ਸਰਕਾਰ ਦੇ ''ਗੈਰ ਕਾਨੂੰਨੀ'' ਕਦਮ ਨੂੰ ਅਦਾਲਤ ''ਚ ਚੁਣੌਤੀ ਦੇਵਾਂਗੇ : ਹਾਫਿਜ਼

02/15/2018 10:58:02 AM

ਲਾਹੌਰ (ਭਾਸ਼ਾ)— ਪਾਕਿਸਤਾਨ ਸਰਕਾਰ ਵੱਲੋਂ ਹਾਫਿਜ਼ ਸਈਦ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਹਾਫਿਜ਼ ਵੱਲੋਂ ਚਲਾਏ ਜਾਣ ਵਾਲੇ ਮਦਰਸਿਆਂ ਅਤੇ ਸਿਹਤ ਸਹੂਲਤਾਂ ਵਿਰੁੱਧ ਸਰਕਾਰ ਵੱਲੋਂ ਕਾਰਵਾਈ ਕਰਨ ਮਗਰੋਂ ਉਸ ਦਾ ਕਹਿਣਾ ਹੈ ਕਿ ਉਹ ਸਰਕਾਰ ਦੀ ਇਸ ''ਗੈਰ ਕਾਨੂੰਨੀ'' ਕਾਰਵਾਈ ਨੂੰ ਅਦਾਲਤ ਵਿਚ ਚੁਣੌਤੀ ਦੇਵੇਗਾ। ਪਾਬੰਦੀਸ਼ੁਦਾ ਸਮੂਹਾਂ ਵਿਰੁੱਧ ਕਾਰਵਾਈ ਕਰਨ ਦੇ ਦਬਾਅ ਵਿਚ ਪਾਕਿਸਤਾਨ ਨੇ ਹਾਫਿਜ਼ ਨਾਲ ਜੁੜੇ ਜਮਾਤ-ਉਦ-ਦਾਅਵਾ ਅਤੇ ਫਲਹ-ਏ-ਇਨਸਾਨੀਅਤ ਫਾਊਂਡੇਸ਼ਨ ਵਲੋਂ ਚਲਾਏ ਜਾਣ ਵਾਲੇ ਇਕ ਮਦਰਸੇ ਅਤੇ 4 ਡਿਸਪੈਂਸਰੀਆਂ 'ਤੇ ਕੰਟਰੋਲ ਕਰ ਲਿਆ। ਸਰਕਾਰ ਦੀ ਕਾਰਵਾਈ ਮਗਰੋਂ ਹਾਫਿਜ਼ ਨੇ ਕਿਹਾ,''ਬਿਨਾ ਕਿਸੇ ਕਾਨੂੰਨੀ ਆਧਾਰ ਦੇ ਮੈਨੂੰ 10 ਮਹੀਨਿਆਂ ਤੱਕ ਹਿਰਾਸਤ ਵਿਚ ਰੱਖਣ ਮਗਰੋਂ, ਸਰਕਾਰ ਹੁਣ ਸਾਡੇ ਸਕੂਲਾਂ, ਡਿਸਪੈਂਸਰੀਆਂ, ਐਂਬੂਲੈਂਸ ਸੇਵਾਵਾਂ ਅਤੇ ਹੋਰ ਸੰਪੱਤੀਆਂ 'ਤੇ ਕੰਟਰੋਲ ਕਰਨ ਲਈ ਨੋਟੀਫਿਕੇਸ਼ਨ ਜਾਰੀ ਕਰ ਰਹੀ ਹੈ। ਇਸ ਨਾਲ ਪੰਜਾਬ, ਬਲੋਚਿਸਤਾਨ, ਸਿੰਧ, ਆਜ਼ਾਦ ਕਸ਼ਮੀਰ ਅਤੇ ਉੱਤਰੀ ਹਿੱਸਿਆਂ ਵਿਚ ਚੱਲਣ ਵਾਲੀਆਂ ਸਾਡੀਆਂ ਰਾਹਤ ਮੁਹਿੰਮਾਂ 'ਤੇ ਅਸਰ ਪਵੇਗਾ।'' ਇਕ ਸਮਾਚਾਰ ਏਜੰਸੀ ਨੂੰ ਮਿਲੀ ਗ੍ਰਹਿ ਮੰਤਰਾਲੇ ਦੀ ਨੋਟੀਫਿਕੇਸ਼ਨ ਦੀ ਕਾਪੀ ਮੁਤਾਬਕ,''ਸਾਲ 2018 ਦੀ ਨੋਟੀਫਿਕੇਸ਼ਨ ਸੰਖਿਆ-2 ਦੇ ਤਹਿਤ ਸੰਘੀ ਸਰਕਾਰ ਜਮਾਤ-ਉਦ-ਦਾਅਵਾ ਅਤੇ ਫਲਹ-ਏ-ਇਨਸਾਨੀਅਤ ਫਾਊਂਡੇਸ਼ਨ ਨਾਲ ਜੁੜੀਆਂ ਸੰਪੱਤੀਆਂ ਨੂੰ ਜ਼ਬਤ ਕਰਨ ਅਤੇ ਕੰਟਰੋਲ ਵਿਚ ਲੈਣ ਦੇ ਨਿਰਦੇਸ਼ ਦਿੰਦੀ ਹੈ।'' ਇਹ ਨੋਟੀਫਿਕੇਸ਼ਨ 10 ਫਰਵਰੀ ਨੂੰ ਜਾਰੀ ਕੀਤਾ ਗਿਆ ਹੈ। 
ਆਪਣੇ ਕਾਰਜਕਰਤਾਵਾਂ ਦੇ ਨਾਂ ਸੰਦੇਸ਼ ਵਿਚ ਹਾਫਿਜ਼ ਨੇ ਸਾਰਿਆਂ ਨੂੰ ਸ਼ਾਂਤੀ ਬਣਾਈ ਰੱਖਣ ਅਤੇ ਸਰਕਾਰ ਦੀਆਂ ਕਾਰਵਾਈਆਂ ਵਿਰੁੱਧ ਕੋਈ ਹਿੰਸਾ ਨਾ ਕਰਨ ਦੀ ਅਪੀਲ ਕੀਤੀ ਹੈ। ਹਾਫਿਜ਼ ਨੇ ਕਿਹਾ,''ਇਹ ਸਭ ਤੋਂ ਮੁਸ਼ਕਲ ਸਮਾਂ ਹੈ ਪਰ ਕਾਰਜਕਰਤਾ ਸ਼ਾਂਤੀ ਬਣਾਈ ਰੱਖਣ।'' ਜਮਾਤ-ਉਦ-ਦਾਅਵਾ ਦੇ ਮੁਖੀ ਦਾ ਕਹਿਣਾ ਹੈ,''ਪਾਕਿਸਤਾਨ ਸਰਕਾਰ ਅਮਰੀਕਾ ਅਤੇ ਭਾਰਤ ਨੂੰ ਖੁਸ਼ ਕਰਨ ਲਈ ਸਾਡੇ ਵਿਰੁੱਧ ਸਖਤ ਕਾਰਵਾਈ ਕਰ ਰਹੀ ਹੈ।'' ਹਾਫਿਜ਼ ਦਾ ਕਹਿਣਾ ਹੈ,''ਇਸ ਗੈਰ ਕਾਨੂੰਨੀ ਕਾਰਵਾਈ ਵਿਰੁੱਧ ਅਸੀਂ ਅਦਾਲਤ ਵਿਚ ਲੜਾਈ ਲੜਾਂਗੇ।''