ਜਹਾਜ਼ ''ਚ ਗੂੰਜੀ ਕਿਲਕਾਰੀ, ਲੋਕਾਂ ਨੇ ਪੁੱਛਿਆ— ਕੀ ਲਾਈਫ ਟਾਈਮ ਫ੍ਰੀ ਟਰੈਵਲ ਤੋਹਫਾ ਮਿਲੇਗਾ

12/12/2017 4:51:04 PM

ਇਸਲਾਮਾਬਾਦ(ਭਾਸ਼ਾ)— ਸਾਊਦੀ ਅਰਬ ਤੋਂ ਮੁਲਤਾਨ ਜਾ ਰਹੇ ਪਾਕਿਸਤਾਨ ਦੀ ਰਾਸ਼ਟਰੀ ਏਆਰ ਲਾਈਨ ਪੀ. ਆਈ. ਏ ਵਿਚ ਅੱਜ ਇਕ ਔਰਤ ਨੇ ਬੱਚੇ ਨੂੰ ਜਨਮ ਦਿੱਤਾ। ਔਰਤ ਦੀ ਡਿਲੀਵਰੀ ਵਿਚ ਪਾਕਿਸਤਾਨ ਇੰਟਰਨੈਸ਼ਨਲ ਏਅਰ ਲਾਈਨਜ਼ (ਪੀ. ਆਈ. ਏ.) ਦੇ ਜਹਾਜ਼ ਪੀਕੇ 716 ਦੇ ਕਰੂ ਮੈਂਬਰਾਂ ਨੇ ਮਦਦ ਕੀਤੀ।
ਏਅਰ ਲਾਈਨ ਨੇ ਇਕ ਤਸਵੀਰ ਟਵੀਟ ਕੀਤੀ ਹੈ, ਜਿਸ ਵਿਚ ਕਰੂ ਮੈਂਬਰਾਂ ਨੇ ਬੱਚੇ ਨੂੰ ਗੋਦ ਵਿਚ ਲਿਆ ਹੋਇਆ ਹੈ। ਪੀ. ਆਈ. ਏ ਨੇ ਟਵੀਟ ਕੀਤਾ, 'ਚਮਤਕਾਰ ਹਰ ਰੋਜ਼ ਹੁੰਦੇ ਹਨ ਅਤੇ ਅਜਿਹਾ ਹੀ ਮਦੀਨਾ ਤੋਂ ਮੁਲਤਾਨ ਜਾ ਰਹੇ ਪੀਕੇ 716 ਜਹਾਜ਼ ਵਿਚ ਹੋਇਆ। ਇਕ ਖੂਬਸੂਰਤ ਬੱਚੀ ਦਾ ਜਨਮ ਹੋਇਆ। ਮਾਤਾ-ਪਿਤਾ ਨੂੰ ਵਧਾਈ। ਸ਼ਾਨਦਾਰ ਐਮਰਜੈਂਸੀ ਪ੍ਰਕਿਰਿਆ ਲਈ ਸਾਡੇ ਕੈਬਿਨ ਕਰੂ ਨੂੰ ਵਧਾਈ।'
ਪੀ. ਆਈ. ਏ ਦੇ ਇਸ ਟਵੀਟ ਤੋਂ ਬਾਅਦ ਲੋਕਾਂ ਨੇ ਉਨ੍ਹਾਂ ਨੂੰ ਸਵਾਲ ਕਰਨਾ ਸ਼ੁਰੂ ਕਰ ਦਿੱਤਾ ਕਿ ਕੀ ਜਹਾਜ਼ ਵਿਚ ਜੰਮੀ ਬੱਚੀ ਨੂੰ ਲਾਈਫ ਟਾਈਮ ਫ੍ਰੀ ਟਰੈਵਲ ਦਾ ਤੋਹਫਾ ਮਿਲੇਗਾ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਵੱਖ-ਵੱਖ ਏਅਰ ਲਾਈਨਜ਼ ਦੇ ਜਹਾਜ਼ਾਂ ਵਿਚ ਬੱਚਿਆਂ ਦਾ ਜਨਮ ਹੋਇਆ। ਉਨ੍ਹਾਂ ਵਿਚੋਂ ਜ਼ਿਆਦਾਤਰ ਜਹਾਜ਼ ਕੰਪਨੀਆਂ ਨੇ ਫਲਾਈਟ ਵਿਚ ਜੰਮੇ ਬੱਚਿਆਂ ਨੂੰ ਆਪਣੇ ਜਹਾਜ਼ਾਂ ਵਿਚ ਲਾਈਫ ਟਾਈਮ ਫ੍ਰੀ ਟਰੈਵਲ ਦਾ ਤੋਹਫਾ ਦਿੱਤਾ ਹੈ।
ਔਰਤ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਹੈ। ਪਿਛਲੇ ਸਾਲ ਪੀ. ਆਈ. ਏ ਨੇ ਬਦਕਿਸਮਤੀ ਨੂੰ ਦੂਰ ਕਰਨ ਲਈ ਜਹਾਜ਼ ਨੇੜੇ ਇਕ ਭੇਡ ਦੀ ਬਲੀ ਦਿੱਤੀ ਸੀ, ਜਿਸ ਲਈ ਉਸ ਦਾ ਬਹੁਤ ਮਜ਼ਾਕ ਬਣਿਆ ਸੀ।