ਰੂਹਾਨੀ ਤੇ ਟਰੰਪ ਦੀ ਨਹੀਂ ਹੋਵੇਗੀ ਮੁਲਾਕਾਤ : ਈਰਾਨ

09/16/2019 11:48:28 PM

ਤਹਿਰਾਨ - ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਦੀ ਸੰਯੁਕਤ ਰਾਸ਼ਟਰ ਮਹਾਸਭਾ ਦੀ ਬੈਠਕ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਦੀ ਕੋਈ ਯੋਜਨਾ ਨਹੀਂ ਹੈ। ਈਰਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅੱਬਾਸ ਮੌਸਵੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੋਹਾਂ ਨੇਤਾਵਾਂ ਦੀ ਮੁਲਾਕਾਤ ਨੂੰ ਲੈ ਕੇ ਪੱਤਰਕਾਰ ਸੰਮੇਲਨ 'ਚ ਪੁੱਛੇ ਗਏ ਸਵਾਲ 'ਤੇ ਆਖਿਆ ਕਿ ਮੈਂ ਇਸ ਦੀ ਪੁਸ਼ਟੀ ਨਹੀਂ ਕਰ ਸਕਦਾ।

ਬੁਲਾਰੇ ਮੁਤਾਬਕ ਰੂਹਾਨੀ ਦੇ ਏਜੰਡੇ 'ਚ ਨਿਊਯਾਰਕ 'ਚ ਟਰੰਪ ਨਾਲ ਇਸ ਤਰ੍ਹਾਂ ਮਿਲਣ ਦੀ ਕੋਈ ਯੋਜਨਾ ਸ਼ਾਮਲ ਨਹੀਂ ਹੈ। ਉਨ੍ਹਾਂ ਨੇ ਆਖਿਆ ਕਿ ਜੇਕਰ ਅਮਰੀਕਾ ਈਰਾਨ ਖਿਲਾਫ ਆਰਥਿਕ ਅੱਤਵਾਦ ਬੰਦ ਕਰ ਦਿੰਦਾ ਹੈ ਉਦੋਂ ਸਿਰਫ ਪੀ 5+1 ਸਮੂਹ ਦੇ ਤਹਿਤ ਅਮਰੀਕੀ ਪਾਬੰਦੀਆਂ ਦੇ ਨਾਲ ਬੈਠਕ ਸੰਭਵ ਹੈ। ਇਸ ਵਿਚਾਲੇ ਈਰਾਨ ਸਰਕਾਰ ਦੇ ਬੁਲਾਰੇ ਅਲੀ ਰਾਬੇਈ ਨੇ ਆਖਿਆ ਕਿ ਈਰਾਨ ਦੇ ਮੌਜੂਦਾ ਹਾਲਾਤ 'ਚ ਅਮਰੀਕਾ ਨਾਲ ਗੱਲਬਾਤ ਦਾ ਕੋਈ ਇਰਾਦਾ ਨਹੀਂ ਹੈ। ਰਾਬੇਈ ਨੇ ਪੱਤਰਕਾਰ ਸੰਮੇਲਨ ਦੌਰਾਨ ਆਖਿਆ ਕਿ ਸਾਨੂੰ ਈਰਾਨ ਵੱਲੋਂ ਗੱਲਬਾਤ ਦਾ ਕੋਈ ਸੰਕੇਤ ਨਹੀਂ ਮਿਲਿਆ ਹੈ। ਦੋਹਾਂ ਰਾਸ਼ਟਰਪਤੀਆਂ ਵਿਚਾਲੇ ਮੁਲਾਕਾਤ ਦੀ ਕੋਈ ਸੰਭਾਵਨਾ ਨਹੀਂ ਹੈ।

ਈਰਾਨੀ ਅਧਿਕਾਰੀ ਮੁਤਾਬਕ, ਈਰਾਨ ਖਿਲਾਫ ਅਮਰੀਕੀ ਪਾਬੰਦੀਆਂ ਨੂੰ ਹਟਾਏ ਜਾਣ ਤੋਂ ਬਾਅਦ ਹੀ ਰਚਨਾਤਮਕ ਕੂਟਨੀਤੀ ਦੀ ਸ਼ੁਰੂਆਤ ਹੋ ਸਕਦੀ ਹੈ। ਰਾਬੇਈ ਨੇ ਆਖਿਆ ਕਿ ਨਵੇਂ ਸਿਰੇ ਤੋਂ ਗੱਲਬਾਤ ਲਈ ਪਹਿਲਾਂ ਅਮਰੀਕਾ ਨੂੰ ਈਰਾਨ ਖਿਲਾਫ ਸਾਰੀਆਂ ਪਾਬੰਦੀਆਂ ਹਟਾਉਣੀਆਂ ਹੋਣਗੀਆਂ। ਉਨ੍ਹਾਂ ਆਖਿਆ ਕਿ ਈਰਾਨ ਆਪਣੇ ਗੁਆਂਢੀ ਦੇਸ਼ਾਂ ਦੇ ਨਾਲ ਸਬੰਧਾਂ ਨੂੰ ਵਧਾਉਣ ਲਈ ਕੰਮ ਕਰ ਰਿਹਾ ਹੈ ਅਤੇ ਖੇਤਰ 'ਚ ਸੁਰੱਖਿਆ ਦੀ ਕਮੀ ਕਿਸੇ ਦੇ ਵੀ ਹਿੱਤ 'ਚ ਨਹੀਂ ਹੈ। ਇਸ ਤੋਂ ਪਹਿਲਾਂ ਟਰੰਪ ਨੇ ਆਖਿਆ ਸੀ ਕਿ ਬਿਨਾਂ ਸ਼ਰਤ ਦੇ ਈਰਾਨ ਦੇ ਨਾਲ ਉਨ੍ਹਾਂ ਦੀ ਬੈਠਕ ਦੀ ਯੋਜਨਾ ਨਾਲ ਸਬੰਧਿਤ ਰਿਪੋਰਟਾਂ ਝੂਠੀਆਂ ਹਨ।

Khushdeep Jassi

This news is Content Editor Khushdeep Jassi