ਅਮੇਜ਼ਨ ਦੇ ਜੰਗਲ ''ਚੋਂ ਮਿਲੇ ਦੁਨੀਆ ਦੇ ਸਭ ਤੋਂ ਛੋਟੇ ਬਾਂਦਰ ਦੇ ਜੈਵਿਕ ਅੰਸ਼

07/30/2019 2:45:18 PM

ਵਾਸ਼ਿੰਗਟਨ— ਵਿਗਿਆਨੀਆਂ ਨੂੰ ਅਮੇਜ਼ਨ ਦੇ ਜੰਗਲਾਂ 'ਚ ਵਿਸ਼ਵ ਦੇ ਸਭ ਤੋਂ ਛੋਟੇ ਬਾਂਦਰ ਦੇ ਜੈਵਿਕ ਅੰਸ਼ ਮਿਲੇ ਹਨ। ਮੰਨਿਆ ਜਾ ਰਿਹਾ ਹੈ ਕਿ ਇਸ ਬਾਂਦਰ ਦਾ ਵਜ਼ਨ ਇਕ ਟਮਾਟਰ ਦੇ ਬਰਾਬਰ ਰਿਹਾ ਸੀ। ਅਮਰੀਕਾ ਦੀ ਡਿਊਕ ਯੂਨੀਵਰਸਿਟੀ ਤੇ ਪੇਰੂ ਦੀ ਨੈਸ਼ਨਲ ਯੂਨੀਵਰਸਿਟੀ ਆਫ ਪਿਓਰਾ ਦੇ ਖੋਜਕਾਰਾਂ ਦੀ ਟੀਮ ਨੂੰ 18 ਮਿਲੀਅਨ ਸਾਲ ਪੁਰਾਣੇ ਦੰਦ ਮਿਲੇ ਹਨ, ਜੋ ਇਕ ਨਵੀਂ ਪ੍ਰਜਾਤੀ ਦੇ ਛੋਟੇ ਬਾਂਦਰ ਨਾਲ ਸਬੰਧਤ ਹੈ। 

ਹਿਊਮਨ ਰਿਵਲਿਊਸ਼ਨਰੀ ਨਾਂ ਦੀ ਮੈਗੇਜ਼ੀਨ 'ਚ ਪ੍ਰਕਾਸ਼ਿਤ ਹੋਏ ਅਧਿਐਨ ਮੁਤਾਬਕ ਇਹ ਬਹੁਤ ਹੀ ਮਹੱਤਵਪੂਰਨ ਜੈਵਿਕ ਅੰਸ਼ ਹਨ। ਇਸ ਦੀ ਮਦਦ ਨਾਲ ਬਾਂਦਰਾਂ ਦੇ ਅੰਸ਼ਾਂ ਦੇ ਰਿਕਾਰਡ 'ਚ 1.5 ਕਰੋੜ ਸਾਲ ਦੇ ਫਰਕ ਨੂੰ ਦੇਖਿਆ ਜਾ ਸਕਦਾ ਹੈ ਕਿਉਂਕਿ ਅਜੇ ਤੱਕ ਵਿਗਿਆਨੀਆਂ ਨੂੰ ਕਿਸੇ ਬਾਂਦਰ ਦੇ ਇੰਨੇ ਪੁਰਾਣੇ ਅੰਸ਼ ਨਹੀਂ ਮਿਲੇ ਹਨ। ਖੋਜਕਾਰਾਂ ਨੇ ਦੱਸਿਆ ਕਿ ਇਹ ਜੈਵਿਕ ਅੰਸ਼ ਦੱਖਣ-ਪੂਰਬੀ ਪੇਰੂ 'ਚ ਰਿਓ ਆਲਟੋ ਮਾਦਰੇ ਡੀ ਡਿਓਸ ਨਦੀ ਦੇ ਤੱਟ 'ਤੇ ਬਲੂਆ ਪੱਥਰ 'ਚ ਮਿਲਿਆ ਹੈ। ਪੱਥਰ 'ਚੋਂ ਇਸ ਜੈਵਿਕ ਅੰਸ਼ ਨੂੰ ਕੱਢਣ ਲਈ ਵਿਗਿਆਨੀਆਂ ਨੂੰ ਸਖਤ ਮਿਹਨਤ ਕਰਨੀ ਪਈ। ਇਸ ਦੌਰਾਨ ਵਿਗਿਆਨੀਆਂ ਨੂੰ ਬਾਂਦਰ ਦੇ ਦੰਦ ਸਣੇ ਚੂਹੇ, ਚਮਗਿੱਦੜ ਤੇ ਹੋਰ ਜਾਨਵਰਾਂ ਦੇ ਵੀ ਜੈਵਿਕ ਅੰਸ਼ ਮਿਲੇ, ਜਿਨ੍ਹਾਂ ਦਾ ਕੁੱਲ ਭਾਰ 2000 ਪਾਉਂਡ ਸੀ।

ਖੋਜਕਾਰਾਂ ਨੇ ਹੁਣ ਇਨ੍ਹਾਂ ਜੈਵਿਕ ਅੰਸ਼ਾਂ ਨੂੰ ਪੇਰੂ ਦੀ ਨੈਸ਼ਨਲ ਯੂਨੀਵਰਸਿਟੀ ਆਫ ਪਿਓਰਾ ਦੇ ਮਿਊਜ਼ੀਅਮ 'ਚ ਰੱਖ ਦਿੱਤਾ ਹੈ, ਜਿਥੇ ਖੋਜਕਾਰ ਇਸ ਦਾ ਅਧਿਐਨ ਕਰਕੇ ਬਾਂਦਰਾਂ ਦੀ ਵਿਕਾਸ ਲੜੀ ਦਾ ਪਤਾ ਲਾਉਣਗੇ। ਮੰਨਿਆ ਜਾਂਦਾ ਹੈ ਕਿ ਲਗਭਗ 40 ਮਿਲੀਅਨ ਸਾਲ ਪਹਿਲਾਂ ਦੱਖਣ ਅਫਰੀਕਾ ਤੋਂ ਬਾਂਦਰ ਦੱਖਣੀ ਅਮਰੀਕਾ 'ਚ ਪ੍ਰਵਾਸ ਕਰ ਗਏ ਸਨ। ਅੱਜ ਬਾਂਦਰਾਂ ਦੀਆਂ ਵਧੇਰੇ ਪ੍ਰਜਾਤੀਆਂ ਅਮੇਜ਼ਨ ਦੇ ਜੰਗਲਾਂ 'ਚ ਨਿਵਾਸ ਕਰਦੀਆਂ ਹਨ।


Baljit Singh

Content Editor

Related News