ਵਿਕਟੋਰੀਆ ''ਚ ਭਾਰੀ ਮੀਂਹ ਦੇ ਨਾਲ ਪਏ ਗੜੇ, ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ

12/19/2017 3:35:55 PM

ਵਿਕਟੋਰੀਆ (ਏਜੰਸੀ)— ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ 'ਚ ਮੰਗਲਵਾਰ ਨੂੰ ਤੇਜ਼ ਤੂਫਾਨ, ਭਾਰੀ ਮੀਂਹ ਦੇ ਨਾਲ ਗੜੇ ਪਏ। ਮੌਸਮ 'ਚ ਆਏ ਇਸ ਬਦਲਾਅ ਕਾਰਨ ਜਿੱਥੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ, ਉੱਥੇ ਹੀ ਤੇਜ਼ ਤੂਫਾਨ ਕਾਰਨ ਇਮਾਰਤਾਂ ਨੂੰ ਨੁਕਸਾਨ ਪੁੱਜਾ ਅਤੇ ਬਿਜਲੀ ਠੱਪ ਹੋ ਗਈ। ਸੜਕਾਂ 'ਤੇ ਦਰੱਖਤ ਟੁੱਟ ਕੇ ਡਿੱਗ ਪਏ। ਮੌਸਮ ਵਿਭਾਗ ਵਲੋਂ ਵਿਕਟੋਰੀਆ ਅਤੇ ਮੈਲਬੌਰਨ 'ਚ ਤੂਫਾਨ, ਭਾਰੀ ਮੀਂਹ ਅਤੇ ਗੜੇ ਪੈਣ ਦੀ ਚਿਤਾਵਨੀ ਜਾਰੀ ਕੀਤੀ ਗਈ ਸੀ। 


ਭਾਰੀ ਮੀਂਹ ਕਾਰਨ ਮੈਲਬੌਰਨ ਅਤੇ ਵਿਕਟੋਰੀਆ ਦੇ ਮੌਸਮ ਵਿਚ ਬਦਲਾਅ ਆਇਆ ਹੈ। ਮੈਲਬੌਰਨ ਦਾ ਤਾਪਮਾਨ 12 ਡਿਗਰੀ ਹੇਠਾਂ ਡਿੱਗ ਗਿਆ। ਤਾਪਮਾਨ 'ਚ ਭਾਰੀ ਗਿਰਾਵਟ ਭਾਰੀ ਮੀਂਹ ਅਤੇ ਤੇਜ਼ ਤੂਫਾਨ ਕਾਰਨ ਆਈ। ਮੈਲਬੌਰਨ 'ਚ ਇਸ ਸਮੇਂ ਸ਼ਾਮ ਹੈ ਅਤੇ ਇਸ ਸਮੇਂ ਉੱਥੇ ਤਾਪਮਾਨ 18 ਡਿਗਰੀ ਸੈਲਸੀਅਸ ਹੈ। ਮੈਲਬੌਰਨ ਸ਼ਹਿਰ 'ਚ ਰਹਿੰਦੇ ਵਾਸੀਆਂ ਦਾ ਕਹਿਣਾ ਹੈ ਕਿ ਇੱਥੇ ਵੀ ਗੜੇ ਪਏ ਜੋ ਕਿ ਗੋਲਫ ਦੇ ਗੇਂਦ ਦੇ ਆਕਾਰ ਦੇ ਸਨ। ਭਾਰੀ ਮੀਂਹ ਪੈਣ ਕਾਰਨ ਸੜਕਾਂ ਪਾਣੀ-ਪਾਣੀ ਹੋ ਗਈਆਂ ਹਨ। ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਮੌਸਮ ਨੂੰ ਦੇਖਦੇ ਹੋਏ ਉਹ ਡਰਾਈਵਿੰਗ ਕਰਨ ਤੋਂ ਬਚੋ। ਜੇਕਰ ਕੋਈ ਡਰਾਈਵਿੰਗ ਕਰ ਵੀ ਰਿਹਾ ਹੈ ਤਾਂ ਸਾਵਧਾਨੀ ਨਾਲ ਕਰਨ ਅਤੇ ਹੌਲੀ-ਹੌਲੀ ਗੱਡੀ ਚਲਾਉਣ, ਕਿਉਂਕਿ ਮੀਂਹ ਪੈਣ ਕਾਰਨ ਪਾਣੀ ਭਰ ਗਿਆ ਹੈ।