ 'ਚ ਅਸਫਲ ਰਿਹਾ ਅਤੇ ਵਿੱਤੀ ਨਿਯਮਾਂ ਦਾ ਗੰਭੀਰ ਉਲੰਘਣ ਹੋਣ ਦਿੱਤਾ ਗਿਆ। ਪਾਕਿਸਤਾਨ ਵਰਲਡ ਬੈਂਕ 'ਤੇ ਆਪਣੀ ਰਿਪੋਰਟ 'ਚ ਨਰਮੀ ਵਰਤਣ ਲਈ ਦਬਾਅ ਬਣਾ ਰਿਹਾ ਸੀ ਪਰ ਵਰਲਡ ਬੈਂਕ ਦੇ ਇਸ ਸੀਨੀਅਰ ਅਧਿਕਾਰੀ ਨੇ ਐਕਸਪ੍ਰੈੱਸ ਟ੍ਰਿਬਿਊਨ ਨੂੰ ਕਿਹਾ ਕਿ ਕਰਜ਼ਾਦਾਤਾ ਵਲੋਂ ਰਿਪੋਰਟ ਫਾਈਨਲ ਹੋ ਚੁੱਕੀ ਹੈ। 

ਬਜਟ ਅਨੁਸ਼ਾਨ ਸਰਕਾਰ ਦੀ ਅੰਦਰੂਨੀ ਪਾਰਦਰਸ਼ਿਤਾ, ਵਿੱਤੀ ਆਪਰੇਸ਼ਨ ਸਮੇਤ ਆਰਥਿਕ ਪ੍ਰਬੰਧਨ ਦੇ ਸਾਰੇ ਸੰਕੇਤਾਂ 'ਤੇ ਪਾਕਿਸਤਾਨ ਦਾ ਨਿਰਾਸ਼ਾਜਨਕ ਪ੍ਰਦਰਸ਼ਨ ਰਿਹਾ। ਸੂਤਰਾਂ ਦੇ ਮੁਤਾਬਕ ਵਿੱਤ ਮੰਤਰਾਲੇ ਦੇ ਸਾਰੇ ਧੜ੍ਹੇ ਇਕ-ਦੂਜੇ 'ਤੇ ਦੋਸ਼ ਲਗਾ ਰਹੇ ਸਨ ਪਰ ਇਸ ਬਾਰੇ ਕੋਈ ਕਾਰਵਾਈ ਨਹੀਂ ਕੀਤੀ ਗਈ। 

       ਸਾਲ 2012 'ਚ ਵੀ ਪਾਕਿਤਸਾਨ ਨੂੰ ਕੀਤਾ ਗਿਆ ਸੀ ਆਗਾਹ          

ਸਾਲ 2012 ਵਿਚ ਵੀ ਵਰਲਡ ਬੈਂਕ ਨੇ ਪਾਕਿਸਤਾਨ ਦੇ ਵਿੱਤੀ ਪ੍ਰਬੰਧਨ ਨੂੰ ਲੈ ਕੇ ਅਜਿਹਾ ਹੀ ਮੁਲਾਂਕਣ ਕੀਤਾ ਸੀ। 2012 ਦੀ ਤੁਲਨਾ ਵਿਚ ਪਾਕਿਸਤਾਨ ਦਾ ਲਗਭਗ ਸਾਰੇ ਪੈਮਾਨਿਆਂ 'ਤੇ ਪ੍ਰਦਰਸ਼ਨ ਹੋਰ ਜ਼ਿਆਦਾ ਖਰਾਬ ਹੋਇਆ ਹੈ। 2012 ਵਿਚ ਪਾਕਿਸਤਾਨ ਨੂੰ ਵਰਲਡ ਬੈਂਕ ਨੇ 5 ਏ ਗ੍ਰੇਡ ਦਿੱਤੇ ਸਨ ਪਰ 2019 ਦੇ ਮੁਲਾਂਕਣ ਵਿਚ ਅਜਿਹਾ ਇਕ ਵੀ ਸੂਚਕ ਨਹੀਂ ਸੀ ਜਿਸ ਵਿਚ ਉਸਨੂੰ ਏ ਗ੍ਰੇਡ ਮਿਲਿਆ ਹੋਵੇ। ਪਾਕਿਸਤਾਨ ਨੂੰ ਸਭ ਤੋਂ ਖਰਾਬ ਡੀ ਗ੍ਰੇਡ ਮਿਲਿਆ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪਾਕਿਸਤਾਨ ਨੇ ਅਸਰਦਾਰ ਕੈਸ਼ ਮੈਨੇਜਮੈਂਟ ਵਿਕਸਿਤ ਨਹੀਂ ਕੀਤਾ ਹੈ ਜਿਸ ਕਾਰਨ ਸਰਕਾਰੀ ਸੰਸਥਾਵਾਂ ਜਨਤਾ ਦਾ ਪੈਸਾ ਨਿੱਜੀ ਕਮਰਸ਼ੀਅਲ ਬੈਂਕਾਂ ਨੂੰ ਭੇਜਣ ਦੀ ਮਨਜ਼ੂਰੀ ਦਿੰਦੀਆਂ ਹਨ। 2017 ਦੇ ਆਖਿਰ 'ਚ ਨਿੱਜੀ ਬੈਂਕਾਂ ਦੇ 450,000 ਖਾਤਿਆਂ 'ਚ 2.3 ਟ੍ਰਿਲੀਅਨ ਰੁਪਏ ਜਮ੍ਹਾ ਕੀਤੇ ਗਏ ਅਤੇ ਇਸ ਪੈਸੇ ਦਾ ਆਡਿਟ ਨਹੀਂ ਕੀਤਾ ਜਾ ਸਕਿਆ। ਪਾਕਿਸਤਾਨ ਦੇ ਵਿੱਤ ਮੰਤਰਾਲੇ ਨੇ ਰਿਪੋਰਟ 'ਤੇ ਆਪਣੀ ਪ੍ਰਤੀਕਿਰਿਆ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਕਿਹਾ ਗਿਆ ਹੈ ਕਿ ਰਿਪੋਰਟ ਨੂੰ ਅਜੇ ਅੰਤਿਮ ਰੂਪ ਨਹੀਂਂ ਦਿੱਤਾ ਗਿਆ ਹੈ।

