ਔਰਤ ਨੇ ਕੈਂਸਰ ਦੇ ਨਾਮ ''ਤੇ ਲੋਕਾਂ ਤੋਂ ਠੱਗੇ ਲੱਖਾਂ ਰੁਪਏ, ਹੁਣ ਜਾਵੇਗੀ ਜੇਲ

04/12/2018 4:56:30 AM

ਮੈਲਬਰਨ — ਆਸਟਰੇਲੀਆ 'ਚ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਮੈਲਬਰਨ ਦੀ ਰਹਿਣ ਵਾਲੀ ਇਕ ਔਰਤ ਨੇ ਕੈਂਸਰ ਦੀ ਬੀਮਾਰੀ ਦੇ ਨਾਂ 'ਤੇ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਤੋਂ ਪਹਿਲਾਂ ਤਾਂ ਪੈਸੇ ਇਕੱਠੇ ਕੀਤੇ ਅਤੇ ਉਸ ਤੋਂ ਬਾਅਦ ਉਨ੍ਹਾਂ ਪੈਸਿਆਂ ਨਾਲ ਮੌਜ-ਮਸਤੀ 'ਚ ਖਰਚ ਕਰ ਦਿੱਤੇ। ਬਾਅਦ 'ਚ ਸ਼ੋਸਲ ਮੀਡੀਆ ਤੋਂ ਇਹ ਪਤਾ ਲੱਗਾ ਕਿ ਕੈਂਸਰ ਦੀ ਗੱਲ ਝੂਠੀ ਸੀ। ਇਸ ਤੋਂ ਬਾਅਦ ਉਸ ਔਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ 3 ਮਹੀਨੇ ਦੀ ਸਜ਼ਾ ਸੁਣਾ ਦਿੱਤੀ ਗਈ।
24 ਸਾਲ ਦੀ ਹਨਾ ਡਿਕਨਸਨ ਨੇ ਆਪਣੇ ਮਾਤਾ-ਪਿਤਾ ਨੂੰ ਕਿਹਾ ਕਿ ਉਨ੍ਹਾਂ ਨੂੰ ਇਲਾਜ ਲਈ ਵਿਦੇਸ਼ ਜਾਣਾ ਹੋਵੇਗਾ ਜਿਸ ਦੇ ਲਈ ਉਨ੍ਹਾਂ ਨੂੰ ਪੈਸਿਆਂ ਦੀ ਜ਼ਰੂਰਤ ਹੈ। ਕੋਰਟ ਮੁਤਾਬਕ ਇਸ ਤੋਂ ਬਾਅਦ ਉਸ ਦੇ ਮਾਤਾ-ਪਿਤਾ ਨੇ ਆਪਣੇ ਰਿਸ਼ਤੇਦਾਰਾਂ ਤੋਂ ਆਰਥਿਕ ਮਦਦ ਮੰਗੀ। ਉਨ੍ਹਾਂ ਨੂੰ ਕਰੀਬ 21 ਲੱਖ ਰੁਪਏ ਦੀ ਮਦਦ ਮਿਲੀ। ਇਕ ਪਾਸੇ ਜਿੱਥੇ ਇਹ ਆਰਥਿਕ ਮਦਦ ਇਲਾਜ ਦੇ ਲਈ ਦਿੱਤੀ ਗਈ ਸੀ, ਉਥੇ ਡਿਕਨਸਨ ਨੇ ਇਨ੍ਹਾਂ ਪੈਸਿਆਂ ਦਾ ਜ਼ਿਆਦਾਤਰ ਹਿੱਸਾ ਘੁੰਮਣ ਅਤੇ ਲੋਕਾਂ ਨੂੰ ਮਿਲਣ-ਜੁਲਣ 'ਚ ਖਰਚ ਕਰ ਦਿੱਤਾ।


