ਅਮਰੀਕਾ 'ਚ ਮਿਲੀ ਔਰਤ ਦੀ ਲਾਸ਼, ਇਲਾਕੇ 'ਚ ਫੈਲੀ ਸਨਸਨੀ

04/10/2018 3:39:42 PM

ਮਿਨੀਸੋਟਾ— ਸੋਮਵਾਰ ਨੂੰ ਅਮਰੀਕਾ ਦੇ ਸ਼ਹਿਰ ਬਰੂਕਲਿਨ ਪਾਰਕ ਦੀ ਕੈਨਾਰਸੀ ਪਾਰਕ 'ਚ ਪੁਲਸ ਨੂੰ ਇਕ ਔਰਤ ਦੀ ਲਾਸ਼ ਮਿਲੀ। ਪੁਲਸ ਮੁਤਾਬਕ ਲਾਸ਼ ਦੀਆਂ ਬਾਹਾਂ ਅਤੇ ਪੈਰ ਨਹੀਂ ਹਨ ਅਤੇ ਦੇਖ ਕੇ ਲੱਗਦਾ ਹੈ ਕਿ ਔਰਤ ਨੂੰ ਤੜਫਾ-ਤੜਫਾ ਕੇ ਮਾਰਿਆ ਗਿਆ ਹੈ। 53 ਸਾਲਾ ਰੋਬਰਟ ਕਲਾਊਡਨ ਨਾਂ ਦੇ ਵਿਅਕਤੀ ਨੇ ਦੱਸਿਆ ਕਿ ਉਹ ਸਵੇਰ ਦੇ ਸਮੇਂ ਸੈਰ ਕਰ ਰਿਹਾ ਸੀ ਕਿ ਅਚਾਨਕ ਉਸ ਦੀ ਨਜ਼ਰ ਇਕ ਲਾਸ਼ 'ਤੇ ਪਈ। ਉਸ ਨੇ ਪੁਲਸ ਨੂੰ ਫੋਨ ਨਹੀਂ ਕੀਤਾ ਕਿਉਂਕਿ ਉਸ ਨੂੰ ਲੱਗ ਰਿਹਾ ਸੀ ਕਿ ਇਹ ਡੌਲ (ਗੁੱਡੀ) ਹੈ ਕਿਉਂਕਿ ਲਾਸ਼ ਦੇ ਕਈ ਹਿੱਸੇ ਗਾਇਬ ਸਨ। 

ਉਸ ਨੇ ਆਪਣੇ ਬਿਆਨ 'ਚ ਕਿਹਾ,''ਸੋਮਵਾਰ ਸਵੇਰੇ ਜਦ ਮੈਂ ਸੈਰ 'ਤੇ ਨਿਕਲਿਆ ਤਾਂ ਮੈਨੂੰ ਲੱਗਾ ਕਿ ਕਿਸੇ ਨੇ ਕੋਈ ਟੁੱਟੀ ਹੋਈ ਡੌਲ ਸੁੱਟੀ ਹੈ। ਇਸ ਦੇ ਸਰੀਰ 'ਤੇ ਕੱਪੜੇ ਵੀ ਨਹੀਂ ਸਨ।'' ਪੁਲਸ ਨੇ ਦੱਸਿਆ ਕਿ ਔਰਤ ਦਾ ਅੱਧਾ ਸਰੀਰ 12 ਕੁ ਫੁੱਟ ਦੀ ਦੂਰੀ 'ਤੇ ਡਿਗਿਆ ਪਿਆ ਸੀ। ਜਦ ਕਲਾਊਡਨ ਸ਼ਾਮ ਨੂੰ ਫਿਰ ਸੈਰ 'ਤੇ ਗਿਆ ਤਾਂ ਉਸ ਨੂੰ ਪਤਾ ਲੱਗਾ ਕਿ ਉਹ ਡੌਲ ਨਹੀਂ ਸਗੋਂ ਕਿਸੇ ਔਰਤ ਦੀ ਲਾਸ਼ ਸੀ। ਉਸ ਨੇ ਕਿਹਾ ਕਿ ਉਹ ਇਸ ਗੱਲ ਕਾਰਨ ਸਦਮੇ 'ਚ ਹੈ ਅਤੇ ਵਾਰ-ਵਾਰ ਉਸ ਘਟਨਾ ਨੂੰ ਯਾਦ ਕਰਕੇ ਪਰੇਸ਼ਾਨ ਹੋ ਰਿਹਾ ਹੈ। ਨੇੜੇ ਰਹਿਣ ਵਾਲੇ ਲੋਕਾਂ ਨੇ ਕਿਹਾ ਕਿ ਇਹ ਇਲਾਕਾ ਲੋਕਾਂ ਦੇ ਘੁੰਮਣ ਲਈ ਪਸੰਦ ਦੀ ਥਾਂ ਹੈ ਪਰ ਇਸ ਘਟਨਾ ਕਾਰਨ ਲੋਕਾਂ ਦੇ ਦਿਲਾਂ 'ਚ ਡਰ ਪੈਦਾ ਹੋ ਗਿਆ ਹੈ। ਫਿਲਹਾਲ ਪੁਲਸ ਜਾਂਚ ਕਰ ਰਹੀ ਹੈ ਅਤੇ ਲਾਸ਼ ਦੀ ਪਛਾਣ ਨਹੀਂ ਹੋ ਸਕੀ। ਪੁਲਸ ਨੇ ਕਿਹਾ ਕਿ ਉਹ ਜਾਂਚ ਕਰ ਰਹੇ ਹਨ ਅਤੇ ਜਲਦੀ ਹੀ ਕਿਸੇ ਨਤੀਜੇ ਤਕ ਪੁੱਜਣਗੇ। ਇਲਾਕੇ 'ਚ ਇਸ ਘਟਨਾ ਮਗਰੋਂ ਡਰ ਦਾ ਮਾਹੌਲ ਹੈ।