           ਵਰਲਡ ਬੈਂਕ ਨੇ ਇਨ੍ਹਾਂ ਨਾਲ ਮਿਲ ਕੇ ਤਿਆਰ ਕੀਤੀ ਰਿਪੋਰਟ

ਵਰਲਡ ਬੈਂਕ ਨੇ ਪਾਕਿਸਤਾਨ ਸਰਕਾਰ ਅਤੇ ਯੂਰਪੀਅਨ ਯੂਨੀਅਨ ਨਾਲ ਮਿਲ ਕੇ ਰਿਪੋਰਟ ਤਿਆਰ ਕੀਤੀ ਹੈ। ਇਸ ਰਿਪੋਰਟ ਵਿਚ ਤਿੰਨ ਵਿੱਤੀ ਸਾਲ 2015-16, 2016-17 ਅਤੇ 2017-18 ਨੂੰ ਸ਼ਾਮਲ ਕੀਤਾ ਗਿਆ ਹੈ ਜਿਸ ਵਿਚ ਪਾਕਿਸਤਾਨ ਮੁਸਲਿਮ ਲੀਗ-ਨਵਾਜ ਦੀ ਸਰਕਾਰ ਦਾ ਕਾਰਜਕਾਲ ਵੀ ਸ਼ਾਮਲ ਹੈ।
ਰਿਪੋਰਟ ਵਿਚ ਜਿਹੜੇ ਪੁਆਇੰਟ 'ਤੇ ਚਿੰਤਾ ਜ਼ਾਹਰ ਕੀਤੀ ਗਈ ਹੈ ਉਨ੍ਹਾਂ 'ਤੇ ਵਿੱਤੀ ਸਾਲ 2018-19 'ਚ ਵੀ ਧਿਆਨ ਨਹੀਂ ਦਿੱਤਾ ਗਿਆ ਹੈ ਜਿਹੜੀ ਕਿ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇੰਨਸਾਫ ਸਰਕਾਰ ਦਾ ਪਹਿਲਾਂ ਸਾਲ ਹੈ। 
ਇਸ ਰਿਪੋਰਟ ਨੂੰ ਲੈ ਕੇ ਵਿਰੋਧੀ ਧਿਰ ਹੁਣੇ ਤੋਂ ਹੀ ਇਮਰਾਨ ਖਾਨ ਦੇ ਖਿਲਾਫ ਹੱਲਾ ਬੋਲ ਰਹੇ ਹਨ। ਵਿਰੋਧੀ ਪਾਰਟੀ ਦੀ ਮਰਿਅਮ ਨਵਾਜ਼ ਸ਼ਰੀਫ ਨੇ ਆਰਥਿਕ ਪੈਮਾਨਿਆਂ 'ਤੇ ਨਾਕਾਮੀ ਦੀ ਰਿਪੋਰਟ ਸ਼ੇਅਰ ਕਰਦੇ ਹੋਏ ਲਿਖਿਆ, ਨਾਕਾਰ ਲੋਕਾਂ ਦਾ ਅਸਲੀ ਪ੍ਰਦਰਸ਼ਨ। ਹਾਲਾਂਕਿ ਲੋਕਾਂ ਨੇ ਉਨ੍ਹਾਂ ਨੂੰ ਯਾਦ ਦਵਾਇਆ ਕਿ ਇਸ ਵਿਚ ਉਨ੍ਹਾਂ ਦੇ ਪਿਤਾ ਨਵਾਜ਼ ਸ਼ਰੀਫ ਦੇ ਕਾਰਜਕਾਲ ਦੇ ਤਿੰਨ ਸਾਲ ਵੀ ਸ਼ਾਮਲ ਹਨ।