ਕੈਨੇਡਾ ਅਤੇ ਅਮਰੀਕਾ ''ਚ ਬਰਫੀਲੇ ਤੂਫਾਨ ਨੇ ਜਨ-ਜੀਵਨ ਕੀਤਾ ਪ੍ਰਭਾਵਿਤ

01/20/2019 12:10:28 PM

ਓਂਟਾਰੀਓ/ ਨਿਊ ਜਰਸੀ, (ਏਜੰਸੀ)— ਕੈਨੇਡਾ ਅਤੇ ਅਮਰੀਕਾ 'ਚ ਬਰਫੀਲੇ ਤੂਫਾਨ ਨੇ ਦਸਤਕ ਦਿੱਤੀ ਹੈ ਅਤੇ ਇਸ ਕਾਰਨ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਬਰਫ ਨਾਲ ਭਰੀਆਂ ਸੜਕਾਂ ਕਾਰਨ ਸੜਕ ਹਾਦਸੇ ਵਾਪਰ ਰਹੇ ਹਨ ਅਤੇ ਲੋਕਾਂ ਨੂੰ ਵਾਹਨ ਧਿਆਨ ਨਾਲ ਚਲਾਉਣ ਦੀ ਸਲਾਹ ਦਿੱਤੀ ਗਈ ਹੈ। ਕੈਨੇਡਾ ਦੇ ਨਾਲ ਹੀ ਅਮਰੀਕਾ ਵੀ ਪ੍ਰਭਾਵਿਤ ਹੋਇਆ ਹੈ। ਸ਼ਿਕਾਗੋ 'ਚ 8 ਇੰਚ (20 ਸੈਂਟੀ ਮੀਟਰ) ਤਕ ਬਰਫ ਪੈਣ ਕਾਰਨ ਦੋ ਵੱਡੇ ਹਵਾਈ ਅੱਡੇ ਬੰਦ ਕੀਤੇ ਗਏ। ਅਧਿਕਾਰੀਆਂ ਮੁਤਾਬਕ ਹੁਣ ਤਕ 3, 000 ਫਲਾਈਟਾਂ ਰੱਦ ਕਰਨੀਆਂ ਪਈਆਂ ਹਨ। ਸਥਾਨਕ ਸਮੇਂ ਮੁਤਾਬਕ ਸੋਮਵਾਰ ਤਕ ਮੌਸਮ ਖਰਾਬ ਰਹਿਣ ਦੀ ਸੰਭਾਵਨਾ ਹੈ। ਨਿਊ ਜਰਸੀ ਅਤੇ ਪੈਨਸਿਲਵਾਨੀਆ ਦੇ ਗਵਰਨਰਾਂ ਨੇ ਤੂਫਾਨ ਨੂੰ ਦੇਖਦੇ ਹੋਏ ਐਮਰਜੈਂਸੀ ਦੀ ਚਿਤਾਵਨੀ ਦਿੱਤੀ ਹੈ।

ਅਮਰੀਕਾ ਦੇ ਉੱਤਰੀ-ਪੂਰਬੀ ਇਲਾਕੇ 'ਚ ਤੂਫਾਨ ਕਾਰਨ ਹਵਾਈ ਉਡਾਣਾਂ ਰੱਦ ਹੋ ਗਈਆਂ, ਜਿਸ ਕਾਰਨ ਯਾਤਰੀਆਂ ਨੂੰ ਭਾਰੀ ਨੁਕਸਾਨ ਹੋਇਆ ਹੈ ਅਤੇ ਪ੍ਰੇਸ਼ਾਨੀ ਸਹਿਣੀ ਪਈ। ਲੋਕਾਂ ਨੇ ਕਿਹਾ ਕਿ ਖਰਾਬ ਮੌਸਮ ਕਾਰਨ ਉਨ੍ਹਾਂ ਨੂੰ ਆਪਣੇ ਕਈ ਜ਼ਰੂਰੀ ਕੰਮ ਰੱਦ ਕਰਨੇ ਪਏ। ਬਰਫ ਦੀ ਚਾਦਰ 'ਚ ਢਕੇ ਮੱਧ ਅਮਰੀਕਾ ਦੇ ਲੋਕਾਂ ਨੂੰ ਵੀਕਐਂਡ 'ਤੇ ਵੀ ਘਰ ਹੀ ਰਹਿਣਾ ਪਵੇਗਾ ਕਿਉਂਕਿ ਟਰੇਨਾਂ ਵੀ ਰੱਦ ਹੋ ਗਈਆਂ ਹਨ ਅਤੇ ਸੜਕ ਆਵਾਜਾਈ ਸੁਰੱਖਿਅਤ ਨਹੀਂ ਹੈ। ਹਮਿਲਟਨ ਮਾਊਂਟੇਨ ਅਤੇ ਹਮਿਲਟਨ ਸ਼ਹਿਰ 'ਚ ਬਰਫੀਲੇ ਤੂਫਾਨ ਕਾਰਨ ਸ਼ਨੀਵਾਰ ਨੂੰ ਲੋਕਾਂ ਦਾ ਕੰਮ ਕਰਨਾ ਬਹੁਤ ਮੁਸ਼ਕਲ ਹੋ ਗਿਆ ਸੀ। ਓਂਟਾਰੀਓ ਦੇ ਉੱਤਰੀ ਅਤੇ ਦੱਖਣੀ ਇਲਾਕੇ 'ਚ ਖਰਾਬ ਮੌਸਮ ਕਾਰਨ ਲੋਕਾਂ ਨੂੰ ਵਧੇਰੇ ਧਿਆਨ ਰੱਖਣ ਲਈ ਅਲਰਟ ਕੀਤਾ ਗਿਆ ਹੈ।