ਜ਼ਾਕਿਰ ਨਾਇਕ ਨੂੰ ਆਸਾਨੀ ਨਾਲ ਭਾਰਤ ਹਵਾਲੇ ਨਹੀਂ ਕਰੇਗਾ ਮਲੇਸ਼ੀਆ

07/11/2018 1:18:21 AM

ਕੁਆਲਾਲੰਪੁਰ— ਮਲੇਸ਼ੀਆ ਦੇ ਪ੍ਰਧਾਨ ਮੰਤਰੀ ਮਹਾਤਿਰ ਮੁਹੰਮਦ ਨੇ ਮੰਗਲਵਾਰ ਨੂੰ ਕਿਹਾ ਕਿ ਵਿਵਾਦਿਤ ਮੁਸਲਿਮ ਉਪਦੇਸ਼ਕ ਜ਼ਾਕਿਰ ਨਾਇਕ ਨੂੰ ਭਾਰਤ ਦੇ ਹਵਾਲੇ ਕਰਨ ਦੀ ਮੰਗ ਨੂੰ ਉਨ੍ਹਾਂ ਦੀ ਸਰਕਾਰ ਆਸਾਨੀ ਨਾਲ ਨਹੀਂ ਮੰਨੇਗੀ। ਨਾਇਕ ਕਥਿਤ ਰੂਪ 'ਚ ਅੱਤਵਾਦੀ ਗਤੀਵਿਧੀਆਂ ਤੇ ਮਨੀ ਲਾਂਡਰਿੰਗ ਦੇ ਮਾਮਲੇ 'ਚ ਭਾਰਤ 'ਚ ਲੋੜੀਂਦਾ ਹੈ। ਇਕ ਪੱਤਰਕਾਰ ਏਜੰਸੀ ਦੀ ਖਬਰ ਦੇ ਮੁਤਾਬਕ ਨਾਇਕ ਨਾਲ ਮਿਲਣ ਤੋਂ ਤਿੰਨ ਦਿਨ ਬਾਅਦ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਇਹ ਪੁਖਤਾ ਕਰੇਗੀ ਕਿ ਕਿਸੇ ਵੀ ਮੰਗ ਨੂੰ ਸੁਣਨ ਤੋਂ ਪਹਿਲਾਂ ਸਾਰੇ ਪਹਿਲੂਆਂ 'ਤੇ ਵਿਚਾਰ ਕੀਤਾ ਜਾਵੇ।
ਨਾਇਕ ਨਾਲ ਸ਼ਨੀਵਾਰ ਨੂੰ ਹੋਈ ਮੁਲਾਕਾਤ ਤੋਂ ਬਾਅਦ ਪਹਿਲੀ ਜਨਤਕ ਟਿੱਪਣੀ 'ਚ ਮਹਾਤਿਰ ਨੇ ਕਿਹਾ ਕਿ ਅਸੀਂ ਦੂਸਰਿਆਂ ਦੀਆਂ ਮੰਗਾਂ ਆਸਾਨੀ ਨਾਲ ਨਹੀਂ ਮੰਨਦੇ। ਜਵਾਬ ਦੇਣ ਤੋਂ ਪਹਿਲਾਂ ਸਾਰੇ ਪਹਿਲੂਆਂ 'ਤੇ ਧਿਆਨ ਦੇਣਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਅਜਿਹਾ ਨਾ ਕਰਨ ਦੀ ਸਥਿਤੀ 'ਚ ਕੋਈ ਵਿਅਕਤੀ ਪੀੜਤ ਬਣ ਸਕਦਾ ਹੈ। ਮਲੇਸ਼ੀਆ ਦੇ ਸਥਾਈ ਨਾਗਰਿਕ ਦਾ ਦਰਜਾ ਪ੍ਰਾਪਤ ਨਾਇਕ ਨੂੰ ਹਵਾਲੇ ਕਰਨ ਦੀ ਭਾਰਤ ਦੀ ਮੰਗ ਨਾਲ ਜੁੜੇ ਸਵਾਲਾਂ 'ਤੇ ਮਹਾਤਿਰ ਨੇ ਕਿਹਾ ਕਿ ਕਿਸੇ ਵੀ ਮੰਗ ਨੂੰ ਮੰਨਣ ਤੋਂ ਪਹਿਲਾਂ ਉਨ੍ਹਾਂ ਦੀ ਸਰਕਾਰ ਸਾਰੇ ਪਹਿਲੂਆਂ 'ਤੇ ਗੌਰ ਕਰੇਗੀ।
ਇਸ ਵਿਚਾਲੇ ਨਾਇਕ ਨੇ ਮਲੇਸ਼ੀਆ 'ਚ ਰਹਿਣ ਦੇਣ ਤੇ ਉਸ ਦੇ ਮਾਮਲੇ 'ਤੇ ਤਰਕਪੂਰਨ ਤਰੀਕੇ ਨਾਲ ਗੌਰ ਕਰਨ ਦੇ ਲਈ ਮਲੇਸ਼ੀਆ ਸਰਕਾਰ ਤੇ ਪ੍ਰਧਾਨ ਮੰਤਰੀ ਮਹਾਤਿਰ ਦਾ ਧੰਨਵਾਦ ਕੀਤਾ। ਸਟਾਰ ਆਨਲਾਈਨ ਦੀ ਖਬਰ ਮੁਤਾਬਕ ਨਾਇਕ ਨੇ ਕਿਹਾ ਕਿ ਉਸ ਨੂੰ ਮਲੇਸ਼ੀਆ ਦੇ ਭਿੰਨਤਾਵਾਂ ਭਰੇ ਸਮਾਜ ਦਾ ਹਿੱਸਾ ਬਣ ਕੇ ਚੰਗਾ ਲੱਗ ਰਿਹਾ ਹੈ। ਉਹ ਇਸ ਦੀ ਸੰਵੇਦਨਸ਼ੀਲਤਾ ਨੂੰ ਸਲਾਮ ਕਰਦਾ ਹੈ। ਉਹ ਕਦੇ ਵੀ ਕਿਸੇ ਵੀ ਰੂਪ ਨਾਲ ਇਸ ਦੇ ਸੰਤੁਲਨ ਨੂੰ ਖਰਾਬ ਨਹੀਂ ਕਰ ਸਕਦਾ। ਕਿਸੇ ਵੀ ਸੂਰਤ 'ਚ ਦੇਸ਼ ਦੇ ਕਾਨੂੰਨ ਦਾ ਉਲੰਘਣ ਨਹੀਂ ਕਰ ਸਕਦਾ।


Related News