ਸਿਡਨੀ ''ਚ ਵਾਪਰਿਆ ਭਿਆਨਕ ਹਾਦਸਾ, ਤੜਫਦੀ ਔਰਤ ਨੂੰ ਸੜਕ ''ਤੇ ਛੱਡ ਕੇ ਫਰਾਰ ਹੋਏ ਸਾਥੀ (ਦੇਖੋ ਤਸਵੀਰਾਂ)

07/01/2017 12:54:06 PM

ਸਿਡਨੀ— ਪੱਛਮੀ ਸਿਡਨੀ 'ਚ ਸਵੇਰੇ ਇਕ ਸੜਕ ਹਾਦਸਾ ਵਾਪਰ ਗਿਆ, ਜਿਸ ਕਾਰਨ ਕਾਰ ਚਕਨਾਚੂਰ ਹੋ ਗਈ। ਐਮਰਜੈਂਸੀ ਸੇਵਾ ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ ਤਕਰੀਬਨ 6 ਵਜ ਕੇ 30 ਮਿੰਟ 'ਤੇ ਚੈਸਟਰ ਹਿੱਲ ਦੇ ਵਾਲਡਰੋਨ ਰੋਡ 'ਤੇ ਵਾਪਰਿਆ। ਪੁਲਸ ਨੇ ਦੱਸਿਆ ਕਿ ਕਾਰ ਇਕ ਬਿਜਲੀ ਦੇ ਖੰਭੇ ਨਾਲ ਟਕਰਾ ਗਈ, ਜਿਸ ਕਾਰਨ ਕਾਰ 'ਚ ਸਵਾਰ ਇਕ ਔਰਤ ਦੀ ਮੌਤ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਦਾ ਇਕ ਪਾਸੇ ਦਾ ਦਰਵਾਜ਼ਾ ਪੂਰੀ ਤਰ੍ਹਾਂ ਨਾਲ ਚਕਨਾਚੂਰ ਹੋ ਗਿਆ। ਪੁਲਸ ਅਧਿਕਾਰੀ ਮੁਤਾਬਕ ਔਰਤ ਕਾਰ ਦੀ ਪਿਛਲੀ ਸੀਟ 'ਤੇ ਖੱਬੇ ਪਾਸੇ ਬੈਠੀ ਸੀ, ਜਿਸ ਦਾ ਦਰਵਾਜ਼ਾ ਬੁਰੀ ਤਰ੍ਹਾਂ ਨਾਲ ਚਕਨਾਚੂਰ ਹੋ ਗਿਆ। ਪੁਲਸ ਮੁਤਾਬਕ ਔਰਤ ਦੀ ਉਮਰ 30 ਸਾਲ ਦੇ ਦਰਮਿਆਨ ਹੈ, ਕਾਰ 'ਚ 3 ਹੋਰ ਲੋਕ ਸਵਾਰ ਸਨ, ਜੋ ਕਿ ਹਾਦਸੇ ਤੋਂ ਬਾਅਦ ਔਰਤ ਦੀ ਲਾਸ਼ ਨੂੰ ਕਾਰ 'ਚੋਂ ਕੱਢ ਕੇ ਫੁੱਟਪਾਥ 'ਤੇ ਰੱਖ ਕੇ ਫਰਾਰ ਹੋ ਗਏ। ਪੁਲਸ ਉਨ੍ਹਾਂ ਦੀ ਭਾਲ ਕਰ ਰਹੀ ਹੈ। ਇਹ ਪੂਰੀ ਘਟਨਾ ਸੜਕ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ।
ਔਰਤ ਦੀ ਪਛਾਣ ਨਹੀਂ ਹੋ ਸਕੀ ਹੈ। ਪੁਲਸ ਇੰਸਪੈਕਟਰ ਫਿਲਿਪ ਬਰੂਕਸ ਦਾ ਕਹਿਣਾ ਹੈ ਕਿ ਪੁਲਸ ਦਾ ਮੰਨਣਾ ਹੈ ਕਿ ਕਾਰ ਦੀ ਰਫਤਾਰ ਬਹੁਤ ਤੇਜ਼ ਸੀ, ਜਿਸ ਕਾਰਨ ਇਹ ਹਾਦਸੇ ਦੀ ਸ਼ਿਕਾਰ ਹੋ ਗਈ। ਪੁਲਸ ਇੰਸਪੈਕਟਰ ਨੇ ਦੱਸਿਆ ਕਿ ਕਾਰ ਨੂੰ ਵੱਡੀ ਗਿਣਤੀ 'ਚ ਘਰਾਂ ਨੂੰ ਕਰਨ ਵਾਲੇ ਰੰਗਾਂ ਅਤੇ ਹੋਰ ਸਾਜ਼ੋ-ਸਾਮਾਨ ਨਾਲ ਲੱਦਿਆ ਗਿਆ ਸੀ। ਹਾਦਸੇ ਤੋਂ ਬਾਅਦ ਰੋਡ 'ਤੇ ਸਾਰਾ ਰੰਗ ਫੈਲ ਗਿਆ, ਜਿਸ ਤੋਂ ਪਤਾ ਲੱਗਦਾ ਹੈ ਕਿ ਸਾਰੇ ਲੋਕ ਪੇਂਟਿੰਗ ਵਪਾਰ 'ਚ ਸ਼ਾਮਲ ਸਨ। ਪੁਲਸ ਦਾ ਕਹਿਣਾ ਹੈ ਕਿ ਕਾਰ ਦੇ ਰਜਿਸਟਰਡ ਮਾਲਕ ਦੇ ਪਤੇ 'ਤੇ ਕੋਈ ਵੀ ਨਹੀਂ ਮਿਲਿਆ। ਪੁਲਸ ਵਲੋਂ ਇਸ ਘਟਨਾ ਦੀ ਜਾਂਚ ਜਾਰੀ ਹੈ।