ਮਾਮਲੇ ਦੀ ਸੁਣਵਾਈ ਕਰ ਰਹੇ ਜੱਜ ਨੇ ਡਿਕਨਸਨ ਦੀ ਇਸ ਹਰਕਤ ਨੂੰ ਘਿਨੌਣਾ ਕਰਾਰ ਦਿੱਤਾ। ਮੈਲਬਰਨ ਮੈਜੀਸਟਰੇਟ ਕੋਰਟ 'ਚ ਸੁਣਵਾਈ ਦੌਰਾਨ ਡਿਕਨਸਨ ਨੂੰ ਧੋਖਾਧੜੀ ਦੇ 7 ਮਾਮਲਿਆਂ ਦੇ ਤਹਿਤ ਦੋਸ਼ੀ ਪਾਇਆ ਗਿਆ। ਸੁਣਵਾਈ ਦੌਰਾਨ ਮੈਜੀਸਟਰੇਟ ਨੇ ਕਿਹਾ ਕਿ ਡਿਕਨਸਨ ਨੇ ਕਈ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਿਆ ਹੈ। ਉਨ੍ਹਾਂ ਨੇ ਕਿਹਾ ਕਿ ਡਿਕਨਸਨ ਦੇ ਇਸ ਕੰਮ ਨਾਲ ਮਨੁੱਖਤਾ ਅਤੇ ਲੋਕਾਂ ਦੇ ਭਰੋਸੇ ਨੂੰ ਧੱਕਾ ਪਹੁੰਚਿਆ ਹੈ। ਇਹ ਉਹ ਲੋਕ ਹਨ ਜਿਹੜੇ ਮਿਹਨਤ ਕਰਦੇ ਹਨ ਅਤੇ ਉਨ੍ਹਾਂ ਨੇ ਆਪਣੀ ਮਿਹਨਤ ਦੀ ਕਮਾਈ ਨੂੰ ਕਿਸੇ ਦੇ ਇਲਾਜ ਲਈ ਦਾਨ ਦਿੱਤਾ ਸੀ।
ਕੋਰਟ 'ਚ ਸੁਣਵਾਈ ਦੌਰਾਨ ਕਿਹਾ ਗਿਆ ਕਿ ਇਕ ਸ਼ਖਸ ਜਿਹੜਾ ਖੁਦ ਕੈਂਸਰ ਦੇ ਇਲਾਜ ਤੋਂ ਬਾਅਦ ਹਸਪਤਾਲ ਤੋਂ ਘਰ ਵਾਪਸ ਗਿਆ ਸੀ ਉਸ ਨੇ ਡਿਕਨਸਨ ਨੂੰ ਕਰੀਬ 5 ਲੱਖ ਰੁਪਏ ਦਿੱਤੇ ਸੀ। ਇਸ ਤੋਂ ਇਲਾਵਾ ਇਕ ਹੋਰ ਸ਼ਖਸ ਨੇ ਉਸ ਨੂੰ 4 ਵੱਖ-ਵੱਖ ਮੌਕਿਆਂ 'ਤੇ ਪੈਸੇ ਦਿੱਤੇ ਸਨ। ਧੋਖਾਧੜੀ ਦਾ ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਆਰਥਿਕ ਮਦਦ ਕਰਨ ਵਾਲੇ ਇਕ ਸ਼ਖਸ ਨੇ ਡਿਕਨਸਨ ਦੀਆਂ ਕੁਝ ਤਸਵੀਰਾਂ ਫੇਸਬੁੱਕ 'ਤੇ ਦੇਖੀਆਂ। ਇਸ ਤੋਂ ਬਾਅਦ ਉਸ ਨੇ ਪੁਲਸ ਨੂੰ ਇਸ ਦੇ ਬਾਰੇ 'ਚ ਜਾਣਕਾਰੀ ਦਿੱਤੀ। 
ਡਿਕਨਸਨ ਦੇ ਵਕੀਲ ਨੇ ਕੋਰਟ 'ਚ ਸੁਣਵਾਈ ਦੌਰਾਨ ਸੈਲੀਬ੍ਰਿਟੀ ਬਲਾਗਰ ਦਾ ਉਦਾਹਰਣ ਦਿੱਤਾ, ਜਿਸ ਨੇ ਬ੍ਰੈਨ ਕੈਂਸਰ ਹੋਣ ਦਾ ਦਾਅਵਾ ਕੀਤਾ ਸੀ ਅਤੇ ਬਾਅਦ 'ਚ ਸੱਚ ਸਾਹਮਣੇ ਆਉਣ ਤੋਂ ਬਾਅਦ ਉਸ 'ਤੇ ਕਰੀਬ 2 ਕਰੋੜ ਰੁਪਏ ਦਾ ਜ਼ੁਰਮਾਨਾ ਲਾਇਆ ਗਿਆ ਸੀ। ਹਾਲਾਂਕਿ ਜੱਜ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਇਨ੍ਹਾਂ ਦੋਹਾਂ ਮਾਮਲਿਆਂ ਦੀ ਕੋਈ ਤੁਲਨਾ ਨਹੀਂ ਹੈ। ਨਾਲ ਹੀ ਇਹ ਅਦਾਲਤ ਦੀ ਜ਼ਿੰਮੇਵਾਰੀ ਹੈ ਕਿ ਉਹ ਯਕੀਨਨ ਕਰੇ ਕਿ ਭਵਿੱਖ 'ਚ ਅਜਿਹਾ ਕੋਈ ਮਾਮਲਾ ਸਾਹਮਣੇ ਵਾ ਆਵੇ।