ਆਪਣੀਆਂ ਚਾਰ ਪੀੜੀਆਂ ਨਾਲ ਬੇਬੇ ਨੇ ਮਨਾਇਆ ਜਨਮ ਦਿਨ, ਇਹ ਕੰਮ ਕਰਕੇ ਜਵਾਨਾਂ ਨੂੰ ਵੀ ਛੱਡ ''ਤਾ ਪਿੱਛੇ

07/23/2017 2:23:03 PM

ਓਟਾਵਾ—  ਕੈਨੇਡਾ ਦੇ ਸ਼ਹਿਰ ਓਟਾਵਾ 'ਚ ਰਹਿਣ ਵਾਲੀ ਜਾਰਜੀਆ ਵੋਕੀ ਨਾਂ ਦੀ ਬੇਬੇ ਨੇ ਆਪਣੇ 80ਵੇਂ ਜਨਮ ਦਿਨ 'ਤੇ ਸੋਚਿਆ ਸੀ ਕਿ ਉਹ ਆਪਣਾ 85ਵਾਂ ਜਨਮ ਦਿਨ ਸੀ.ਐੱਨ ਟਾਵਰ 'ਤੇ ਮਨਾਵੇਗੀ। ਸ਼ਨੀਵਾਰ ਨੂੰ ਉਸ ਨੇ ਆਪਣਾ ਇਹ ਸੁਪਨਾ ਆਪਣੀਆਂ ਚਾਰ ਪੀੜੀਆਂ ਨਾਲ ਪੂਰਾ ਕੀਤਾ।

ਉਨ੍ਹਾਂ ਨੇ ਜ਼ਮੀਨ ਤੋਂ 356 ਮੀਟਰ ਉੱਚੇ ਟਾਵਰ 'ਤੇ ਚੜ੍ਹ ਕੇ ਹੇਠਾਂ ਦੇਖਿਆ, ਥੋੜੀ ਦੇਰ ਸੈਰ ਕੀਤੀ, ਗੀਤ ਗਾਏ ਅਤੇ ਪੂਰੀ ਮਸਤੀ ਕੀਤੀ। ਇਸ ਦੌਰਾਨ ਉਸ ਦੀ ਧੀ ਅਤੇ ਦੋਹਤੀ ਡਰੀਆਂ ਹੋਈਆਂ ਸਨ ਪਰ ਇਹ ਬੇਬੇ ਜ਼ਰਾ ਨਾ ਡਰੀ। ਇਸ ਬੇਬੇ ਦੀ ਧੀ ਨੇ ਕਿਹਾ ਕਿ ਉਸ ਨੂੰ ਡਰ ਲੱਗਦਾ ਸੀ ਪਰ ਉਸ ਦੀ ਮਾਂ ਬਹੁਤ ਬਹਾਦਰ ਹੈ ਤੇ ਉਹ ਜ਼ਰਾ ਵੀ ਨਹੀਂ ਡਰਦੀ ਅਤੇ ਸਾਨੂੰ ਵੀ ਹੱਲਾਸ਼ੇਰੀ ਦਿੰਦੀ ਰਹੀ।

ਪਰਿਵਾਰ ਅਤੇ ਉਸ ਦੇ ਦੋਸਤਾਂ ਨੇ ਉਸ ਦੇ ਇਸ ਕੰਮ 'ਚ ਸਾਥ ਵੀ ਦਿੱਤਾ ਅਤੇ ਸਭ ਇਸ ਬੇਬੇ ਦੇ ਹੌਂਸਲੇ ਨੂੰ ਸਲਾਮ ਕੀਤਾ। ਉਸ ਨੇ ਹੁਣ ਕਿਹਾ ਕਿ ਉਹ ਆਪਣਾ 90ਵਾਂ ਜਨਮਦਿਨ ਵੀ ਇੱਥੇ ਆ ਕੇ ਹੀ ਮਨਾਵੇਗੀ।