ਪੈਰਾਂ ਦੀ ਸੁੰਦਰਤਾ ਵਧਾਉਣ ਦੇ ਚੱਕਰ 'ਚ ਔਰਤ ਦਾ ਹੋਇਆ ਇਹ ਹਾਲ

07/05/2018 11:55:07 AM

ਨਿਊਯਾਰਕ, (ਏਜੰਸੀ)— ਪੈਡੀਕਿਓਰ ਪੈਰਾਂ ਨੂੰ ਸਿਹਤਮੰਦ ਅਤੇ ਸੁੰਦਰ ਬਣਾਉਣ ਦਾ ਪੁਰਾਣਾ ਤਰੀਕਾ ਹੈ ਪਰ ਹੁਣ ਇਕ ਨਵੇਂ ਤਰੀਕੇ ਦਾ ਪੈਡੀਕਿਓਰ ਕਾਫੀ ਚਰਚਾ 'ਚ ਹੈ। ਇਸ ਪੈਡੀਕਿਓਰ ਨੂੰ ਫਿਸ਼ ਪੈਡੀਕਿਓਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਆਮ ਤੌਰ 'ਤੇ ਪੈਰਾਂ ਦੀ ਮ੍ਰਿਤਕ ਚਮੜੀ ਨੂੰ ਕੱਢਣ ਲਈ ਕਈ ਮਸ਼ੀਨਾਂ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਫਿਸ਼ ਪੈਡੀਕਿਓਰ 'ਚ ਇਹ ਕੰਮ ਮੱਛੀਆਂ ਕਰਦੀਆਂ ਹਨ। ਅਮਰੀਕਾ 'ਚ ਰਹਿੰਦੀ ਇਕ ਔਰਤ ਨੂੰ ਫਿਸ਼ ਪੈਡੀਕਿਓਰ ਕਰਵਾਉਣਾ ਮਹਿੰਗਾ ਪਿਆ ਕਿਉਂਕਿ ਪੈਡੀਕਿਓਰ ਕਰਵਾਉਣ ਦੇ ਥੋੜੇ ਦਿਨਾਂ ਬਾਅਦ ਹੀ ਉਸ ਦੇ ਪੈਰਾਂ ਦੇ ਨਹੁੰ ਟੁੱਟਣ ਲੱਗੇ ਅਤੇ ਵੱਖ ਹੋਣ ਲੱਗ ਗਏ। ਉਸ ਨੇ ਦੱਸਿਆ ਕਿ ਉਸ ਦੇ ਪਰਿਵਾਰ 'ਚ ਕਦੇ ਵੀ ਕਿਸੇ ਨਾਲ ਅਜਿਹਾ ਨਹੀਂ ਹੋਇਆ। ਉਸ ਨੇ ਡਾਕਟਰ ਨੂੰ ਦਿਖਾਇਆ ਅਤੇ ਪਤਾ ਲੱਗਾ ਕਿ ਇਹ ਫਿਸ਼ ਪੈਡੀਕਿਓਰ ਕਾਰਨ ਹੋ ਰਿਹਾ ਹੈ।


ਅਸਲ 'ਚ 6 ਮਹੀਨੇ ਪਹਿਲਾਂ ਉਸ ਔਰਤ ਨੇ ਫਿਸ਼ ਪੈਡੀਕਿਓਰ ਕਰਵਾਇਆ ਸੀ ਅਤੇ ਥੋੜੀ ਦੇਰ ਬਾਅਦ ਉਸ ਦੇ ਪੈਰਾਂ ਦੇ ਨਹੁੰਆਂ ਨੂੰ ਇਹ ਬੀਮਾਰੀ ਲੱਗ ਗਈ। ਤੁਹਾਨੂੰ ਦੱਸ ਦਈਏ ਕਿ ਫਿਸ਼ ਪੈਡੀਕਿਓਰ ਕਰਨ ਲਈ ਪੈਰਾਂ ਨੂੰ ਗਰਮ ਪਾਣੀ ਦੇ ਟੱਬ 'ਚ ਰੱਖਿਆ ਜਾਂਦਾ ਹੈ , ਜਿਸ 'ਚ ਬਿਨਾਂ ਦੰਦਾਂ ਵਾਲੀਆਂ ਛੋਟੀਆਂ-ਛੋਟੀਆਂ ਮੱਛੀਆਂ ਪਾਈਆਂ ਜਾਂਦੀਆਂ ਹਨ। ਇਨ੍ਹਾਂ ਮੱਛੀਆਂ ਨੂੰ ਗਾਰਾ ਰੂਫਾ ਜਾਂ ਡਾਕਟਰ ਫਿਸ਼ ਵੀ ਕਿਹਾ ਜਾਂਦਾ ਹੈ। ਇਹ ਲਗਾਤਾਰ ਪੈਰਾਂ ਨੂੰ ਕੁਤਰਦੀਆਂ ਹਨ ਅਤੇ ਪੈਰਾਂ ਦੀ ਮ੍ਰਿਤਕ ਚਮੜੀ ਨੂੰ ਖਾ ਜਾਂਦੀਆਂ ਹਨ। 
ਅਜਿਹਾ ਪਹਿਲਾ ਮਾਮਲਾ ਨਹੀਂ ਹੈ ਕਿ ਫਿਸ਼ ਪੈਡੀਕਿਓਰ ਕਾਰਨ ਕਿਸੇ ਨੂੰ ਕੋਈ ਬੀਮਾਰੀ ਹੋਈ ਹੋਵੇ। ਪਹਿਲਾਂ ਵੀ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ। ਅਸਲ 'ਚ ਮੱਛੀਆਂ ਰਾਹੀਂ ਕਿਸੇ ਇਕ ਵਿਅਕਤੀ ਦੇ ਪੈਰਾਂ 'ਚੋਂ ਲਏ ਗਏ ਬੈਕਟੀਰੀਆ ਦੂਜੇ ਵਿਅਕਤੀ ਦੇ ਪੈਰਾਂ ਤਕ ਜਦ ਪੁੱਜ ਜਾਂਦੇ ਹਨ ਤਾਂ ਦੂਜੇ ਵਿਅਕਤੀ ਦੇ ਪੈਰਾਂ ਨੂੰ ਉਹ ਹੀ ਬੀਮਾਰੀ ਲੱਗ ਜਾਂਦੀ ਹੈ ਜੋ ਪਹਿਲੇ ਵਿਅਕਤੀ ਦੇ ਪੈਰਾਂ ਨੂੰ ਲੱਗੀ ਹੋਵੇ। ਮੱਛੀਆਂ ਰਾਹੀਂ ਸੂਖਮ ਜੀਵ ਫੈਲ ਸਕਦੇ ਹਨ। ਇਸੇ ਤਰ੍ਹਾਂ ਇਸ ਅਮਰੀਕੀ ਔਰਤ ਨਾਲ ਵੀ ਹੋਇਆ ਹੋਵੇਗਾ।