8,000 ਸਾਲ ਪੁਰਾਣੇ ਜਾਰ ''ਚ ਮਿਲੀ ਦੁਨੀਆ ਦੀ ਸਭ ਤੋਂ ਪੁਰਾਣੀ ਸ਼ਰਾਬ

11/14/2017 3:04:58 PM

ਜਾਰਜੀਆ (ਬਿਊਰੋ)— ਵਿਗਿਆਨੀਆਂ ਵੱਲੋਂ ਕੀਤੀ ਇਕ ਰਿਸਰਚ ਵਿਚ ਜਾਰਜੀਆ ਵਿਚ ਕੁਝ ਅਜਿਹਾ ਮਿਲਿਆ ਹੈ, ਜੋ 8,000 ਸਾਲ ਪੁਰਾਣੇ ਮਿੱਟੀ ਦੇ ਮਰਤਬਾਨ ਅਤੇ ਉਸ ਵਿਚ ਅੰਗੂਰ ਤੋਂ ਸ਼ਰਾਬ ਬਣਾਏ ਜਾਣ ਦੇ ਸਬੂਤਾਂ ਦੀ ਪੁਸ਼ਟੀ ਕਰਦਾ ਹੈ। ਸ਼ੋਧ ਕਰਤਾਵਾਂ ਦੀ ਰਾਇ ਵਿਚ ਇਹ ਅੰਗੂਰ ਤੋਂ ਸ਼ਰਾਬ ਬਣਾਉਣ ਦੇ ਸਭ ਤੋਂ ਸ਼ੁਰੂਆਤੀ ਸਬੂਤ ਹੋ ਸਕਦੇ ਹਨ। ਇਹ ਜਾਰਜੀਆ ਦੀ ਰਾਜਧਾਨੀ ਤਬਲਿਸੀ ਦੇ ਦੱਖਣੀ ਇਲਾਕਿਆਂ ਵਿਚ ਦੋ ਸਥਾਨਾਂ 'ਤੇ ਮਿਲੇ ਹਨ। ਇਹ ਥਾਵਾਂ ਨਿਯੋਲੇਥਿਕ ਯੁੱਗ ਨਾਲ ਸੰਬੰਧਿਤ ਹਨ। ਇਸ ਵਿਚ ਸ਼ਰਾਬ ਦੇ ਕੁਝ ਅੰਸ਼ ਵੀ ਮਿਲੇ ਹਨ। ਕੁਝ ਮਰਤਬਾਨਾਂ 'ਤੇ ਤਾਂ ਅੰਗੂਰਾਂ ਦੇ ਗੁੱਛੇ ਅਤੇ ਨੱਚਦੇ ਹੋਏ ਇਕ ਵਿਅਕਤੀ ਦੀ ਤਸਵੀਰ ਵੀ ਹੈ। 
ਟੋਰਾਂਟੋ ਯੂਨੀਵਰਸਿਟੀ ਦੇ ਸੀਨੀਆਰ ਰਿਸਰਚਰ ਦੇ ਸਹਿ-ਲੇਖਕ ਸਟੀਫਨ ਬਾਟਯੁਕ ਕਹਿੰਦੇ ਹਨ,''ਸਾਡਾ ਮੰਨਣਾ ਹੈ ਕਿ ਇਹ ਜੰਗਲ ਵਿਚ ਉੱਗਣ ਵਾਲੇ ਯੂਰੇਸ਼ੀਆਈ ਅੰਗੂਰਾਂ ਤੋਂ ਸ਼ਰਾਬ ਬਣਾਉਣ ਦਾ ਸਭ ਤੋਂ ਪੁਰਾਣਾ ਉਦਾਹਰਣ ਹੈ।'' ਸਟੀਫਨ ਦੀ ਰਾਇ ਵਿਚ ,''ਅਸੀਂ ਜਾਣਦੇ ਹਾਂ ਕਿ ਪੱਛਮੀ ਸੱਭਿਅਤਾ ਵਿਚ ਸ਼ਰਾਬ ਦਾ ਖਾਸ ਸਥਾਨ ਰਿਹਾ ਹੈ। ਦਵਾਈ ਦੇ ਤੌਰ 'ਤੇ , ਸਮਾਜਿਕ ਮੇਲਜੋਲ ਲਈ, ਮਨ ਬਹਿਲਾਉਣ ਲਈ ਸ਼ਰਾਬ ਦਾ ਸਮਾਜ ਤੋਂ ਲੈ ਕੇ ਅਰਥ ਵਿਵਸਥਾ ਤੱਕ ਅਤੇ ਦਵਾਈਆਂ ਤੋਂ ਲੈ ਕੇ ਖਾਣ-ਪੀਣ ਤੱਕ ਖਾਸ ਸਥਾਨ ਰਿਹਾ ਹੈ।'' ਇਸ ਤੋਂ ਪਹਿਲਾਂ ਸ਼ਰਾਬ ਬਣਾਉਣ ਦੇ ਜੋ ਪੁਰਾਣੇ ਸਬੂਤ ਮਿਲੇ ਸਨ, ਉਹ ਈਰਾਨ ਵਿਚ ਪਾਏ ਗਏ ਸਨ। ਈਰਾਨ ਵਿਚ ਮਿਲੇ ਸ਼ਰਾਬ ਦੇ ਮਰਤਬਾਨਾਂ ਦੀ ਉਮਰ 7000 ਸਾਲ ਦੱਸੀ ਗਈ ਸੀ। ਸਾਲ 2011 ਵਿਚ ਅਰਮੀਨੀਆ ਦੀ ਇਕ ਗੁਫਾ ਵਿਚ 6000 ਸਾਲ ਪੁਰਾਣੀ ਸ਼ਰਾਬ ਦੇ ਅੰਸ਼ ਮਿਲੇ ਸਨ। ਦੁਨੀਆ ਦੀ ਸਭ ਤੋਂ ਪੁਰਾਣੀ ਬਿਨਾ ਅੰਗੂਰ ਵਾਲੀ ਸ਼ਰਾਬ ਦੇ ਬਾਰੇ ਕਿਹਾ ਜਾਂਦਾ ਹੈ ਕਿ ਇਹ 7000 ਸਾਲ ਪੁਰਾਣੀ ਹੈ। ਚੀਨ ਵਿਚ ਮਿਲੀ ਇਹ ਸ਼ਰਾਬ ਚੋਲ, ਸ਼ਹਿਦ ਅਤੇ ਫਲਾਂ ਦੀ ਬਣੀ ਸੀ।